ਸਪੋਰਟ ਡੈਸਕ– ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਬੱਲੇਬਾਜ਼ ਸੁਰੇਸ਼ ਰੈਨਾ ਨੇ ਮੰਗਲਵਾਰ ਨੂੰ ਪੰਜਾਬ ’ਚ ਆਪਣੇ ਫ਼ੁੱਫ਼ੜ ਦੇ ਕਤਲ ਮਾਮਲੇ ’ਤੇ ਚੁੱਪੀ ਤੋੜਦੇ ਹੋਏ ਇਸ ਘਟਨਾ ਨੂੰ ਘਿਨੌਣਾ ਕੰਮ ਦੱਸਿਆ ਹੈ। ਰੈਨਾ ਦੇ ਫ਼ੁੱਫ਼ੜ ਪੰਜਾਬ ਦੇ ਪਠਾਨਕੋਟ ਜ਼ਿਲ੍ਹੇ ’ਚ ਲੁਟੇਰਿਆਂ ਦੁਆਰਾ ਕੀਤੇ ਗਏ ਇਕ ਕਥਿਤ ਹਮਲੇ ’ਚ ਮਾਰੇ ਗਏ ਸਨ। ਖੱਬੇ ਹੱਥ ਦੇ ਬੱਲੇਬਾਜ਼ ਨੇ ਇਹ ਵੀ ਕਿਹਾ ਕਿ ਲੁਟੇਰਿਆਂ ਦੇ ਹਮਲੇ ਤੋਂ ਬਾਅਦ ਸੋਮਵਾਰ ਨੂੰ ਉਨ੍ਹਾਂ ਦੇ ਫ਼ੁਫ਼ੇਰੇ ਭਰਾ ਦੀ ਵੀ ਮੌਤ ਹੋ ਗਈ।
ਰੈਨਾ ਨੇ ਟਵੀਟ ਕਰਦੇ ਹੋਏ ਲਿਖਿਆ, ‘ਪੰਜਾਬ ’ਚ ਮੇਰੇ ਪਰਿਵਾਰ ਨਾਲ ਜੋ ਹੋਇਆ, ਉਹ ਭਿਆਨਕ ਤੋਂ ਵੀ ਪਰੇ ਸੀ। ਮੇਰੇ ਫ਼ੁੱਫ਼ੜ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ, ਮੇਰੀ ਭੂਆ ਅਤੇ ਮਰੇ ਦੋਵਾਂ ਚਚੇਰੇ ਭਰਾਵਾਂ ਨੂੰ ਗੰਭੀਰ ਸੱਟਾਂ ਲੱਗੀਆਂ ਹਨ। ਬਦਕਿਸਮਤੀ ਨਾਲ ਮੇਰੇ ਫ਼ੁਫ਼ੇਰੇ ਭਰਾ ਦੀ ਵੀ ਕੱਲ੍ਹ ਰਾਤ ਨੂੰ ਮੌਤ ਹੋ ਗਈ। ਮੇਰੀ ਭੂਆ ਅਜੇ ਵੀ ਗੰਭੀਰ ਹਾਲਤ ’ਚ ਹੈ।’
ਰੈਨਾ ਨੇ ਅੱਗੇ ਕਿਹਾ ਕਿ ਉਨ੍ਹਾਂ ਦੇ ਪਰਿਵਾਰ ਨੂੰ ਅਜੇ ਵੀ ਪਤਾ ਨਹੀਂ ਲੱਗਾ ਕਿ ਇਸ ਹਮਲੇ ਦੇ ਪਿੱਛੇ ਕੌਣ ਸੀ। ਉਨ੍ਹਾਂ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮਾਮਲੇ ’ਤੇ ਧਿਆਨ ਦੇਣ ਦੀ ਅਪੀਲ ਕੀਤੀ ਹੈ। ਰੈਨਾ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਟਵੀਟ ’ਤੇ ਟੈਗ ਕਰਦੇ ਹੋਏ ਲਿਖਿਆ, ‘ਅਜੇ ਤਕ ਅਸੀਂ ਨਹੀਂ ਜਾਣਦੇ ਕਿ ਉਸ ਰਾਤ ਕੀ ਹੋਇਆ ਸੀ ਅਤੇ ਕਿਸ ਨੇ ਅਜਿਹਾ ਕੀਤਾ ਸੀ। ਮੈਂ ਪੰਜਾਬ ਪੁਲਸ ਨੂੰ ਇਸ ਮਾਮਲੇ ਨੂੰ ਵੇਖਣ ਦੀ ਅਪੀਲ ਕਰਦਾ ਹੈ। ਅਸੀਂ ਘੱਟੋ-ਘੱਟ ਇਹ ਜਾਣਨ ਦੇ ਲਾਇਕ ਹਾਂ ਕਿ ਉਨ੍ਹਾਂ ਦੇ ਨਾਲ ਇਹ ਘਿਨੌਣਾ ਕੰਮ ਕਿਸ ਨੇ ਕੀਤਾ ਹੈ। ਇਹ ਅਪਰਾਧ ਕਰਨ ਵਾਲਿਆਂ ਨੂੰ ਬਖ਼ਸ਼ਿਆ ਨਹੀਂ ਜਾਣਾ ਚਾਹੀਦਾ।’
ਜ਼ਿਕਰਯੋਗ ਹੈ ਕਿ ਪਿਛਲੇ ਹਫ਼ਤੇ ਰੈਨਾ ਨੇ ਨਿੱਜੀ ਕਾਰਨਾਂ ਕਾਰਨ ਆਈ.ਪੀ.ਐੱਲ. 2020 ਤੋਂ ਆਪਣਾ ਨਾਂ ਵਾਪਸ ਲੈ ਲਿਆ ਸੀ। ਰੈਨਾ ਭਾਰਤ ਵਾਪਸ ਪਰਤ ਆਏ ਹਨ ਅਤੇ ਇਕ ਨਿਊਜ਼ ਚੈਨਲ ਦੇ ਹਵਾਲੇ ਤੋਂ ਉਨ੍ਹਾਂ ਨੇ ਕਿਹਾ ਸੀ ਕਿ ਬੱਚਿਆਂ ਤੋਂ ਜ਼ਿਆਦਾ ਮਹੱਤਵਪੂਰਨ ਕੁਝ ਨਹੀਂ ਹੈ। ਆਈ.ਪੀ.ਐੱਲ. 19 ਸਤੰਬਰ ਤੋਂ 10 ਨਵੰਬਰ ਤਕ ਯੂ.ਏ.ਆਈ. ’ਚ ਖੇਡਿਆ ਜਾਵੇਗਾ।
ਗੋਲਫ : ਅਦਿੱਤੀ ਸਾਂਝੇ ਤੌਰ 'ਤੇ 49ਵੇਂ ਸਥਾਨ 'ਤੇ
NEXT STORY