ਚੰਡੀਗੜ੍ਹ : ਆਮ ਆਦਮੀ ਪਾਰਟੀ ਦੇ ਬਾਗੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਆਪਣੇ 2 ਹੋਰ ਸਾਥੀਆਂ ਸਮੇਤ ਅੱਜ ਕਾਂਗਰਸ ਪਾਰਟੀ 'ਚ ਸ਼ਾਮਲ ਹੋ ਗਏ। ਸੁਖਪਾਲ ਸਿੰਘ ਖਹਿਰਾ ਦਾ ਜਨਮ 13 ਜਨਵਰੀ, 1965 'ਚ ਹੋਇਆ ਸੀ। ਸੁਖਪਾਲ ਸਿੰਘ ਖਹਿਰਾ ਦਾ ਸਿਆਸੀ ਸਫ਼ਰ ਕਾਫੀ ਅਸਥਿਰ ਰਿਹਾ ਹੈ। ਸੁਖਪਾਲ ਖਹਿਰਾ ਦਾ ਸਿਆਸੀ ਕਰੀਅਰ 1994 ਤੋਂ ਸ਼ੁਰੂ ਹੋਇਆ ਤੇ ਪਹਿਲੀ ਵਾਰ ਕਪੂਰਥਲਾ ਜ਼ਿਲ੍ਹੇ ਦੇ ਪਿੰਡ ਰਾਮਗੜ੍ਹ ਤੋਂ ਉਹ ਪੰਚਾਇਤ ਮੈਂਬਰ ਚੁਣੇ ਗਏ। 1997 'ਚ ਖਹਿਰਾ ਨੇ ਯੂਥ ਕਾਂਗਰਸ ਜੁਆਇਨ ਕੀਤੀ ਤੇ ਪੰਜਾਬ ਯੂਥ ਕਾਂਗਰਸ ਦੇ ਉਪ ਮੁਖੀ ਚੁਣੇ ਗਏ। ਇਸ ਦੇ ਬਾਅਦ 1999 'ਚ ਉਨ੍ਹਾਂ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਕੱਤਰ ਦੇ ਰੂਪ 'ਚ ਜ਼ਿੰਮੇਵਾਰੀ ਦਿੱਤੀ ਗਈ। ਉਹ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਮੈਂਬਰ ਰਹੇ
ਇਹ ਵੀ ਪੜ੍ਹੋ : ਦਰਦ ਨਾਲ ਤੜਫਣ ਲੱਗੀ ਟਰੇਨ 'ਚ ਸਫ਼ਰ ਕਰ ਰਹੀ ਗਰਭਵਤੀ, ਪਲੇਟਫਾਰਮ 'ਤੇ ਦਿੱਤਾ ਬੱਚੇ ਨੂੰ ਜਨਮ
2007 ਤੋਂ 2012 ਤੱਕ ਰਹੇ ਭੁਲੱਥ ਤੋਂ ਵਿਧਾਇਕ
ਸੁਖਪਾਲ ਖਹਿਰਾ 2007 ਤੋਂ 2012 ਤੱਕ ਭੁਲੱਥ ਤੋਂ ਵਿਧਾਇਕ ਰਹੇ ਹਨ। ਸੁਖਪਾਲ ਖਹਿਰਾ ਨੇ ਭੁਲੱਥ ਵਿਧਾਨ ਸਭਾ ਹਲਕੇ ਤੋਂ ਬੀਬੀ ਜਗੀਰ ਕੌਰ ਨੂੰ ਹਰਾ ਕੇ ਸਭ ਨੂੰ ਹੈਰਾਨ ਕਰ ਦਿੱਤਾ ਸੀ। 25 ਦਸੰਬਰ, 2015 'ਚ ਉਨ੍ਹਾਂ ਨੇ ਕਾਂਗਰਸ ਤੋਂ ਅਸਤੀਫ਼ਾ ਦੇ ਦਿੱਤਾ ਸੀ। ਸੁਖਪਾਲ ਸਿੰਘ ਖਹਿਰਾ 2017 ਦੀਆਂ ਵਿਧਾਨ ਸਭਾ ਚੋਣਾਂ ’ਚ ਕਾਂਗਰਸ ਨੂੰ ਅਲਵਿਦਾ ਆਖ ਕੇ ‘ਆਪ’ ਦਾ ਪੱਲਾ ਫੜ੍ਹ ਕੇ ਇਸ ਹਲਕੇ ਤੋਂ ਮੁੜ ਵਿਧਾਇਕ ਬਣਨ ’ਚ ਕਾਮਯਾਬ ਹੋਏ ਸਨ। ਇਸ ਮਗਰੋਂ ਖਹਿਰਾ ਦੇ ‘ਆਪ’ ਹਾਈਕਮਾਨ ਨਾਲ ਵੀ ਸਿਆਸੀ ਸਬੰਧ ਵਧੀਆ ਨਾ ਰਹੇ, ਜਿਸ ਕਾਰਨ ਉਨ੍ਹਾਂ ਨੂੰ ਪਾਰਟੀ 'ਚੋਂ ਬਰਖ਼ਾਸਤ ਕਰ ਦਿੱਤਾ ਗਿਆ। ਅਪ੍ਰੈਲ, 2019 'ਚ ਸੁਖਪਾਲ ਸਿੰਘ ਖਹਿਰਾ ਨੇ ਪੰਜਾਬ ਵਿਧਾਨ ਸਭਾ ਦੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ ਸੀ ਪਰ ਅਕਤੂਬਰ, 2019 ਨੂੰ ਉਨ੍ਹਾਂ ਨੇ ਆਪਣਾ ਅਸਤੀਫ਼ਾ ਵਾਪਸ ਲੈਣ ਦਾ ਐਲਾਨ ਕਰ ਦਿੱਤਾ। ਸੁਖਪਾਲ ਖਹਿਰਾ ਨੇ ਕਿਹਾ ਸੀ ਕਿ ਪਾਰਟੀ ਨੇ ਉਨ੍ਹਾਂ ਨੂੰ ਗੈਰ ਸੰਵਿਧਾਨਿਕ ਤਰੀਕੇ ਨਾਲ ਬਾਹਰ ਕੱਢਿਆ ਸੀ।
ਇਹ ਵੀ ਪੜ੍ਹੋ : ਪੰਜਾਬ ਦੇ ਲੱਖਾਂ 'ਮੁਲਾਜ਼ਮਾਂ' ਦੀਆਂ ਟੁੱਟੀਆਂ ਆਸਾਂ, ਫਿਰ ਪੱਲੇ ਪਈ ਨਿਰਾਸ਼ਾ
'ਪੰਜਾਬ ਏਕਤਾ ਪਾਰਟੀ' ਦਾ ਕੀਤਾ ਗਠਨ
ਇਸ ਤੋਂ ਬਾਅਦ ਸੁਖਪਾਲ ਖਹਿਰਾ ਵੱਲੋਂ ਸਾਲ 2019 'ਚ ਆਪਣੀ ਪਾਰਟੀ 'ਪੰਜਾਬ ਏਕਤਾ ਪਾਰਟੀ' ਦਾ ਗਠਨ ਕੀਤਾ ਗਿਆ ਸੀ। ਦੁਆਬਾ ਛੱਡ ਕੇ ਮਾਲਵੇ ’ਚ ਜਾ ਕੇ ਆਪਣੀ ਧਾਕ ਜਮਾਉਣ ਦੇ ਏਵਜ਼ ’ਚ ਉਨ੍ਹਾਂ ਆਪਣੀ ਪਾਰਟੀ ਦੇ ਸਿੱਬਲ ’ਤੇ ਬਠਿੰਡਾ ਲੋਕ ਸਭਾ ਸੀਟ ’ਤੇ ਚੋਣ ਵੀ ਲੜੀ ਪਰ ਉਨ੍ਹਾਂ ਹੱਥ ਕਾਮਯਾਬੀ ਨਾ ਲੱਗੀ।
ਇਹ ਵੀ ਪੜ੍ਹੋ : ਅਹਿਮ ਖ਼ਬਰ : 'ਕੋਰੋਨਾ' ਦੇ ਇਲਾਜ ਲਈ ਸਿਹਤ ਮੰਤਰੀ ਨੇ ਸਿਵਲ ਸਰਜਨਾਂ ਨੂੰ ਦਿੱਤੇ ਸਖ਼ਤ ਹੁਕਮ
ਉਹ ਆਪਣੀ ਪਾਰਟੀ ਦਾ ਦਾਇਰ ਵਧਾਉਣ 'ਚ ਨਾਕਾਮ ਰਹੇ। ਇਸ ਤੋਂ ਬਾਅਦ ਸੁਖਪਾਲ ਖਹਿਰਾ ਵੱਲੋਂ ਅੰਦਰਖਾਤੇ ਕਾਂਗਰਸ ਪਾਰਟੀ 'ਚ ਸ਼ਾਮਲ ਹੋਣ ਦੀਆਂ ਕਿਆਸਰਾਈਆਂ ਲੱਗਣੀਆਂ ਸ਼ੁਰੂ ਹੋ ਗਈਆਂ ਅਤੇ ਅਖ਼ੀਰ 'ਚ ਸੁਖਪਾਲ ਖਹਿਰਾ ਨੇ ਆਮ ਆਦਮੀ ਪਾਰਟੀ ਦੇ ਬਾਗੀ ਵਿਧਾਇਕਾਂ ਸਮੇਤ ਅੱਜ ਕਾਂਗਰਸ ਦਾ ਹੱਥ ਫੜ੍ਹ ਹੀ ਲਿਆ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ
ਕਾਂਗਰਸ ’ਚ ਸ਼ਾਮਲ ਹੋਣ ਤੋਂ ਬਾਅਦ ਖਹਿਰਾ ਦਾ ਪਹਿਲਾ ਬਿਆਨ ਆਇਆ ਸਾਹਮਣੇ, ਜਾਣੋ ਕੀ ਬੋਲੇ
NEXT STORY