ਚੰਡੀਗੜ੍ਹ : ਐੱਸ. ਵਾਈ. ਐੱਲ. 'ਤੇ ਸੁਪਰੀਮ ਕੋਰਟ ਦਾ ਫੈਸਲਾ ਆਉਣ ਤੋਂ ਬਾਅਦ ਕਾਂਗਰਸੀ ਵਿਧਾਇਕਾਂ ਨੇ ਸਪੀਕਰ ਨੂੰ ਆਪਣੇ ਅਸਤੀਫੇ ਸੌਂਪ ਦਿੱਤੇ ਹਨ। ਇਸ ਮੌਕੇ 'ਜਗਬਾਣੀ' ਨਾਲ ਖਾਸ ਗੱਲਬਾਤ ਦੌਰਾਨ ਕਾਂਗਰਸੀ ਆਗੂ ਸੁਨੀਲ ਜਾਖੜ ਨੇ ਕਿਹਾ ਕਿ ਇਹ ਸਭ ਅਕਾਲੀ-ਭਾਜਪਾ ਸਰਕਾਰ ਕਾਰਨ ਹੀ ਹੋਇਆ ਹੈ ਕਿਉਂਕਿ ਜੇਕਰ ਮੁੱਖ ਮੰਤਰੀ ਬਾਦਲ ਪਹਿਲਾਂ ਹੀ ਇਸ ਮਸਲੇ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਗੱਲ ਕਰ ਲੈਂਦੇ ਤਾਂ ਇਹ ਨੌਬਤ ਹੀ ਨਹੀਂ ਆਉਣੀ ਸੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਪਾਣੀਆਂ ਨੂੰ ਬਚਾਉਣ ਲਈ 13 ਤਰੀਕ ਨੂੰ ਅਬੋਹਰ 'ਚ ਕਾਂਗਰਸ ਦੀ ਵੱਡੀ ਰੈਲੀ ਕੀਤੀ ਜਾਵੇਗੀ, ਜਿਸ 'ਚ ਸੂਬਾ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਵਿਰੋਧ ਦੀਆਂ ਰੈਲੀਆਂ ਦਾ ਅਲਖ ਜਗਾਉਣਗੇ। ਉਨ੍ਹਾਂ ਕਿਹਾ ਕਿ ਜਿੱਥੇ ਪ੍ਰਧਾਨ ਮੰਤਰੀ ਮੋਦੀ ਨੇ ਪੰਜਾਬ ਦੇ ਲੋਕਾਂ ਨਾਲ ਧੱਕਾ ਕੀਤਾ ਹੈ, ਉੱਥੇ ਹੀ ਬਾਦਲ ਸਰਕਾਰ ਨੇ ਪੰਜਾਬੀਆਂ ਨਾਲ ਵੱਡਾ ਧੋਖਾ ਕੀਤਾ ਹੈ ਅਤੇ ਉਨ੍ਹਾਂ ਦੇ ਪੰਜਾਬੀਆਂ ਦੇ ਹਿੱਤ ਆਪਣੇ ਨਿਜੀ ਸੁਆਰਥਾਂ ਲਈ ਗਿਰਵੀ ਰੱਖ ਦਿੱਤੇ ਹਨ। ਸੁਨੀਲ ਜਾਖੜ ਨੇ ਕਿਹਾ ਕਿ ਜੇਕਰ ਪੰਜਾਬ ਦਾ ਪਾਣੀ ਹਰਿਆਣੇ ਨੂੰ ਮਿਲ ਜਾਵੇਗਾ ਤਾਂ ਨਹਿਰਾਂ ਦੇ ਕੰਢੇ 'ਤੇ ਵਸੇ ਲੋਕਾਂ ਲਈ ਖੇਤੀਬਾੜੀ ਤਾਂ ਦੂਰ, ਉਨ੍ਹਾਂ ਨੂੰ ਪੀਣ ਲਈ ਵੀ ਪਾਣੀ ਨਹੀਂ ਮਿਲੇਗਾ। ਉਨ੍ਹਾਂ ਕਿਹਾ ਕਿ ਸਾਰੇ ਕਾਂਗਰਸੀ ਇਕੱਠੇ ਹੋ ਕੇ ਰਾਸ਼ਟਰਪਤੀ ਕੋਲ ਜਾਣਗੇ ਅਤੇ ਪੰਜਾਬ ਦੇ ਪਾਣੀਆਂ ਨੂੰ ਬਚਾਉਣ ਲਈ ਹਰ ਕੁਰਬਾਨੀ ਵੀ ਦੇਣਗੇ।
ਸ਼ਾਰਟ ਸਰਕਟ ਕਾਰਣ ਲੱਗੀ ਭਿਆਨਕ ਅੱਗ, ਦੁਕਾਨ ਅਤੇ ਘਰ ਦਾ ਸਮਾਨ ਸੜ ਕੇ ਸੁਆਹ (ਵੀਡੀਓ)
NEXT STORY