ਤਲਵੰਡੀ ਸਾਬੋ (ਮੁਨੀਸ਼) : ਪੰਜਾਬੀ ਏਕਤਾ ਪਾਰਟੀ ਦੇ ਮੁਖੀ ਸੁਖਪਾਲ ਸਿੰਘ ਖਹਿਰਾ ਨੇ ਪੰਜਾਬ ਸਰਕਾਰ ਵਲੋਂ ਨਵ-ਨਿਯੁਕਤ ਕੀਤੇ ਗਏ ਡੀ. ਜੀ. ਪੀ. ਦਿਨਕਰ ਗੁਪਤਾ ਨੂੰ ਵਿਵਾਦਗ੍ਰਸਤ ਅਫਸਰ ਦੱਸਦਿਆਂ ਕਿਹਾ ਕਿ ਸੂਬਾ ਸਰਕਾਰ ਨੂੰ ਸਾਫ-ਸੁਥਰੇ ਅਕਸ ਵਾਲੇ ਪੁਲਸ ਅਫਸਰ ਨੂੰ ਡੀ. ਜੀ. ਪੀ. ਨਿਯੁਕਤ ਕਰਨਾ ਚਾਹੀਦਾ ਸੀ। ਖਹਿਰਾ ਤਲਵੰਡੀ ਸਾਬੋ ਵਿਖੇ ਲੋਕ ਸਭਾ ਚੋਣਾਂ ਨੂੰ ਲੈ ਕੇ ਮੀਟਿੰਗ ਕਰਨ ਲਈ ਪੁੱਜੇ ਹੋਏ ਸਨ।
ਖਹਿਰਾ ਨੇ ਕਿਹਾ ਕਿ ਭਾਵੇਂ ਡੀ. ਜੀ. ਪੀ. ਲਾਉਣਾ ਸਰਕਾਰ ਦਾ ਅਧਿਕਾਰ ਖੇਤਰ ਹੈ ਪਰ ਦਿਨਕਰ ਗੁਪਤਾ ਵੀ ਪਿਛਲੇ ਡੀ. ਜੀ. ਪੀ. ਸੁਰੇਸ਼ ਅਰੋੜਾ ਵਾਂਗ ਵਿਵਾਦਾਂ ਵਿਚ ਰਹੇ ਹਨ। ਉਨ੍ਹਾਂ ਦਾ ਆਉਣ ਵਾਲਾ ਕਾਰਜਕਾਲ ਦੱਸੇਗਾ ਕਿ ਉਹ ਕਿਸ ਤਰ੍ਹਾਂ ਦਾ ਕੰਮ ਕਰਦੇ ਹਨ। ਲੋਕ ਸਭਾ ਚੋਣਾਂ ਸਬੰਧੀ ਉਮੀਦਵਾਰਾਂ ਬਾਰੇ ਪੁੱਛੇ ਜਾਣ 'ਤੇ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਪਾਰਟੀ ਦਾ ਹਮਖਿਆਲੀ ਪਾਰਟੀਆਂ ਨਾਲ ਮਿਲ ਕੇ 'ਪੰਜਾਬ ਡੈਮੋਕ੍ਰੇਟਿਕ ਅਲਾਇੰਸ' ਬਣ ਚੁੱਕਾ ਹੈ। ਖਹਿਰਾ ਵਲੋਂ ਬਠਿੰਡਾ ਲੋਕ ਸਭਾ ਹਲਕੇ ਤੋਂ ਚੋਣ ਲੜਨ ਸਬੰਧੀ ਪੁੱਛੇ ਸਵਾਲ 'ਤੇ ਉਨ੍ਹਾਂ ਗੱਲ ਗੋਲ ਕਰਦਿਆਂ ਕਿਹਾ ਕਿ ਇਸ ਸਬੰਧੀ ਫੈਸਲਾ ਵੀ ਗੱਠਜੋੜ ਦੀ ਮੀਟਿੰਗ 'ਚ ਹੀ ਲਿਆ ਜਾਵੇਗਾ। ਇਸ ਮੌਕੇ ਉਨ੍ਹਾਂ ਨਾਲ ਜਗਦੇਵ ਸਿੰਘ ਕਮਾਲੂ ਵਿਧਾਇਕ ਤਲਵੰਡੀ ਸਾਬੋ, ਦੀਪਕ ਬਾਂਸਲ ਬਠਿੰਡਾ, ਕਸ਼ਮੀਰ ਸਿੰਘ ਸੰਗਤ, ਜਸਵਿੰਦਰ ਸਿੰਘ ਜ਼ੈਲਦਾਰ, ਮੁਖਤਿਆਰ ਸਿੰਘ ਵੈਦ ਆਦਿ ਹਾਜ਼ਰ ਸਨ।
ਪੰਜਾਬ ਤੇ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਮੇਰੀ ਤਰਜ਼ੀਹ : ਦਿਨਕਰ ਗੁਪਤਾ
NEXT STORY