ਜੀਰਾ/ਮਖੂ (ਗੁਰਮੇਲ ਸੇਖਵਾਂ) : ਮਖੂ ਖੇਤਰ ਦੇ ਪਿੰਡ ਵਾੜਾ ਕਾਲੀ ਰਾਉਣ ਨੇੜੇ ਸਤਲੁਜ ਦਰਿਆ ਦਾ ਬੰਨ੍ਹ ਪਿਛਲੇ ਕਈ ਦਿਨਾਂ ਤੋਂ ਖਤਰੇ ’ਚ ਸੀ, ਜੋ ਕਿ ਮੌਜੂਦਾ ਸਮੇਂ ਤੱਕ ਲਗਭਗ 300 ਫੁੱਟ ਤਕ ਟੁੱਟ ਗਿਆ ਹੈ, ਜਿਸ ਨਾਲ ਪੂਰੇ ਇਲਾਕੇ ’ਚ ਚਿੰਤਾ ਅਤੇ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਹੈ। ਹਲਾਤ ਨੂੰ ਦੇਖਦੇ ਪ੍ਰਸ਼ਾਸਨ ਨੇ ਲੋਕਾਂ ਦੀ ਮਦਦ ਨਾਲ ਬੰਨ੍ਹ ਦੇ ਪਿੱਛੇ ਵਾਲੀ ਸੜਕ ’ਤੇ ਇਕ ਹੋਰ ਬੰਨ੍ਹ ਪਿੰਡ ਤਾਰੇ ਵਾਲਾ ਨੂੰ ਜਾਂਦੀ ਸੜਕ ’ਤੇ ਬਣਾ ਲਿਆ ਹੈ ਅਤੇ ਪਾਣੀ ਦਾ ਪੱਧਰ ਘੱਟ ਹੋਣ ਨਾਲ ਫਿਲਹਾਲ ਵੱਡਾ ਖ਼ਤਰਾ ਟਲ ਗਿਆ ਹੈ। ਹਾਲਾਂਕਿ ਦਰਿਆ ਦਾ ਤੇਜ਼ ਵਹਾਅ ਹੌਲੀ-ਹੌਲੀ ਨਵੇਂ ਬੰਨ੍ਹ ਵੱਲ ਵਧਾ ਰਿਹਾ ਹੈ। ਦਰਿਆ ਨੇੜੇ ਰਹਿੰਦੇ ਬਗੀਚਾ ਸਿੰਘ, ਬੱਬੂ ਸਿੰਘ ਅਤੇ ਹੰਸਾ ਸਿੰਘ ਨੇ ਦੱਸਿਆ ਕਿ ਪਾਣੀ ਉਨ੍ਹਾਂ ਦੇ ਘਰਾਂ ਤੱਕ ਪਹੁੰਚ ਗਿਆ ਹੈ, ਜਿਸ ਨਾਲ ਉਨ੍ਹਾਂ ਦੇ ਘਰ ਢਹਿਣ ਦਾ ਖ਼ਤਰਾ ਹੈ।
ਜਾਣਕਾਰੀ ਅਨੁਸਾਰ ਪ੍ਰਭਾਵਿਤ ਪਰਿਵਾਰਾਂ ਨੇ ਆਪਣੇ ਘਰ ਖਾਲੀ ਕਰ ਦਿੱਤੇ ਹਨ ਅਤੇ ਆਪਣੀ ਸੁਰੱਖਿਆ ਲਈ ਆਪਣਾ ਸਾਮਾਨ ਚੁੱਕ ਕੇ ਲਿਜਾ ਰਹੇ ਹਨ। ਉਥੇ ਹੀ ਕੁਝ ਲੋਕ ਆਪਣੇ ਘਰ ਖੁਦ ਹੀ ਤੋੜ ਕੇ ਇੱਟਾਂ ਅਤੇ ਹੋਰ ਮਲਬਾ ਕੱਢ ਕੇ ਲਿਜਾ ਰਹੇ ਹਨ। ਦੱਸਣਯੋਗ ਹੈ ਕਿ ਬੰਨ੍ਹ ਬਣਾਉਣ ਦਾ ਕੰਮ ਪਿਛਲੇ ਕਈ ਦਿਨਾਂ ਤੋਂ ਜਾਰੀ ਹੈ, ਜਿਸ ਵਿਚ ਬਾਬਾ ਸੁੱਖਾ ਸਿੰਘ ਦੀ ਸੰਗਤ, ਫੌਜ ਅਤੇ ਪਿੰਡ ਵਾਸੀ ਅਣਥੱਕ ਅਤੇ ਇਕਜੁੱਟ ਹੋ ਕੇ ਕੰਮ ਕਰ ਰਹੇ ਹਨ। ਗੁਰਦੇਵ ਸਿੰਘ , ਗੁਰਦੀਪ ਸਿੰਘ ਡੀ. ਐੱਸ. ਪੀ. ਜ਼ੀਰਾ, ਜਗਦੀਪ ਸਿੰਘ ਐੱਸ. ਐੱਚ. ਓ. ਮਖੂ ਅਤੇ ਮਲੂਕ ਸਿੰਘ ਨਾਇਬ ਤਹਿਸੀਲਦਾਰ ਮੱਖੂ ਸਥਿਤੀ ਦੀ ਨਿਗਰਾਨੀ ਕਰਨ ਲਈ ਮੌਕੇ ’ਤੇ ਮੌਜੂਦ ਹਨ।
ਗੁਰਦੇਵ ਸਿੰਘ ਨੇ ਕਿਹਾ ਕਿ ਪ੍ਰਸ਼ਾਸਨ ਅਤੇ ਸਥਾਨਕ ਭਾਈਚਾਰਿਆਂ ਦੇ ਸਹਿਯੋਗ ਨਾਲ ਬੰਨ੍ਹ ਦੀ ਸਥਿਤੀ ਨੂੰ ਲਗਾਤਾਰ ਕੰਟਰੋਲ ਕੀਤਾ ਜਾ ਰਿਹਾ ਹੈ ਅਤੇ ਸਥਿਤੀ ਇਸ ਸਮੇਂ ਕਾਬੂ ਹੇਠ ਹੈ। ਉਨ੍ਹਾਂ ਇਹ ਵੀ ਭਰੋਸਾ ਦਿੱਤਾ ਕਿ ਪ੍ਰਸ਼ਾਸਨ ਪੂਰੀ ਤਰ੍ਹਾਂ ਸਰਗਰਮ ਹੈ ਅਤੇ ਇਹ ਯਕੀਨੀ ਬਣਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਪਿੰਡ ਵਾਸੀਆਂ ਦੀਆਂ ਫਸਲਾਂ ਅਤੇ ਘਰਾਂ ਨੂੰ ਨੁਕਸਾਨ ਨਾ ਪਹੁੰਚੇ ਅਤੇ ਪ੍ਰਭਾਵਿਤ ਪਰਿਵਾਰਾਂ ਨੂੰ ਕੋਈ ਮੁਸ਼ਕਲ ਨਾ ਆਵੇ। ਇਸ ਮੌਕੇ ਸਾਰਿਆਂ ਦੇ ਸਹਿਯੋਗ ਨਾਲ ਬੰਨ੍ਹ ਨੂੰ ਮਜ਼ਬੂਤ ਕਰਨ ਦਾ ਕੰਮ ਜਾਰੀ ਹੈ।
ਮੋਟਰਸਾਈਕਲ ਬੇਕਾਬੂ ਹੋ ਕੇ ਪਿੱਲਰ ਨਾਲ ਟਕਰਾਇਆ ਨੌਜਵਾਨ, ਮੌਤ
NEXT STORY