ਤਰਨਤਾਰਨ (ਰਾਜੂ): ਥਾਣਾ ਸਦਰ ਪੱਟੀ ਪੁਲਸ ਨੇ ਵਿਆਹ ਕਰਵਾਉਣ ਦਾ ਝਾਂਸਾ ਦੇ ਕੇ ਮੰਗੇਤਰ ਦੇ 18 ਲੱਖ ਰੁਪਏ ਖਰਚਾ ਕੇ ਵਿਦੇਸ਼ ਗਈ ਕੁੜੀ ਵਲੋਂ ਕਿਸੇ ਹੋਰ ਵਿਅਕਤੀ ਨਾਲ ਵਿਆਹ ਕਰਵਾ ਕੇ ਲੱਖਾਂ ਦੀ ਠੱਗੀ ਮਾਰਨ ਦੇ ਮਾਮਲੇ 'ਚ 5 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲਸ ਨੂੰ ਦਰਜ ਕਰਵਾਏ ਬਿਆਨਾਂ 'ਚ ਸਰਵਣ ਸਿੰਘ ਪੁੱਤਰ ਦਇਆ ਸਿੰਘ ਵਾਸੀ ਕਰਮੂੰਵਾਲਾ ਨੇ ਦੱਸਿਆ ਕਿ ਉਸ ਦਾ ਲੜਕਾ ਵਿਦੇਸ਼ ਜਾਣ ਦਾ ਇਛੁੱਕ ਸੀ, ਜਿਸ ਦੇ ਚੱਲਦਿਆਂ ਸਾਡੀ ਮੁਲਾਕਾਤ ਨਿਸ਼ਾਨ ਸਿੰਘ ਪੁੱਤਰ ਠਾਕਰ ਸਿੰਘ ਵਾਸੀ ਮਮਦੋਟ (ਫਿਰੋਜ਼ਪੁਰ) ਨਾਲ ਹੋਈ। ਉਸ ਨੇ ਕਿਹਾ ਕਿ ਮੇਰੀ ਧੀ ਵੀਰਪਾਲ ਕੌਰ ਨੇ ਆਈਲੈੱਟਸ ਕੀਤਾ ਹੈ ਪਰ ਉਨ੍ਹਾਂ ਕੋਲ ਵਿਦੇਸ਼ ਜਾਣ ਲਈ ਖਰਚਾ ਨਹੀਂ ਹੈ। ਇਸ ਲਈ ਜੇਕਰ ਤੁਸੀਂ ਵੀਰਪਾਲ ਕੌਰ ਨੂੰ ਆਪਣੇ ਖਰਚੇ 'ਤੇ ਵਿਦੇਸ਼ ਭੇਜ ਦਿੰਦੇ ਹੋ ਤਾਂ ਉਹ ਤੁਹਾਡੇ ਮੁੰਡੇ ਗੁਰਬਾਜ਼ ਸਿੰਘ ਨਾਲ ਵਿਆਹ ਕਰਵਾ ਕੇ ਉਸ ਨੂੰ ਵੀ ਵਿਦੇਸ਼ ਲੈ ਜਾਵੇਗੀ।
ਇਹ ਵੀ ਪੜ੍ਹੋ : ਪੁਲਸ ਮੁਲਾਜ਼ਮ ਦੀ ਰਿਪੋਰਟ ਵੇਖ ਡਾਕਟਰਾਂ ਦੇ ਉੱਡੇ ਹੋਸ਼, ਖ਼ੁਦ ਵੀ ਹੋਇਆ ਮੌਕੇ ਤੋਂ ਫ਼ਰਾਰ
ਇਸ 'ਤੇ ਅਸੀਂ ਦੋਵਾਂ ਦੀ ਮੰਗਣੀ ਗੁਰਦੁਆਰਾ ਸ਼ਹੀਦ ਭਾਈ ਬੀਰ ਸਿੰਘ ਜੀ ਪਿੰਡ ਭੰਗਾਲਾ ਵਿਖੇ ਕਰ ਦਿੱਤੀ ਅਤੇ ਵੀਰਪਾਲ ਕੌਰ ਦੇ ਆਸਟ੍ਰੇਲੀਆ ਜਾਣ ਲਈ 18 ਲੱਖ ਰੁਪਏ ਦੀਆਂ ਫ਼ੀਸਾਂ ਅਤੇ ਹੋਰ ਫੰਡ ਅਦਾ ਕਰ ਦਿੱਤੇ। ਪਰ ਵੀਰਪਾਲ ਕੌਰ ਨੇ ਵਿਦੇਸ਼ ਪਹੁੰਚਦਿਆਂ ਸਾਡੇ ਨਾਲੋਂ ਸੰਪਰਕ ਤੋੜ ਲਿਆ ਅਤੇ ਕਿਸੇ ਹੋਰ ਵਿਅਕਤੀ ਨਾਲ ਵਿਆਹ ਕਰਵਾ ਲਿਆ, ਜਿਸ ਦੀ ਸ਼ਿਕਾਇਤ ਉਨ੍ਹਾਂ ਪੁਲਸ ਨੂੰ ਕਰ ਦਿੱਤੀ। ਇਸ ਸਬੰਧੀ ਏ.ਐੱਸ.ਆਈ. ਗੁਰਪਾਲ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਉੱਚ ਅਧਿਕਾਰੀਆਂ ਵਲੋਂ ਕਰਨ ਉਪਰੰਤ ਵੀਰਪਾਲ ਕੌਰ ਪੁੱਤਰੀ ਨਿਸ਼ਾਨ ਸਿੰਘ ਵਾਸੀ ਆਸਟ੍ਰੇਲੀਆ, ਹੀਰਾ ਸਿੰਘ ਪੁੱਤਰ ਨਿਸ਼ਾਨ ਸਿੰਘ ਵਾਸੀ ਮਮਦੋਟ, ਨਿਸ਼ਾਨ ਸਿੰਘ ਪੁੱਤਰ ਠਾਕਰ ਸਿੰਘ ਵਾਸੀ ਮਮਦੋਟ, ਬੇਅੰਤ ਕੌਰ ਪਤਨੀ ਗੁਰਭੇਜ ਸਿੰਘ ਵਾਸੀ ਵਾਹਕੇ (ਫਿਰੋਜ਼ਪੁਰ) ਅਤੇ ਕੁਲਵਿੰਦਰ ਕੌਰ ਪਤਨੀ ਰਾਜ ਸਿੰਘ ਵਾਸੀ ਬਧਾਈ (ਮੁਕਤਸਰ) ਖ਼ਿਲਾਫ਼ ਮਾਮਲਾ ਨੰਬਰ 215 ਧਾਰਾ 420/120ਬੀ-ਆਈ.ਪੀ.ਸੀ. ਤਹਿਤ ਕੇਸ ਦਰਜ ਕਰਕੇ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਵਿਦੇਸ਼ ਭੇਜਣ ਲਈ ਏਜੰਟ ਨੇ ਅੱਧੀ ਰਾਤੀਂ ਬੁਲਾਇਆ ਵਿਅਕਤੀ, ਵਾਪਰੀ ਵੱਡੀ ਵਾਰਦਾਤ ਨੇ ਉਡਾ ਛੱਡੇ ਹੋਸ਼
NEXT STORY