ਅੰਮ੍ਰਿਤਸਰ, (ਲਖਬੀਰ)- ਪੰਜਾਬ ਸਰਕਾਰ ਦੇ ਸਥਾਨਕ ਸਿੰਚਾਈ ਵਿਭਾਗ ਦੀ ਨਹਿਰੀ ਕਾਲੋਨੀ 'ਚ ਬਣੀਆਂ ਕੋਠੀਆਂ ਅਤੇ ਫਲੈਟ ਅਧਿਕਾਰੀਆਂ ਦੀ ਲਾਪ੍ਰਵਾਹੀ ਦਾ ਸ਼ਿਕਾਰ ਹੋ ਕੇ ਖੰਡਰ ਦਾ ਰੂਪ ਧਾਰ ਰਹੇ ਹਨ। ਬਹੁਤ ਸਾਰੇ ਰਿਹਾਇਸ਼ੀ ਮਕਾਨਾਂ 'ਚ ਤਾਂ ਗਾਵਾਂ, ਮੱਝਾਂ, ਸੂਰ, ਕੁੱਤੇ ਤੇ ਆਵਾਰਾ ਪਸ਼ੂ ਇਸ ਤਰ੍ਹਾਂ ਘੁੰਮਦੇ ਹਨ ਜਿਵੇਂ ਇਥੇ ਹੱਡਾਰੋੜੀ ਹੋਵੇ। ਇਨ੍ਹਾਂ ਆਵਾਰਾ ਪਸ਼ੂਆਂ ਕਾਰਨ ਇਥੇ ਰਹਿਣ ਵਾਲੇ ਲੋਕਾਂ ਦਾ ਜਿਊਣਾ ਮੁਹਾਲ ਹੋਇਆ ਪਿਆ ਹੈ ਕਿਉਂਕਿ ਇਹ ਆਵਾਰਾ ਪਸ਼ੂ ਕਾਲੋਨੀ 'ਚ ਥਾਂ-ਥਾਂ ਗੰਦ ਫੈਲਾ ਰਹੇ ਹਨ। ਇਥੇ ਫਿਰਦੇ ਆਵਾਰਾ ਕੁੱਤਿਆਂ ਤੋਂ ਵੱਢਣ ਦਾ ਡਰ ਵੀ ਬਣਿਆ ਰਹਿੰਦਾ ਹੈ, ਜੋ ਕਿਸੇ ਲਈ ਜਾਨਲੇਵਾ ਵੀ ਸਾਬਿਤ ਹੋ ਸਕਦੇ ਹਨ। ਇਹ ਰਿਹਾਇਸ਼ੀ ਇਲਾਕਾ ਨਸ਼ੇੜੀਆਂ ਲਈ ਵਰਦਾਨ ਸਾਬਿਤ ਹੋ ਰਿਹਾ ਹੈ ਤੇ ਮਹਿਕਮਾ ਅੱਖਾਂ ਬੰਦ ਕਰੀ ਬੈਠਾ ਹੈ। ਨਹਿਰੀ ਕਾਲੋਨੀ ਦੇ ਵੱਖ-ਵੱਖ ਬਲਾਕਾਂ 'ਚ ਆਲੀਸ਼ਾਨ ਕੋਠੀਆਂ ਅਤੇ ਫਲੈਟ ਹਨ, ਜਿਨ੍ਹਾਂ 'ਚ ਪ੍ਰਭਾਵਿਤ ਮਕਾਨਾਂ ਦੀ ਗਿਣਤੀ 150 ਦੇ ਕਰੀਬ ਹੈ ਤੇ ਇਨ੍ਹਾਂ ਦੀਆਂ ਛੱਤਾਂ ਚੋਂਦੀਆਂ, ਕਈਆਂ ਦੀਆਂ ਤਾਂ ਛੱਤਾਂ ਡਿੱਗੀਆਂ ਅਤੇ ਕੰਧਾਂ ਢੱਠੀਆਂ ਹੋਈਆਂ ਹਨ। ਚਾਰਦੀਵਾਰੀ ਕੋਈ ਨਹੀਂ। ਕਈ ਮਕਾਨਾਂ ਦੀਆਂ ਤਾਂ ਲੋਕ ਛੱਤਾਂ ਹੀ ਉਧੇੜ ਕੇ ਬਾਲੇ, ਬੂਹੇ, ਬਾਰੀਆਂ, ਇੱਟਾਂ, ਗਾਰਡਰ ਆਦਿ ਤੱਕ ਲੈ ਗਏ ਹਨ। ਇਥੇ ਕੁਝ ਸਮਾਂ ਪਹਿਲਾਂ ਨਹਿਰੀ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਦੀ ਰਿਹਾਇਸ਼ ਸੀ, ਜੋ ਕਰੀਬ ਅੱਧੇ ਕਿੱਲੇ 'ਚ ਬਣੀ ਸੀ, ਜੋ ਅੱਜਕਲ ਭੂਤ ਬੰਗਲਾ ਬਣੀ ਪਈ ਹੈ।
ਦਰਜਾ-4 ਮੁਲਾਜ਼ਮਾਂ ਲਈ ਬਣੇ ਫਲੈਟਾਂ ਨੂੰ ਅਜੇ ਕਰੀਬ 7-8 ਸਾਲ ਹੀ ਹੋਏ ਹਨ ਪਰ ਉਨ੍ਹਾਂ ਦੀ ਮਾੜੀ ਹਾਲਤ ਤੋਂ ਲੱਗਦਾ ਹੈ ਕਿ ਇਹ 50 ਸਾਲ ਪੁਰਾਣੇ ਬਣੇ ਹਨ। ਜੇ ਇਹ ਘਟੀਆ ਇਮਾਰਤ ਬਣਾਉਣ ਲਈ ਠੇਕੇਦਾਰ ਜ਼ਿੰਮੇਵਾਰ ਹੈ ਤਾਂ ਜਿਨ੍ਹਾਂ ਅਧਿਕਾਰੀਆਂ ਜਾਂ ਮੁਲਾਜ਼ਮਾਂ ਦੀ ਨਿਗਰਾਨੀ ਹੇਠ ਇਹ ਇਮਾਰਤ ਬਣੀ ਹੈ, ਉਹ ਵੀ ਬਰਾਬਰ ਦੇ ਜ਼ਿੰਮੇਵਾਰ ਹਨ। ਇੰਝ ਲੱਗਦਾ ਹੈ ਕਿ ਸਾਰਾ ਘਾਲਾ-ਮਾਲ਼ਾ ਠੇਕੇਦਾਰ ਅਤੇ ਮਹਿਕਮੇ ਦੀ ਮਿਲੀਭੁਗਤ ਨਾਲ ਹੀ ਹੋਇਆ ਹੈ। ਜਿਨ੍ਹਾਂ ਦੇ ਨਾਂ 'ਤੇ ਇਥੇ ਸਰਕਾਰੀ ਮਕਾਨ ਅਲਾਟ ਹੋਏ ਹਨ, ਉਨ੍ਹਾਂ 'ਚੋਂ ਬਹੁਤੇ ਤਾਂ ਇਥੇ ਰਹਿੰਦੇ ਹੀ ਨਹੀਂ। ਉਨ੍ਹਾਂ ਅੱਗੋਂ ਆਪਣੀ ਮਰਜ਼ੀ ਨਾਲ ਹੀ ਨਿੱਜੀ ਕਿਰਾਏਦਾਰ ਰੱਖੇ ਹਨ, ਜਦ ਕਿ ਸਰਕਾਰੀ ਕਾਲੋਨੀ 'ਚ ਗੈਰ-ਸਰਕਾਰੀ, ਬਾਹਰਲੇ ਬੰਦਿਆਂ ਦੀ ਰਿਹਾਇਸ਼ ਵੀ ਗੈਰ-ਕਾਨੂੰਨੀ ਹੈ। ਸਰਕਾਰੀ ਕਾਲੋਨੀ 'ਚ ਗੈਰ-ਸਰਕਾਰੀ ਲੋਕਾਂ ਦੀ ਰਿਹਾਇਸ਼ ਮਹਿਕਮੇ ਅਤੇ ਮਹਿਕਮੇ ਦੇ ਈਮਾਨਦਾਰ ਅਧਿਕਾਰੀਆਂ ਦੀ ਸੁਰੱਖਿਆ ਲਈ ਵੀ ਖਤਰਾ ਹੈ ਕਿਉਂਕਿ ਇਨ੍ਹਾਂ ਨਾਜਾਇਜ਼ ਕਿਰਾਏਦਾਰਾਂ ਦੇ ਇਥੇ ਰਹਿਣ ਦਾ ਸਬੰਧਤ ਥਾਣੇ 'ਚ ਕੋਈ ਸ਼ਨਾਖਤੀ ਸਬੂਤ ਨਹੀਂ ਹੈ। ਇਸ ਕਾਲੋਨੀ 'ਚ ਆਮ ਲੋਕ ਜੂਆ ਖੇਡਦੇ ਦੇਖੇ ਜਾ ਸਕਦੇ ਹਨ ਤੇ ਸਰਕਾਰੀ ਥਾਂ ਦੀ ਕਈ ਗੈਰ-ਕਾਨੂੰਨੀ ਕੰਮਾਂ ਲਈ ਵਰਤੋਂ ਕਰਦੇ ਹਨ।
ਇਸ ਸਬੰਧੀ ਜਦੋਂ ਮਜੀਠਾ ਮੰਡਲ ਦੇ ਐਕਸੀਅਨ ਭੁਪਿੰਦਰ ਕਾਲੀਆ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਹ ਐੱਸ. ਡੀ. ਓ. ਲੈਵਲ ਦਾ ਕੰਮ ਹੈ, ਉਹ ਮੈਨੂੰ ਰਿਪੋਰਟ ਬਣਾ ਕੇ ਭੇਜਣ ਤਾਂ ਮੈਂ ਕਾਰਵਾਈ ਕਰਾਂਗਾ। ਮੈਨੂੰ ਇਸ ਮਾਮਲੇ ਬਾਰੇ ਕੋਈ ਜਾਣਕਾਰੀ ਨਹੀਂ ਹੈ। ਇਸ ਬਾਰੇ ਨਿਗਰਾਨ ਇੰਜੀਨੀਅਰ ਵਰਿੰਦਰ ਕੁਮਾਰ ਵੀ ਕੋਈ ਢੁੱਕਵਾਂ ਜਵਾਬ ਨਹੀਂ ਦੇ ਸਕੇ। ਉਨ੍ਹਾਂ ਸਿਰਫ 10-15 ਸਾਲਾਂ ਤੋਂ ਕੋਈ ਗ੍ਰਾਂਟ ਨਾ ਆਉਣ ਦੀ ਗੱਲ ਆਖੀ। ਜ਼ਿਕਰਯੋਗ ਹੈ ਕਿ ਜੇਕਰ ਇਸ ਰਿਹਾਇਸ਼ੀ ਨਹਿਰੀ ਕਾਲੋਨੀ ਦੀ ਸਾਂਭ-ਸੰਭਾਲ ਸਬੰਧੀ ਨਿਰਪੱਖ ਜਾਂਚ ਹੋਵੇ ਤਾਂ ਕਈ ਅਹਿਮ ਤੱਥ ਸਾਹਮਣੇ ਆ ਸਕਦੇ ਹਨ।
ਤੇਜ਼ਾਬ ਪੀ ਕੇ ਮੁਟਿਆਰ ਵੱਲੋਂ ਜਾਨ ਦੇਣ ਦੀ ਕੋਸ਼ਿਸ਼
NEXT STORY