ਝਬਾਲ, (ਲਾਲੂ ਘੁੰਮਣ, ਨਰਿੰਦਰ)- ਐਤਵਾਰ ਦੇਰ ਸ਼ਾਮ 7 ਕੁ ਵਜੇ ਦੇ ਕਰੀਬ ਝਬਾਲ ਤੋਂ ਥੋੜ੍ਹੀ ਦੂਰ ਅੰਮ੍ਰਿਤਸਰ ਰੋਡ 'ਤੇ ਸਥਿਤ ਇਕ ਨਿੱਜੀ ਸਕੂਲ ਦੇ ਨਜ਼ਦੀਕ ਇਕ ਨੌਜਵਾਨ ਨੂੰ ਰੋਕ ਕੇ ਲੁਟੇਰਿਆਂ ਵੱਲੋਂ ਪਿਸਤੌਲ ਦੀ ਨੋਕ 'ਤੇ ਉਸ ਕੋਲੋਂ ਗੱਡੀ ਖੋਹ ਕੇ ਫਰਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਨੇ ਤੁਰੰਤ ਮੌਕੇ 'ਤੇ ਥਾਣਾ ਝਬਾਲ ਦੀ ਪੁਲਸ ਅਤੇ ਪੁਲਸ ਕੰਟਰੋਲ ਨੰਬਰ 'ਤੇ ਸੂਚਨਾ ਦੇ ਦਿੱਤੀ ਸੀ ਪਰ ਫਿਰ ਵੀ ਲੁਟੇਰੇ ਫਰਾਰ ਹੋਣ 'ਚ ਕਾਮਯਾਬ ਹੋ ਗਏ।
ਜਾਣਕਾਰੀ ਦਿੰਦਿਆਂ ਨਵਜੋਤ ਸਿੰਘ ਪੁੱਤਰ ਦਲਜੀਤ ਸਿੰਘ ਵਾਸੀ ਪਿੰਡ ਖੈਰਦੀ ਨੇ ਦੱਸਿਆ ਕਿ ਉਹ ਪਿੰਡ ਤੋਂ ਅੱਡਾ ਝਬਾਲ ਨੂੰ ਆਪਣੀ ਗੱਡੀ 'ਚ ਸਵਾਰ ਹੋ ਕੇ ਆ ਰਿਹਾ ਸੀ। ਜਿਓਂ ਹੀ ਉਹ ਦਸਮੇਸ਼ ਪਰਿਵਾਰ ਸਕੂਲ ਦੇ ਨਜ਼ਦੀਕ ਪੁੱਜਾ ਤਾਂ ਪਿੱਛੋਂ ਕਿਸੇ ਵੱਲੋਂ ਉਸ ਦੀ ਗੱਡੀ ਨੂੰ ਟੱਕਰ ਮਾਰੀ ਗਈ। ਇਸ ਦੌਰਾਨ ਜਦੋਂ ਉਸ ਵੱਲੋਂ ਗੱਡੀ ਰੋਕੀ ਗਈ ਤਾਂ ਪਿੱਛੋਂ ਆਈ ਸਵਿਫਟ ਗੱਡੀ ਜਿਸ 'ਚ 4 ਨੌਜਵਾਨ ਸਵਾਰ ਸੀ, ਗੱਡੀ 'ਚੋਂ ਉਤਰੇ ਅਤੇ ਇਕ ਨੌਜਵਾਨ ਵੱਲੋਂ ਉਸ ਦੀ ਗੱਡੀ ਦੀ ਬਾਰੀ ਖੋਲ੍ਹ ਕੇ ਉਸ ਦੇ ਕੰਨ 'ਤੇ ਗੋਲੀ ਮਾਰਨ ਦੀ ਧਮਕੀ ਦਿੰਦਿਆਂ ਉਸ ਨੂੰ ਗੱਡੀ 'ਚੋਂ ਉਤਰਨ ਲਈ ਕਿਹਾ। ਗੱਡੀ 'ਚੋਂ ਹੇਠਾਂ ਉਕਤਦਿਆਂ ਹੀ ਦੋ ਨੌਜਵਾਨ ਉਸ ਦੀ ਗੱਡੀ ਵਿਚ ਬੈਠ ਗਏ ਅਤੇ ਦੂਜੇ ਦੋ ਨੌਜਵਾਨ ਆਪਣੀ ਗੱਡੀ 'ਚ ਬੈਠ ਕੇ ਝਬਾਲ ਵਾਲੀ ਸਾਈਡ ਨੂੰ ਫਰਾਰ ਹੋ ਗਏ।
ਪੀੜਤ ਨਵਜੋਤ ਸਿੰਘ ਅਤੇ ਦਲਜੀਤ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਉਨ੍ਹਾਂ ਵੱਲੋਂ ਪੁਲਸ ਕੰਟਰੋਲ ਨੰਬਰ ਅਤੇ ਥਾਣਾ ਮੁਖੀ ਝਬਾਲ ਨੂੰ ਫੋਨ ਉਪਰ ਮੌਕੇ 'ਤੇ ਹੀ ਸੂਚਨਾ ਦੇ ਦਿੱਤੀ ਗਈ ਹੈ। ਥਾਣਾ ਮੁਖੀ ਝਬਾਲ ਰਵਿੰਦਰ ਸਿੰਘ ਨੇ ਦੱਸਿਆ ਕਿ ਸੂਚਨਾ ਮਿਲਦਿਆਂ ਉਨ੍ਹਾਂ ਵੱਲੋਂ ਵੱਖ-ਵੱਖ ਪੁਲਸ ਟੀਮਾਂ ਤਰਨਤਾਰਨ ਅਤੇ ਅੰਮ੍ਰਿਤਸਰ ਰੋਡ ਨੂੰ ਰਵਾਨਾ ਕਰ ਦਿੱਤੀਆਂ ਗਈਆਂ ਹਨ।
ਘਰੇਲੂ ਕਲੇਸ਼ ਕਾਰਨ ਨੌਜਵਾਨ ਨੇ ਲਿਆ ਫਾਹਾ
NEXT STORY