ਲੁਧਿਆਣਾ (ਬਿਊਰੋ) - ਪੰਜਾਬ 'ਚ ਹੜ੍ਹ ਆਏ ਨੂੰ ਜਿੱਥੇ ਇਕ ਹਫਤੇ ਦਾ ਸਮਾਂ ਹੋ ਗਿਆ ਹੈ, ਉਥੇ ਹੀ ਵੱਖ-ਵੱਖ ਸਿਆਸੀ ਆਗੂਆਂ ਵਲੋਂ ਇਸ ਆਫਤ ਦੀ ਮਾਰ ਹੇਠ ਆਏ ਵੱਖ-ਵੱਖ ਪਿੰਡਾਂ ਦਾ ਦੌਰਾ ਅਤੇ ਲੋਕਾਂ ਦੀ ਮਦਦ ਕੀਤੀ ਜਾ ਰਹੀ ਹੈ। ਇਸੇ ਤਰ੍ਹਾਂ ਲੁਧਿਆਣਾ ਦਾ ਬੁੱਢਾ ਨਾਲਾ ਪਾਣੀ ਭਰ ਜਾਣ ਕਾਰਨ ਪਿਛਲੇ ਇਕ ਹਫਤੇ ਤੋਂ ਓਵਰਫਲੋ ਹੈ ਅਤੇ ਸੀਵਰੇਜ ਬੈਕ ਮਾਰ ਰਹੇ ਹਨ। ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਪਾਣੀ ਲੋਕਾਂ ਦੇ ਘਰਾਂ ਅਤੇ ਦੁਕਾਨਾਂ 'ਚ ਦਾਖਲ ਹੋ ਗਿਆ ਹੈ, ਜਿਸ ਕਾਰਨ ਉਨ੍ਹਾਂ ਨੂੰ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਹੋ ਰਹੀਆਂ ਹਨ। ਹੜ੍ਹ ਕਾਰਨ ਪ੍ਰਭਾਵਿਤ ਹੋਏ ਲੁਧਿਆਣਾ ਦੇ ਸ਼ਿਵਪੁਰੀ ਇਲਾਕੇ 'ਚ ਪਹੁੰਚੇ ਸੁਖਪਾਲ ਸਿੰਘ ਖਹਿਰਾ ਨੇ ਇਲਾਕੇ ਦਾ ਜਾਇਜ਼ਾ ਲੈਂਦੇ ਹੋਏ ਅਕਾਲੀਆਂ ਅਤੇ ਕਾਂਗਰਸੀਆਂ ਦੀਆਂ ਸਰਕਾਰਾਂ 'ਤੇ ਵੱਡੇ-ਵੱਡੇ ਦੋਸ਼ ਲਾਏ ਹਨ। ਉਨ੍ਹਾਂ ਕਿਹਾ ਕਿ ਪੰਜਾਬ 'ਚ ਆਇਆ ਹੋਇਆ ਹੜ੍ਹ ਕੁਦਰਤੀ ਆਫਤ ਨਹੀਂ, ਇਹ 'ਮੈਨ ਮੇਡ' ਆਫਤ ਹੈ, ਕਿਉਂਕਿ ਇਹ ਬੀ.ਬੀ.ਐੱਮ.ਬੀ. ਦੀ ਨਾਲਾਇਕੀ ਕਾਰਨ ਆਇਆ ਹੈ, ਜਿਸ ਦਾ ਖਮਿਆਜ਼ਾ ਲੋਕਾਂ ਨੂੰ ਭੁਗਤਨਾ ਪੈ ਰਿਹਾ ਹੈ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਖਹਿਰਾ ਬੁੱਢੇ ਨਾਲੇ ਦੀ ਸਮੱਸਿਆ 'ਤੇ ਵੀ ਖੁੱਲ੍ਹ ਕੇ ਬੋਲਦੇ ਹੋਏ ਨਜ਼ਰ ਆਏ। ਉਨ੍ਹਾਂ ਕਿਹਾ ਕਿ ਕਾਂਗਰਸੀਆਂ ਅਤੇ ਅਕਾਲੀਆਂ ਦੀ ਸਰਕਾਰ ਅੱਜ ਤੱਕ ਬੁੱਢੇ ਨਾਲੇ ਦੀ ਸਮੱਸਿਆ ਨੂੰ ਹੱਲ ਨਹੀਂ ਕਰ ਸਕੀਆਂ, ਜਿਸ ਕਾਰਨ ਇਹ ਗੰਦਾ ਨਾਲਾ ਕਈ ਤਰ੍ਹਾਂ ਦੀਆਂ ਭਿਆਨਕ ਬੀਮਾਰੀਆਂ ਨੂੰ ਸੱਦਾ ਦੇ ਰਿਹਾ ਹੈ। ਇਸ ਦੌਰਾਨ ਉਨ੍ਹਾਂ ਨੇ ਮਾਈਨਿੰਗ ਮਾਫੀਆ ਦੇ ਚੱਲ ਰਹੇ ਨੰਗੇ ਨਾਚ ਨੂੰ ਬੰਦ ਕਰਨ ਦੀ ਅਪੀਲ ਵੀ ਕੀਤੀ ਹੈ।
15 ਸਾਲ ਪੁਰਾਣਾ ਪ੍ਰੋਜੈਕਟ ਨਹੀਂ ਹੋਇਆ ਪੂਰਾ ਤਾਂ ਦਿੱਲੀ ਪਹੁੰਚੇ ਸਿੱਧੂ
NEXT STORY