ਜਲੰਧਰ- ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸਿੰਘ ਸਾਹਿਬਾਨ ਵੱਲੋਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਣੇ ਪਾਰਟੀ ਦੇ ਬਾਕੀ ਆਗੂਆਂ ਨੂੰ ਵੀ ਉਨ੍ਹਾਂ ਦੇ ਕਬੂਲੇ ਗਏ ਗੁਨਾਹਾਂ ਲਈ ਧਾਰਮਿਕ ਸਜ਼ਾ ਲਗਾਈ ਗਈ ਹੈ। ਉਨ੍ਹਾਂ ਦੀ ਇਸ ਸਜ਼ਾ ਬਾਰੇ ਬੋਲਦਿਆਂ ਸ੍ਰੀ ਪਟਨਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਰਣਜੀਤ ਸਿੰਘ 'ਗੌਹਰ' ਨੇ ਕੁਝ ਵਿਚਾਰ ਸਾਂਝੇ ਕੀਤੇ ਹਨ।
ਉਨ੍ਹਾਂ ਇਕ ਵੀਡੀਓ ਸਾਂਝੀ ਕੀਤੀ ਹੈ, ਜਿਸ ਦੀ ਸ਼ੁਰੂਆਤ 'ਚ ਹੀ ਉਨ੍ਹਾਂ ਪੰਜ ਸਿੰਘ ਸਾਹਿਬਾਨਾਂ ਤੋਂ ਮੁਆਫ਼ੀ ਮੰਗੀ ਹੈ ਕਿ ਜੇਕਰ ਉਹ ਕੁਝ ਗ਼ਲਤ ਬੋਲ ਰਹੇ ਹੋਣ ਤਾਂ ਉਹ ਪਹਿਲਾਂ ਹੀ ਮੁਆਫ਼ੀ ਮੰਗਦੇ ਹਨ। ਉਨ੍ਹਾਂ ਕਿਹਾ ਕਿ ਕੌਮ ਦੇ ਗੁਨਾਹਗਾਰਾਂ ਨੂੰ ਸਜ਼ਾ ਦੇਣਾ ਜਥੇਦਾਰ ਸਾਹਿਬ ਦਾ ਬਹੁਤ ਚੰਗਾ ਫ਼ੈਸਲਾ ਹੈ। ਪਰ ਇਸ ਧਾਰਮਿਕ ਸਜ਼ਾ ਦੌਰਾਨ ਅਕਾਲੀ ਆਗੂਆਂ ਦੇ ਗਲ਼ੇ 'ਚ ਗੁਰਬਾਣੀ ਦੀਆਂ ਪੰਕਤੀਆਂ ਵਾਲੀਆਂ ਤਖ਼ਤੀਆਂ ਪਾ ਕੇ ਉਨ੍ਹਾਂ ਤੋਂ ਪਖਾਨੇ ਸਾਫ਼ ਕਰਵਾਉਣਾ ਤੇ ਜੂਠੇ ਭਾਂਢੇ ਸਾਫ਼ ਕਰਵਾਉਣਾ ਇਕ ਤਰੀਕੇ ਨਾਲ ਗੁਰਬਾਣੀ ਦੀ ਬੇਅਦਬੀ ਹੈ।
ਉਨ੍ਹਾਂ ਕਿਹਾ ਕਿ ਪਖਾਨੇ ਸਾਫ਼ ਕਰਦੇ ਸਮੇਂ ਮਲ-ਮੂਤਰ ਦੇ ਛਿੱਟੇ ਉਕਤ ਤਖ਼ਤੀ 'ਤੇ ਡਿੱਗੇ ਹੋਣਗੇ, ਨਾਲ ਹੀ ਜੂਠੇ ਬਰਤਨਾਂ ਨੂੰ ਧੋਂਦੇ ਸਮੇਂ ਲੋਕਾਂ ਦਾ ਜੂਠਾ ਭੋਜਨ ਵੀ ਇਸ 'ਤੇ ਪਿਆ ਹੋਵੇਗਾ, ਜੋ ਕਿ ਬਿਲਕੁਲ ਵੀ ਸਹੀ ਨਹੀਂ ਹੈ। ਉਨ੍ਹਾਂ ਕਿਹਾ ਕਿ ਇਹ ਗੁਰਬਾਣੀ ਦੀ ਬੇਅਦਬੀ ਹੈ। ਉਨ੍ਹਾਂ ਕਿਹਾ ਕਿ ਬਾਣੀ ਗੁਰੂ ਹੈ ਤੇ ਗੁਰ ਕੀ ਬਾਣੀ ਦੀ ਬੇਅਦਬੀ ਕਰਨ ਦਾ ਅਧਿਕਾਰ ਕਿਸੇ ਵੀ ਇਨਸਾਨ ਨੂੰ ਨਹੀਂ ਹੈ। ਉਨ੍ਹਾਂ ਕਿਹਾ ਕਿ ਸਿੰਘ ਸਾਹਿਬਾਨ ਨੂੰ ਇਸ ਗੱਲ ਦਾ ਖ਼ਾਸ ਧਿਆਨ ਰੱਖਣਾ ਚਾਹੀਦਾ ਸੀ ਕਿ ਉਹ ਇਸ ਗੱਲ ਨੂੰ ਯਕੀਨੀ ਬਣਾਉਣ ਕਿ ਉਕਤ ਸੇਵਾਦਾਰ ਪਖਾਨਿਆਂ ਤੇ ਬਰਤਨਾਂ ਦੀ ਸੇਵਾ ਸਮੇਂ ਆਪਣੇ ਗਲ਼ੇ 'ਚ ਪਾਈਆਂ ਗੁਰਬਾਣੀ ਦੀਆਂ ਪੰਕਤੀਆਂ ਵਾਲੀਆਂ ਤਖ਼ਤੀਆਂ ਨੂੰ ਕਿਸੇ ਹੋਰ ਦੇ ਹਵਾਲੇ ਕਰ ਦੇਣ, ਤਾਂ ਜੋ ਉਨ੍ਹਾਂ 'ਤੇ ਕਿਸੇ ਤਰ੍ਹਾਂ ਦੀ ਗੰਦਗੀ ਨਾ ਪਵੇ ਤੇ ਇਹ ਬੇਅਦਬੀ ਨਾ ਹੋਵੇ।
ਉਨ੍ਹਾਂ ਕਿਹਾ ਕਿ ਇਹ ਬੇਅਦਬੀ ਚਾਹੇ ਜਾਣੇ-ਅਣਜਾਣੇ 'ਚ ਹੀ ਹੋਈ ਹੈ, ਇਸ ਦਾ ਜ਼ਿੰਮੇਵਾਰ ਕਿਸ ਨੂੰ ਠਹਿਰਾਇਆ ਜਾਵੇ ? ਉਨ੍ਹਾਂ ਨੇ ਸਿੰਘ ਸਾਹਿਬਾਨ ਨੂੰ ਇਸ ਮਾਮਲੇ 'ਚ ਪਸ਼ਚਾਤਾਪ ਕਰਨ ਨੂੰ ਕਿਹਾ ਹੈ। ਉਨ੍ਹਾਂ ਸੁਝਾਅ ਦਿੱਤਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਠ ਰਖਵਾ ਕੇ ਗੁਰਬਾਣੀ ਦੇ ਅਦਬ 'ਚ ਹੋਈ ਇਸ ਭੁੱਲ ਦਾ ਪਸ਼ਚਾਤਾਪ ਕੀਤਾ ਜਾਵੇ।
ਉਨ੍ਹਾਂ ਅੱਗੇ ਇਹ ਵੀ ਕਿਹਾ ਕਿ ਸਿੰਘ ਸਾਹਿਬਾਨ ਨੂੰ ਆਖ਼ਿਰ ਕਿਸ ਗੱਲ ਦੀ ਕਾਹਲ਼ੀ ਸੀ ਕਿ ਉਨ੍ਹਾਂ ਨੇ ਜਲਦੀ-ਜਲਦੀ 'ਚ ਦੋਸ਼ੀ ਕਰਾਰ ਦੇਣ ਮਗਰੋਂ ਸਜ਼ਾ ਸਮੇਂ ਇਨ੍ਹਾਂ ਗੱਲਾਂ ਦਾ ਧਿਆਨ ਹੀ ਨਹੀਂ ਰੱਖਿਆ। ਉਨ੍ਹਾਂ ਜਥੇਦਾਰ ਸਾਹਿਬ ਨੂੰ ਤਿੱਖੇ ਸਵਾਲ ਵੀ ਕੀਤੇ ਕਿ ਜੇਕਰ ਇਨ੍ਹਾਂ ਗੱਲਾਂ ਦਾ ਖ਼ਿਆਲ ਉਹ ਨਹੀਂ ਰੱਖ ਸਕਦੇ ਤਾਂ ਕੀ ਉਨ੍ਹਾਂ ਨੂੰ ਇਸ ਉੱਚੀ ਪਦਵੀ 'ਤੇ ਰਹਿਣ ਦਾ ਕੋਈ ਹੱਕ ਹੈ ? ਜਾਂ ਕੀ ਉਨ੍ਹਾਂ ਕੋਲ਼ੋਂ ਜੇਕਰ ਜਾਣੇ-ਅਣਜਾਣੇ 'ਚ ਭੁੱਲ ਹੋ ਗਈ ਹੈ ਤਾਂ ਕੀ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਉਨ੍ਹਾਂ ਨੂੰ ਪੇਸ਼ ਨਹੀਂ ਹੋਣਾ ਚਾਹੀਦਾ ?
ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਦੋਸ਼ੀਆਂ ਨੂੰ ਸਜ਼ਾ ਲਾਉਣ ਦਾ ਫ਼ੈਸਲਾ ਬਿਲਕੁਲ ਦਰੁੱਸਤ ਹੈ, ਪਰ ਇਸ ਮਗਰੋਂ ਜੋ ਇਹ ਗੁਰਬਾਣੀ ਦੀ ਬੇਅਦਬੀ ਹੋਈ ਹੈ, ਇਸ ਨੂੰ ਸਵੀਕਾਰ ਨਹੀਂ ਕੀਤਾ ਜਾ ਸਕਦਾ। ਅੰਤ 'ਚ ਉਨ੍ਹਾਂ ਨੇ ਮੁੜ ਤੋਂ ਕਿਹਾ ਕਿ ਸਿੰਘ ਸਾਹਿਬਾਨ ਜੀ ਬਹੁਤ ਸਮਝਦਾਰ ਹਨ, ਪੰਥ ਦੇ ਲੋਕ ਬਹੁਤ ਸਿਆਣੇ ਹਨ। ਉਨ੍ਹਾਂ ਨੂੰ ਪਤਾ ਹੈ ਕਿ ਉਨ੍ਹਾਂ ਨੇ ਅੱਗੇ ਕੀ ਕਰਨਾ ਹੈ। ਉਨ੍ਹਾਂ ਇਕ ਵਾਰ ਫ਼ਿਰ ਤੋਂ ਆਪਣੇ ਵਿਚਾਰ ਪੇਸ਼ ਕਰਨ ਸਮੇਂ ਜਾਣੇ-ਅਣਜਾਣੇ 'ਚ ਹੋਈ ਗ਼ਲਤੀ ਲਈ ਖਿਮਾ ਮੰਗੀ।
ਇਹ ਵੀ ਪੜ੍ਹੋ- ਸ਼ਮਸ਼ਾਨਘਾਟ 'ਚ ਹੋਏ ਨੌਜਵਾਨ ਦੇ ਕਤਲ ਮਾਮਲੇ 'ਚ ਸਭ ਤੋਂ ਵੱਡਾ ਖੁਲਾਸਾ, 'ਤਾਏ' ਨੇ ਹੀ ਰਚਿਆ ਪੂਰਾ 'ਕਤਲਕਾਂਡ'
ਦੋਸ਼ੀਆਂ 'ਤੇ ਕੀ ਹੈ ਸਿੰਘ ਸਾਹਿਬਾਨ ਦਾ ਫ਼ੈਸਲਾ ?
ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫਸੀਲ ਤੋਂ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਸੁਖਬੀਰ ਸਿੰਘ ਬਾਦਲ ਨੂੰ ਧਾਰਮਿਕ ਸਜ਼ਾ ਸੁਣਾਉਂਦਿਆਂ ਕਰਦਿਆਂ ਕਈ ਵੱਡੇ ਐਲਾਨ ਕੀਤੇ ਸਨ। ਇਸ ਦੌਰਾਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਕਿਹਾ ਸੀ ਕਿ ਸੁਖਬੀਰ ਸਿੰਘ ਬਾਦਲ ਨੇ ਸਿੰਘ ਸਹਿਬਾਨ ਵੱਲੋਂ ਕੀਤੇ ਗਏ ਸਵਾਲਾਂ ਮਗਰੋਂ ਆਪਣੇ ਗੁਨਾਹ ਕਬੂਲ ਕੀਤੇ ਹਨ।
ਸੁਖਬੀਰ ਬਾਦਲ ਤੋਂ ਇਲਾਵਾ ਉਨ੍ਹਾਂ ਦੇ ਸਾਥੀਆਂ ਨੇ ਵੀ ਇਨ੍ਹਾਂ ਗੁਨਾਹਾਂ 'ਚ ਆਪਣੀ ਹਿੱਸੇਦਾਰੀ ਕਬੂਲ ਕੀਤੀ ਹੈ, ਜਿਸ ਮਗਰੋਂ ਸੁਖਬੀਰ ਬਾਦਲ ਤੇ ਉਨ੍ਹਾਂ ਦੇ ਸਾਥੀਆਂ ਨੂੰ ਧਾਰਮਿਕ ਸਜ਼ਾ ਲਗਾਈ ਗਈ ਹੈ, ਜਿਸ ਮੁਤਾਬਕ ਉਹ ਮੰਗਲਵਾਰ 3 ਦਸੰਬਰ 2024 ਤੋਂ ਰੋਜ਼ਾਨਾ 12 ਵਜੇ ਤੋਂ 1 ਵਜੇ ਤਕ ਪਖਾਨੇ ਸਾਫ਼ ਕਰਨਗੇ। ਉਸ ਤੋਂ ਬਾਅਦ ਇਸ਼ਨਾਨ ਕਰਨਗੇ ਅਤੇ ਫਿਰ ਲੰਗਰ ਹਾਲ ਵਿਚ ਜਾ ਕੇ 1 ਘੰਟੇ ਤਕ ਬਰਤਨ ਧੋਣ ਦੀ ਸੇਵਾ ਕਰਨਗੇ। ਜਿਸ ਪਿੱਛੋਂ ਉਹ 1 ਘੰਟਾ ਕੀਰਤਨ ਸਰਵਣ ਕਰਨਗੇ।
ਜਥੇਦਾਰ ਸਾਹਿਬ ਨੇ ਕਿਹਾ ਕਿ ਇਸ ਦੌਰਾਨ ਗੁਰਬਾਣੀ ਦੀਆਂ ਪੰਕਤੀਆਂ ਵਾਲੀ ਇਕ ਖ਼ਾਸ ਤਖ਼ਤੀ ਉਨ੍ਹਾਂ ਦੇ ਗਲ਼ 'ਚ ਪਾਈ ਜਾਵੇਗੀ। ਜਥੇਦਾਰ ਸਾਹਿਬ ਨੇ ਕਿਹਾ ਕਿ ਕਿਉਂਕਿ ਸੁਖਬੀਰ ਸਿੰਘ ਬਾਦਲ ਦੀ ਲੱਤ ਵਿੱਚ ਫ੍ਰੈਕਚਰ ਹੋਇਆ ਹੈ, ਇਸ ਲਈ ਉਹ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਘੰਟਾ ਘਰ ਕੋਲ ਸੇਵਾਦਾਰ ਦੀ ਪੋਸ਼ਾਕ ਪਹਿਨ ਕੇ ਡਿਓਢੀ 'ਚ ਹੱਥ ਵਿੱਚ ਬਰਛਾ ਫੜ ਕੇ ਆਪਣੀ ਵ੍ਹੀਲਚੇਅਰ 'ਤੇ ਬੈਠਣਗੇ। ਇਸ ਪਿੱਛੋਂ ਉਹ ਬਰਤਨ ਸਾਫ ਕਰਨ ਤੇ ਕੀਰਤਨ ਸਰਵਣ ਕਰਨ ਤੋਂ ਬਾਅਦ ਸੁਖਮਨੀ ਸਾਹਿਬ ਦਾ ਪਾਠ ਵੀ ਕਰਨਗੇ।
ਉਨ੍ਹਾਂ ਅੱਗੇ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਵਿਖੇ 2 ਦਿਨ ਦੀ ਸੇਵਾ ਕਰਨ ਉਪਰੰਤ ਉਹ ਅਗਲੇ 2-2 ਦਿਨ ਸ੍ਰੀ ਕੇਸਗੜ੍ਹ ਸਾਹਿਬ, ਸ੍ਰੀ ਦਮਦਮਾ ਸਾਹਿਬ, ਸ੍ਰੀ ਮੁਕਤਸਰ ਸਾਹਿਬ ਤੇ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਜਾ ਕੇ ਸੇਵਾ ਨਿਭਾਉਣਗੇ ਤੇ ਆਪਣੀ ਤਨਖਾਹ ਪੂਰੀ ਕਰਨਗੇ। ਬਰਛਾ ਫੜ੍ਹ ਕੇ ਬੈਠਣ ਦਾ ਇਨ੍ਹਾਂ ਦਾ ਸਮਾਂ ਇਥੇ 9 ਤੋਂ 10 ਵਜੇ ਤਕ ਹੋਵੇਗਾ।
ਇਹ ਸਜ਼ਾ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਸੁਖਬੀਰ ਸਿੰਘ ਬਾਦਲ ਸਣੇ ਅਕਾਲੀ ਦਲ ਦੀ ਕੋਰ ਕਮੇਟੀ ਦੇ ਮੈਂਬਰ ਅਤੇ ਸਾਲ 2015 ਵਿੱਚ ਜੋ ਆਗੂ ਕੈਬਨਿਟ ਮੈਂਬਰ ਰਹੇ ਹਨ, ਉਨ੍ਹਾਂ ਲਈ ਲਗਾਈ ਹੈ। ਜਥੇਦਾਰ ਸਾਹਿਬ ਵੱਲੋਂ ਸੁਖਬੀਰ ਬਾਦਲ ਦੀ ਲੱਤ 'ਚ ਫ੍ਰੈਕਚਰ ਹੋਣ ਕਾਰਨ ਉਨ੍ਹਾਂ ਨੂੰ ਪਖਾਨੇ ਸਾਫ਼ ਕਰਨ ਤੋਂ ਛੋਟ ਦਿੱਤੀ ਗਈ ਹੈ, ਜਦਕਿ ਸੁਖਦੇਵ ਸਿੰਘ ਢੀਂਡਸਾ ਨੂੰ ਵਧੇਰੇ ਉਮਰ ਕਾਰਨ ਇਸ ਸੇਵਾ ਤੋਂ ਛੋਟ ਦਿੱਤੀ ਗਈ ਹੈ। ਢੀਂਡਸਾ ਵੀ ਹੱਥ ਵਿੱਚ ਬਰਛਾ ਫੜ੍ਹ ਕੇ ਤੇ ਗਲ਼ੇ ਵਿੱਚ ਤਖ਼ਤੀ ਪਾ ਕੇ ਸੇਵਾਦਾਰ ਦੀ ਪੋਸ਼ਾਕ ਵਿੱਚ ਸੁਖਬੀਰ ਸਿੰਘ ਬਾਦਲ ਵਾਂਗ ਸੇਵਾ ਕਰਨਗੇ।
ਇਸ ਸਜ਼ਾ ਵਿੱਚ ਇਹ ਵੀ ਹੁਕਮ ਦਿੱਤਾ ਗਿਆ ਕਿ ਡੇਰਾ ਸੱਚੇ ਸੌਦੇ ਸਬੰਧੀ ਇਸ਼ਤਿਹਾਰਾਂ ਲਈ ਵਰਤੇ ਗਏ ਸ਼੍ਰੋਮਣੀ ਕਮੇਟੀ ਦੇ ਪੈਸੇ ਨੂੰ ਵਿਆਜ ਸਣੇ ਅਕਾਊਂਟ ਬ੍ਰਾਂਚ ਵਿਚ ਜਮ੍ਹਾ ਕਰਵਾਇਆ ਜਾਵੇ। ਜਥੇਦਾਰ ਸਾਹਿਬ ਨੇ ਫ਼ਸੀਲ ਤੋਂ ਹੁਕਮ ਦਿੱਤਾ ਕਿ ਇਹ ਰਕਮ ਸੁਖਬੀਰ ਸਿੰਘ ਬਾਦਲ, ਸੁੱਚਾ ਸਿੰਘ ਲੰਗਾਹ, ਗੁਲਜ਼ਾਰ ਸਿੰਘ, ਦਲਜੀਤ ਸਿੰਘ ਚੀਮਾ, ਬਲਵਿੰਦਰ ਸਿੰਘ ਭੂੰਦੜ ਅਤੇ ਹੀਰਾ ਸਿੰਘ ਗਾਬੜੀਆ ਕੋਲੋਂ ਵਸੂਲੀ ਜਾਵੇਗੀ।
ਇਹ ਵੀ ਪੜ੍ਹੋ- ਸੜਕ ਕੰਢੇ ਤੜਫ਼-ਤੜਫ਼ ਮਰ ਗਿਆ ਬੰਦਾ, ਕਿਸੇ ਨਾ ਕੀਤੀ ਮਦਦ, ਸਭ ਬਣਾਉਂਦੇ ਰਹੇ 'ਵੀਡੀਓ'
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਤੇਜ਼ ਰਫ਼ਤਾਰ ਕਾਰ ਨੇ ਬਾਈਕ ਨੂੰ ਮਾਰੀ ਟੱਕਰ, 19 ਸਾਲਾ ਨੌਜਵਾਨ ਦੀ ਹੋਈ ਦਰਦਨਾਕ ਮੌਤ
NEXT STORY