ਬਠਿੰਡਾ (ਸੁਖਵਿੰਦਰ)-ਮੰਗਾਂ ਨੂੰ ਲੈ ਕਿ ਵਿੱਤ ਮੰਤਰੀ ਦਫ਼ਤਰ ਸਾਹਮਣੇ ਪੱਕੇ ਮੋਰਚੇ 'ਤੇ ਬੈਠੇ ਆਂਗਣਵਾੜੀ ਵਰਕਰਾਂ ਵੱਲੋਂ ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੀ ਅਗਵਾਈ ਹੇਠ ਹਨੂੰਮਾਨ ਚੌਕ ਵਿਖੇ ਸਰਕਾਰ ਅਤੇ ਵਿੱਤ ਮੰਤਰੀ ਦਾ ਪੁਤਲਾ ਸਾੜ ਕੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਸੰਬੋਧਨ ਕਰਦਿਆ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਨੇ ਕਿਹਾ ਕਿ ਮੰਗਾਂ ਨੂੰ ਲੈ ਕੇ 18 ਮਾਰਚ ਨੂੰ ਮੁਲਾਜ਼ਮਾਂ ਵੱਲੋਂ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਦੀ ਕੋਠੀ ਦਾ ਘਿਰਾਓ ਕੀਤਾ ਜਾਵੇਗਾ। ਇਸ ਤੋਂ ਇਲਾਵਾ 26 ਮਾਰਚ ਨੂੰ ਚੰਡੀਗੜ੍ਹ ਵਿਖੇ ਪੰਜਾਬ ਵਿਧਾਨ ਸਭਾ ਦਾ ਘਿਰਾਓ ਕੀਤਾ ਜਾਵੇਗਾ। ਇਸ ਮੌਕੇ ਪੰਜਾਬ ਭਰ 'ਚੋਂ ਹਜ਼ਾਰਾਂ ਦੀ ਗਿਣਤੀ ਵਿਚ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਸ਼ਮੂਲੀਅਤ ਕਰਨਗੀਆਂ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਜਲਦੀ ਹੀ ਉਨ੍ਹਾਂ ਦੀਆਂ ਮੰਗਾਂ ਨੂੰ ਪੂਰਾ ਨਾ ਕੀਤਾ ਗਿਆ ਤਾਂ ਆਂਗਣਵਾੜੀ ਵਰਕਰਾਂ ਵੱਲੋਂ 'ਜੇਲ ਭਰੋ ਅੰਦੋਲਨ' ਵੀ ਸ਼ੁਰੂ ਕੀਤਾ ਜਾਵੇਗਾ ਜਿੱਥੇ ਹਜ਼ਾਰਾਂ ਦੀ ਗਿਣਤੀ ਵਿਚ ਆਂਗਣਵਾੜੀ ਵਰਕਰਾਂ ਗ੍ਰਿਫ਼ਤਾਰੀਆਂ ਦੇਣਗੀਆਂ।
ਉਨ੍ਹਾਂ ਦੋਸ਼ ਲਾਇਆ ਕਿ ਉਹ ਪਿਛਲੇ 43 ਦਿਨਾਂ ਤੋਂ ਸੰਘਰਸ਼ ਕਰ ਰਹੀਆਂ ਹਨ ਪ੍ਰੰਤੂ ਸਰਕਾਰ ਵੱਲੋਂ ਉਨ੍ਹਾਂ ਦੀਆਂ ਮੰਗਾਂ ਨੂੰ ਅਣਗੌਲਿਆਂ ਕੀਤਾ ਜਾ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਆਂਗਣਵਾੜੀ ਸੈਂਟਰਾਂ ਦੇ ਬਕਾਇਆ ਕਿਰਾਏ ਨੂੰ ਜਾਰੀ ਕੀਤਾ ਜਾਵੇ, 2-6 ਸਾਲ ਦੇ ਬੱਚਿਆਂ ਨੂੰ ਮੁੜ ਸੈਂਟਰਾਂ ਵਿਚ ਭੇਜਿਆ ਜਾਵੇ, ਰਾਸ਼ਨ ਦੀ ਸਪਲਾਈ ਨਿਰਵਿਘਨ ਦਿੱਤੀ ਜਾਵੇ, ਮੁਲਾਜ਼ਮਾਂ ਅਤੇ ਹੈਲਪਰਾਂ ਨੂੰ ਦਿੱਲੀ ਪੈਟਰਨ 'ਤੇ ਮਾਣਭੱਤਾ ਦਿੱਤਾ ਜਾਵੇ। ਇਸ ਤੋਂ ਇਲਾਵਾ ਆਗੂਆਂ ਵੱਲੋਂ ਮੁੱਖ ਮੰਤਰੀ ਦੇ ਨਾਂ ਤਹਿਸੀਲਦਾਰ ਨੂੰ ਮੰਗ-ਪੱਤਰ ਦਿੱਤਾ ਗਿਆ। ਇਸ ਮੌਕੇ ਜਸਵੰਤ ਕੌਰ ਭਿੱਖੀ, ਵੀਰਪਾਲ ਕੌਰ ਬੁਢਲਾਡਾ, ਮਨਪ੍ਰੀਤ ਕੌਰ, ਕਰਮਜੀਤ ਕੌਰ, ਗੁਰਪਿਆਰ ਕੌਰ ਬੀਰ ਖੁਰਦ, ਨਸੀਬ ਕੌਰ, ਕੁਲਵਿੰਦਰ ਕੌਰ, ਬੁੱਧ ਕੌਰ, ਗੁਰਚਰਨ ਕੌਰ ਬਠਿੰਡਾ, ਮਨਪ੍ਰੀਤ ਕੌਰ, ਅਮਨਦੀਪ ਕੌਰ ਤੇ ਸ਼ਸ਼ੀ ਬਾਲਾ ਆਦਿ ਮੌਜੂਦ ਸਨ।
ਮੇਲ ਵਾਲੀ ਰਾਤ ਲਾੜੇ ਦੇ ਦੋਸਤ ਹੋਏ ਟੱਲੀ, ਕੀਤੀ ਘਟੀਆ ਕਰਤੂਤ
NEXT STORY