ਤਰਨਤਾਰਨ (ਰਾਜੂ) : ਪੰਜਾਬ ਖੇਤੀ ਪ੍ਰਧਾਨ ਸੂਬਿਆਂ 'ਚ ਆਉਂਦਾ ਹੈ ਅਤੇ ਇੱਥੋਂ ਦੇ ਜ਼ਿਆਦਾਤਰ ਲੋਕ ਖੇਤੀ ਧੰਦੇ 'ਤੇ ਹੀ ਨਿਰਭਰ ਕਰਦੇ ਹਨ ਪਰ ਪਿਛਲੇ ਕੁਝ ਦਹਾਕਿਆਂ ਤੋਂ ਕਿਸਾਨ ਦਾ ਪੁੱਤ ਹੱਥੀਂ ਕਿਰਤ ਕਰਨ ਦੀ ਥਾਂ ਵਿਦੇਸ਼ ਜਾ ਕੇ ਸੈਟਲ ਹੋਣ ਦੀ ਕੋਸ਼ਿਸ਼ ਕਰ ਰਿਹਾ ਹੈ। ਜਿਸ ਦੇ ਕਾਰਣ ਨੌਜਵਾਨਾਂ ਵਲੋਂ ਆਈਲੈਟਸ ਕਰ ਕੇ ਸਟੱਡੀ ਵੀਜ਼ਾ ਲੈ ਕੇ ਵਿਦੇਸ਼ ਜਾਣ ਦੀ ਹੋੜ ਲੱਗੀ ਹੋਈ ਹੈ। ਉਥੇ ਆਪਣੇ ਦੇਸ਼ ਦੇ ਯੂ. ਪੀ. ਅਤੇ ਬਿਹਾਰ ਦੇ ਪ੍ਰਵਾਸੀਆਂ ਲਈ ਪੰਜਾਬ ਹੀ ਕੈਨੇਡਾ-ਅਮਰੀਕਾ ਬਣਿਆ ਹੋਇਆ ਹੈ। ਉੱਤਰ ਪ੍ਰਦੇਸ਼ ਅਤੇ ਬਿਹਾਰ ਤੋਂ ਰੋਜ਼ਗਾਰ ਲਈ ਪੰਜਾਬ ਆਏ ਪ੍ਰਵਾਸੀ ਲੋਕਾਂ ਨੇ ਹੁਣ ਪੰਜਾਬ 'ਚ ਆ ਕੇ ਕਿਸਾਨਾਂ ਦੀਆਂ ਜ਼ਮੀਨਾਂ ਠੇਕੇ 'ਤੇ ਲੈ ਕੇ ਹੱਥੀਂ ਕਿਰਤ ਕਰਦਿਆਂ ਖੇਤੀਬਾੜੀ ਕਰਨੀ ਸ਼ੁਰੂ ਕਰ ਦਿੱਤੀ ਹੈ।
ਉਕਤ ਲੋਕਾਂ ਵਲੋਂ ਕਣਕ-ਝੋਨੇ ਦੀ ਥਾਂ ਆਰਗੈਨਿਕ ਖੇਤੀ ਕਰਦਿਆਂ ਬਿਨਾਂ ਕੀਟਨਾਸ਼ਕਾਂ ਦੇ ਸਬਜ਼ੀਆਂ ਉਗਾਈਆਂ ਜਾ ਰਹੀਆਂ ਹਨ। ਇਸ ਕੰਮ 'ਚ ਪਰਿਵਾਰ ਦਾ ਹਰੇਕ ਛੋਟਾ ਜਾਂ ਵੱਡਾ ਮੈਂਬਰ ਪੂਰੀ ਮਿਹਨਤ ਨਾਲ ਕੰਮ ਕਰਦਾ ਹੈ ਅਤੇ ਲੋਕਲ ਲੋਕਾਂ ਨੂੰ ਵੀ ਮਜ਼ਦੂਰੀ ਲਈ ਕੰਮ 'ਤੇ ਬੁਲਾ ਕੇ ਰੋਜ਼ਗਾਰ ਦਿੱਤਾ ਜਾਂਦਾ ਹੈ। ਪ੍ਰਵਾਸੀ ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ਇਹ ਜ਼ਮੀਨ ਪੰਜਾਹ ਹਜ਼ਾਰ ਰੁਪਏ ਪ੍ਰਤੀ ਕਿੱਲੇ ਦੇ ਹਿਸਾਬ ਨਾਲ ਠੇਕੇ 'ਤੇ ਲਈ ਹੈ ਅਤੇ ਇਸ 'ਚ ਸਬਜ਼ੀਆਂ ਦੀ ਖੇਤੀ ਦੇਸੀ ਤਰੀਕੇ ਨਾਲ ਬਿਨਾਂ ਖਾਦ ਅਤੇ ਕੀਟਨਾਸ਼ਕਾਂ ਦੇ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਸਬਜ਼ੀ ਦਾ ਰੇਟ ਚੰਗਾ ਮਿਲਣ ਨਾਲ ਸਾਰੇ ਖਰਚੇ ਕੱਢ ਕੇ ਪੰਜਾਹ ਹਜ਼ਾਰ ਰੁਪਏ ਪ੍ਰਤੀ ਕਿੱਲੇ ਦੇ ਹਿਸਾਬ ਨਾਲ ਬੱਚਤ ਹੋ ਜਾਂਦੀ ਹੈ। ਉਕਤ ਕਿਸਾਨ ਦੇ ਛੋਟੇ ਲੜਕੇ ਨੇ ਕਿਹਾ ਕਿ ਪੰਜਾਬ ਦੇ ਮੁੰਡੇ ਕੰਮ-ਕਾਜ਼ ਕਰ ਕੇ ਰਾਜ਼ੀ ਨਹੀਂ, ਉਹ ਤਾਂ ਸਿਰਫ ਆਪਣੇ ਮਾਪਿਆਂ ਦੇ ਪੈਸੇ 'ਤੇ ਐਸ਼ ਕਰਦੇ ਹਨ ਜਦ ਕਿ ਉਹ ਖੁਦ ਸਕੂਲ ਤੋਂ ਬਾਅਦ ਖੇਤੀ 'ਚ ਹੱਥ ਵਟਾਉਂਦਾ ਹੈ।
ਜਲੰਧਰ: ਗਾਂਧੀ ਕੈਂਪ 'ਚ ਗੁੰਡਾਗਰਦੀ, ਤੇਜ਼ਧਾਰ ਹਥਿਆਰਾਂ ਨਾਲ ਮਾਂ-ਬੇਟੇ 'ਤੇ ਹਮਲਾ
NEXT STORY