ਸੁਲਤਾਨਪੁਰ ਲੋਧੀ (ਧੀਰ) : ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਪੰਜਾਬ ਸਰਕਾਰ ਵਲੋਂ ਕਰਵਾਏ ਜਾ ਰਹੇ ਵਿਸ਼ਵ ਪੱਧਰੀ ਸਮਾਗਮ 'ਚ ਪੁੱਜ ਰਹੀਆਂ ਮਹਾਨ ਸ਼ਖਸੀਅਤਾਂ ਤੇ ਸੰਗਤਾਂ ਲਈ ਬਣਾਇਆ ਗਿਆ ਵਿਸ਼ਾਲ ਪੰਡਾਲ ਹਰੇਕ ਸੰਗਤ ਲਈ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ। ਪ੍ਰਕਾਸ਼ ਪੁਰਬ ਤੋਂ ਪਹਿਲਾਂ ਸੁਲਤਾਨਪੁਰ ਲੋਧੀ ਪਹੁੰਚ ਰਹੀਆਂ ਸੰਗਤਾਂ ਜਦੋਂ ਗੁਰਦੁਆਰਾ ਸ੍ਰੀ ਬੇਰ ਸਾਹਿਬ ਦੇ ਦਰਸ਼ਨ ਕਰ ਕੇ ਬਾਹਰ ਨਿਕਲਦੀਆਂ ਹਨ ਤਾਂ ਪਵਿੱਤਰ ਕਾਲੀ ਵੇਈਂ ਦੇ ਸਾਹਮਣੇ ਬਣੇ ਵਿਸ਼ਾਲ ਖੂਬਸੂਰਤ ਪੰਡਾਲ ਵੱਲ ਹਰੇਕ ਦੀ ਨਜ਼ਰ ਸੁਭਾਵਿਕ ਚਲੀ ਜਾਂਦੀ ਹੈ ਤੇ ਉਸ ਨੂੰ ਵੇਖਣ ਲਈ ਸੰਗਤ ਦੇ ਕਦਮ ਆਪਣੇ ਆਪ ਹੀ ਉਸ ਵੱਲ ਤੁਰ ਪੈਂਦੇ ਹਨ।
26 ਏਕੜ 'ਚ ਬਣਿਆ ਹੈ ਪੰਡਾਲ
ਇਹ ਵਿਸ਼ਾਲ ਪੰਡਾਲ 26 ਏਕੜ 'ਚ ਤਿਆਰ ਕੀਤਾ ਗਿਆ ਹੈ। ਜਰਮਨ ਹੈਗਰ ਤਕਨੀਕ ਨਾਲ ਫਾਇਰ ਤੇ ਵਾਟਰ ਪਰੂਫ ਟੈਂਟ ਨਾਲ ਇਹ ਬਣਿਆ ਆਲੀਸ਼ਾਨ ਪੰਡਾਲ ਆਪਣੇ ਅੰਦਰ ਹਰੇਕ ਸੁਵਿਧਾਵਾਂ ਨੂੰ ਸਮੇਟਿਆ ਹੋਇਆ ਹੈ, ਜਿਸ 'ਚ ਹਰੇਕ ਤਰ੍ਹਾਂ ਦੀ ਸੁਵਿਧਾ ਜਿਵੇਂ ਘਰ, ਗੱਠੜੀ ਘਰ, ਲੰਗਰ ਹਾਲ, ਟਾਇਲਟ, ਬਾਥਰੂਮ ਦੀ ਸੁਵਿਧਾ ਆਦਿ ਸੰਗਤਾਂ ਲਈ ਮੁਹੱਈਆ ਕਰਵਾਈਆਂ ਗਈਆਂ ਹਨ ਤਾਂਕਿ ਕਿਸੇ ਵੀ ਸੰਗਤ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੇਸ਼ਾਨੀ ਨਾ ਆਵੇ।
ਪੰਡਾਲ ਦੇ ਅੰਦਰ ਬਣਨਗੀਆਂ 3 ਸਟੇਜਾਂ
ਮੁੱਖ ਪੰਡਾਲ ਦੇ ਅੰਦਰ ਤਿੰਨ ਸਟੇਜਾਂ ਬਣਨਗੀਆਂ। ਮੱਧ (ਵਿਚਕਾਰ) ਵਾਲੀ ਸਟੇਜ ਦਾ ਆਕਾਰ 40 ਗੁਣਾ 40 ਹੋਵੇਗਾ, ਜਿਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਵੇਗਾ। ਸੱਜੇ ਤੇ ਖੱਬੇ ਪਾਸੇ ਦੋਵਾਂ ਸਟੇਜਾਂ ਦਾ ਸਾਈਜ਼ 40 ਗੁਣਾ 55 ਦਾ ਹੋਵੇਗਾ। ਸੱਜੇ ਪਾਸੇ ਬਣਾਈ ਗਈ ਸਟੇਜ 'ਤੇ ਸੰਤ ਸਮਾਜ ਬੈਠਣਗੇ ਤੇ ਖੱਬੇ ਪਾਸੇ ਬਣਾਈ ਹੋਈ ਸਟੇਜ 'ਤੇ ਪ੍ਰਧਾਨ ਮੰਤਰੀ, ਰਾਸ਼ਟਰਪਤੀ, ਮੁੱਖ ਮੰਤਰੀ ਤੇ ਹੋਰ ਸ਼ਖਸੀਅਤਾਂ ਬੈਠਣਗੀਆਂ। ਬਾਹਰਲੇ ਦੇਸ਼ਾਂ ਤੋਂ ਆਉਣ ਵਾਲੇ ਪ੍ਰਮੁੱਖ ਐਬਸਡਰਜ਼ ਵਾਸਤੇ ਇਕ ਵੱਖਰਾ ਬਲਾਕ ਹੋਵੇਗਾ ਤੇ ਪੰਡਾਲ ਦੇ ਅੰਦਰ ਤੇ ਬਾਹਰ ਐੱਲ. ਈ. ਡੀ. ਸਕਰੀਨਾਂ ਵੀ ਲਗਾਈਆਂ ਜਾਣਗੀਆਂ। .
ਬੈਠ ਸਕਣਗੇ 20 ਹਜ਼ਾਰ ਸ਼ਰਧਾਲੂ
ਮੁੱਖ ਪੰਡਾਲ 'ਚ ਸੰਗਤ ਵਾਸਤੇ ਬੈਠਣ ਲਈ ਪਲਾਈ ਲਗਾ ਕੇ ਸੁੰਦਰ ਕਾਰਪੈਟ ਵਿਛਾਇਆ ਜਾਵੇਗਾ, ਜਿਸ 'ਤੇ ਸਫੈਦ ਗੱਦੇ ਤੇ ਚਾਦਰਾਂ ਵਿਛਾਈਆਂ ਜਾਣਗੀਆਂ। ਸੰਗਤਾਂ ਵਾਸਤੇ ਮੱਥਾ ਟੇਕਣ ਲਈ 16 ਫੁੱਟ ਦੀ ਖਾਲੀ ਜਗ੍ਹਾ ਦਰਮਿਆਨ 'ਚ ਛੱਡੀ ਗਈ ਹੈ। ਸੰਗਤਾਂ ਮੱਥਾ ਟੇਕ ਕੇ ਆਰਾਮ ਨਾਲ ਬੈਠ ਕੇ ਸੰਤਾਂ ਮਹਾਪੁਰਸ਼ਾਂ ਦੇ ਵਿਚਾਰ ਤੇ ਗੁਰਬਾਣੀ ਵੀ ਸਰਵਨ ਕਰ ਸਕਣਗੀਆਂ।
ਪੰਡਾਲ ਦੇ ਅੰਦਰ ਸਥਾਪਤ ਹੋਵੇਗਾ 'ਪੁਲਸ ਕੰਟਰੋਲ ਰੂਮ'
ਮੁੱਖ ਸਮਾਗਮ ਲਈ ਵੱਖ-ਵੱਖ ਥਾਵਾਂ 'ਤੇ ਲਾਏ ਗਏ ਸੀ. ਸੀ. ਟੀ. ਵੀ. ਕੈਮਰਿਆਂ ਲਈ ਪੰਡਾਲ ਦੇ ਅੰਦਰ ਹੀ ਆਈ. ਸੀ. ਸੀ. ਸੀ. (ਕੰਟਰੋਲ ਰੂਮ) ਸਥਾਪਿਤ ਹੋਵੇਗਾ, ਜਿਥੋਂ ਹਰੇਕ ਗਤੀਵਿਧੀ ਦੀ ਪੂਰੀ ਬਰੀਕੀ ਨਾਲ ਨਜ਼ਰ ਰੱਖੀ ਜਾਵੇਗੀ ਤਾਂਕਿ ਕੋਈ ਵੀ ਸ਼ਰਾਰਤੀ ਤੱਤ ਸਮਾਗਮ 'ਚ ਕੋਈ ਗੜਬੜ ਨਾ ਕਰ ਸਕੇ। ਇਸ ਤੋਂ ਇਲਾਵਾ ਪੰਡਾਲ ਦੀ ਸੁਰੱਖਿਆ ਲਈ ਵੱਡੀ ਗਿਣਤੀ 'ਚ ਪੁਲਸ ਮੁਲਾਜ਼ਮ ਤਾਇਨਾਤ ਹੋਣਗੇ, ਜਿਨ੍ਹਾਂ ਦੀ ਪੈਨੀ ਅੱਖ ਹਰ ਇਕ 'ਤੇ ਹੋਵੇਗੀ।
ਹਰੇਕ ਦੀ ਸੁਵਿਧਾ ਲਈ ਬਣਾਏ ਵੱਖ-ਵੱਖ ਲਾਂਜ
ਪੰਡਾਲ 'ਚ ਹਰੇਕ ਦੀ ਸੁਵਿਧਾ ਲਈ ਵੱਖ-ਵੱਖ ਲਾਂਜ ਬਣਾਏ ਗਏ ਹਨ। ਮੀਡੀਆ ਲਈ ਵੀ ਇਕ ਵੱਖਰਾ ਲਾਂਜ ਹੋਵੇਗਾ। ਪ੍ਰਧਾਨ ਮੰਤਰੀ ਮੁੱਖ ਮੰਤਰੀ ਤੇ ਹੋਰ ਸਾਰੇ ਉੱਚ ਅਧਿਕਾਰੀਆਂ ਦੇ ਵੀ ਵੱਖਰੇ ਲਾਂਜ ਬਣਾਏ ਹੋਏ ਹਨ। ਇਸ ਦੇ ਅੰਦਰ ਹੀ ਇਕ ਮੀਟਿੰਗ ਹਾਲ ਵੀ ਬਣਾਇਆ ਗਿਆ ਹੈ। ਮੀਡੀਆ ਵਾਸਤੇ ਬਣਾਏ ਬਲਾਕ 'ਚ ਕੈਮਰਿਆਂ ਲਈ ਵੱਖਰੀ ਸਪੇਸ ਹੋਵੇਗੀ ਤੇ ਇਸ ਤੋਂ ਇਲਾਵਾ 500 ਦੇ ਕਰੀਬ ਪੱਤਰਕਾਰਾਂ ਲਈ ਬੈਠਣ ਵਾਸਤੇ ਅਲੱਗ ਬਲਾਕ ਹੋਵੇਗਾ।
ਸੰਗਤਾਂ ਲਈ ਪੀਣ ਵਾਲੇ ਪਾਣੀ ਦੇ ਬਣਾਏ ਵੱਖਰੇ ਕਾਊਂਟਰ
ਸੰਗਤਾਂ ਲਈ ਪੀਣ ਵਾਲੇ ਪਾਣੀ ਦੇ ਵੱਖਰੇ ਕਾਊਂਟਰ ਬਣਾਏ ਗਏ ਹਨ, ਜਿਥੇ ਵੱਡੀ ਗਿਣਤੀ 'ਚ ਸੰਗਤਾਂ ਪਾਣੀ ਪੀ ਸਕਣਗੀਆਂ। ਇਸ ਤੋਂ ਇਲਾਵਾ ਪੰਡਾਲ ਦੇ ਬਾਹਰ ਹਰ ਸਮੇਂ ਤਿੰਨ ਫਾਇਰ ਬ੍ਰਿਗੇਡ ਵੀ ਖੜ੍ਹੀਆਂ ਹੋਣਗੀਆਂ, ਜੋ ਕਿਸੇ ਵੀ ਸਥਿਤੀ ਤੋਂ ਨਿਪਟਣ ਲਈ ਤਿਆਰ-ਬਰ-ਤਿਆਰ ਰਹਿਣਗੀਆਂ।
ਪੰਡਾਲ 'ਚ ਪੂਰਨ ਧਾਰਮਿਕ ਮਰਿਯਾਦਾ ਦਾ ਪਾਲਣ ਹੋਵੇਗਾ : ਚੀਮਾ
ਇਸ ਸਬੰਧੀ ਹਲਕਾ ਵਿਧਾਇਕ ਨਵਤੇਜ ਸਿੰਘ ਚੀਮਾ ਨੇ ਕਿਹਾ ਕਿ ਇਹ ਸਾਡਾ ਸੁਭਾਗ ਹੈ ਕਿ ਸਾਨੂੰ 550 ਸਾਲਾ ਗੁਰਪੁਰਬ ਦੇਖਣ ਦਾ ਮੌਕਾ ਮਿਲਿਆ ਹੈ। ਉਨ੍ਹਾਂ ਕਿਹਾ ਕਿ ਪੰਡਾਲ ਬਹੁਤ ਹੀ ਖੂਬਸੂਰਤ ਬਣਾਇਆ ਜਾ ਰਿਹਾ ਹੈ, ਜਿਸ 'ਚ ਪੂਰੀ ਤਰ੍ਹਾਂ ਨਾਲ ਧਾਰਮਿਕ ਮਰਿਯਾਦਾ ਦਾ ਪਾਲਣ ਹੋਵੇਗਾ।
ਯਾਤਰੀ ਟਰਮੀਨਲ 'ਚ ਲੱਗਣਗੇ ਸਿੱਖ ਯੋਧਿਆਂ ਦੇ ਬੁੱਤ
NEXT STORY