ਲੁਧਿਆਣਾ (ਤਰੁਣ) : ਪੁਲਸ ਵਿਭਾਗ ਦਾ ਮੁਲਾਜ਼ਮ, ਜੋ ਮੁਅੱਤਲ ਹੈ, ਨੇ ਆਪਣੇ ਸਾਥੀਆਂ ਨਾਲ ਮਿਲ ਕੇ ਨਕਲੀ ਐੱਸ. ਟੀ. ਐੱਫ. ਅਫ਼ਸਰ ਬਣ ਕੇ ਇਕ ਨੌਜਵਾਨ ਤੋਂ 30 ਹਜ਼ਾਰ ਰੁਪਏ ਦੀ ਨਕਦੀ ਖੋਹ ਲਈ ਅਤੇ ਧਮਕੀਆਂ ਦਿੰਦੇ ਹੋਏ ਫਰਾਰ ਹੋ ਗਏ। ਮੁਲਜ਼ਮਾਂ ਨੇ ਨੌਜਵਾਨ ’ਤੇ ਚਿੱਟੇ ਦਾ ਝੂਠਾ ਪਰਚਾ ਪਾਉਣ ਦੀ ਧਮਕੀ ਦੇ ਕੇ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਉਕਤ ਬਿਆਨ ਪੀੜਤ ਧਰੁਵ ਕੁਮਾਰ ਵਾਸੀ ਬਾਲ ਸਿੰਘ ਨਗਰ ਨੇ ਥਾਣਾ ਦਰੇਸੀ ਦੀ ਪੁਲਸ ਨੂੰ ਦਿੱਤੇ ਹਨ। ਪੀੜਤ ਧਰੁਵ ਨੇ ਦੱਸਿਆ ਕਿ 10 ਫਰਵਰੀ ਨੂੰ ਉਸ ਦੀ ਮਾਂ ਦਾ ਜਨਮ ਦਿਨ ਸੀ। ਉਸ ਨੇ ਆਪਣੀ ਮਾਂ ਲਈ ਸੋਨੇ ਦੀਆਂ ਵਾਲੀਆਂ ਬਣਵਾਈਆਂ ਸਨ, ਸ਼ਾਮ 4.30 ਵਜੇ ਉਹ ਵਾਲੀਆਂ ਲੈਣ ਲਈ ਸੁਨਿਆਰੇ ਕੋਲ ਜਾ ਰਿਹਾ ਸੀ। ਉਹ 30,000 ਰੁਪਏ ਦੀ ਨਕਦੀ ਲੈ ਕੇ ਬੁਲਟ ਮੋਟਰਸਾਈਕਲ ’ਤੇ ਘਰੋਂ ਨਿਕਲਿਆ। ਜਦੋਂ ਉਹ ਬਾਲ ਸਿੰਘ ਨਗਰ ਨੇੜੇ ਪੁੱਜਾ ਤਾਂ ਮੁਲਜ਼ਮਾਂ ਨੇ ਉਸ ਨੂੰ ਰੋਕ ਲਿਆ। ਇਕ ਮੁਲਜ਼ਮ ਨੇ ਦੱਸਿਆ ਕਿ ਉਹ ਐੱਸ. ਟੀ. ਐੱਫ. ਤੋਂ ਹਨ ਅਤੇ ਤੁਹਾਡੀ ਤਲਾਸ਼ੀ ਲੈਣੀ ਹੈ।
ਇਹ ਖ਼ਬਰ ਵੀ ਪੜ੍ਹੋ : ਦੇਸ਼-ਦੁਨੀਆ ਨਾਲ ਸਬੰਧਿਤ ਪੜ੍ਹੋ ਅੱਜ ਦੀਆਂ ਅਹਿਮ ਖ਼ਬਰਾਂ
ਉਸ ਨੇ ਤਲਾਸ਼ੀ ਦੇਣ ਲਈ ਹਾਮੀ ਭਰ ਦਿੱਤੀ ਪਰ ਮੁਲਜ਼ਮ ਉਸ ਨੂੰ ਮੋਟਰਸਾਈਕਲ ’ਤੇ ਬਿਠਾ ਕੇ ਤਾਜਪੁਰ ਰੋਡ ’ਤੇ ਲੈ ਗਏ ਅਤੇ ਉਸ ਦੀ ਜੇਬ ’ਚ ਚਿੱਟੇ ਦਾ ਪੈਕੇਟ ਪਾ ਕੇ ਕਿਹਾ ਕਿ ਜੇਕਰ ਉਹ ਉਨ੍ਹਾਂ ਨੂੰ ਨਕਦੀ ਨਹੀਂ ਦੇਵੇਗਾ ਤਾਂ ਉਹ ਉਸ ’ਤੇ ਚਿੱਟੇ ਦਾ ਪਰਚਾ ਪਾ ਦੇਣਗੇ। ਪੀੜਤ ਨੇ ਦੱਸਿਆ ਕਿ ਉਸ ਨੇ ਮੁਲਜ਼ਮਾਂ ਨੂੰ 30 ਹਜ਼ਾਰ ਰੁਪਏ ਦੀ ਨਕਦ ਦਿੱਤੀ। ਮੁਲਜ਼ਮਾਂ ਨੇ ਮੂੰਹ ਖੋਲ੍ਹਣ ’ਤੇ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ, ਜਿਸ ਤੋਂ ਬਾਅਦ ਉਸ ਨੇ ਘਰ ਪਰਤ ਕੇ ਸਾਰੀ ਗੱਲ ਆਪਣੇ ਪਰਿਵਾਰਕ ਮੈਂਬਰਾਂ ਨੂੰ ਦੱਸੀ ਅਤੇ ਪਰਿਵਾਰਕ ਮੈਂਬਰਾਂ ਨੇ ਥਾਣਾ ਦਰੇਸੀ ਵਿਖੇ ਸ਼ਿਕਾਇਤ ਦਿੱਤੀ।
ਦੂਜੇ ਪਾਸੇ ਮਾਮਲੇ ਦੀ ਜਾਂਚ ਕਰ ਰਹੇ ਥਾਣਾ ਇੰਚਾਰਜ ਕੁਲਦੀਪ ਸਿੰਘ ਨੇ ਦੱਸਿਆ ਕਿ ਪੁਲਸ ਨੇ ਇੰਦਰਜੀਤ ਸਿੰਘ ਵਾਸੀ ਜਮਾਲਪੁਰ ਕਾਲੋਨੀ, ਜਤਿਨ ਸ਼ਰਮਾ ਵਾਸੀ ਸਮਰਾਲਾ ਚੌਕ, ਰਣਜੀਤ ਸਿੰਘ ਵਾਸੀ ਵਿਜੇ ਨਗਰ ਅਤੇ ਰਵੀ ਕੁਮਾਰ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲਸ ਦੇ ਹੱਥ ਸੀ. ਸੀ. ਟੀ. ਵੀ. ਫੁਟੇਜ ਲੱਗੀ ਹੈ। ਪੁਲਸ ਨੇ ਸਾਰੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਪਰ ਅਧਿਕਾਰਤ ਤੌਰ ’ਤੇ ਇਸ ਦੀ ਪੁਸ਼ਟੀ ਨਹੀਂ ਕੀਤੀ ਗਈ ਹੈ।
23 ਸਾਲਾ ਨੌਜਵਾਨ ਨੇ ਮਾਨਸਿਕ ਪ੍ਰੇਸ਼ਾਨੀ ਕਾਰਨ ਚੁੱਕਿਆ ਖ਼ੌਫ਼ਨਾਕ ਕਦਮ
NEXT STORY