ਤਰਨਤਾਰਨ (ਰਮਨ) : ਬੀਤੇ ਦਿਨੀਂ ਜ਼ਿਲਾ ਤਰਨਤਾਰਨ ਦੇ ਅਧੀਨ ਆਉਂਦੇ ਪਿੰਡ ਬਾਲੇਚੱਕ ਵਿਖੇ ਇਕ ਨੌਜਵਾਨ ਦੀ ਕੁੱਟ-ਮਾਰ ਕਰਨ ਅਤੇ ਉਸਦੇ ਕੱਪੜੇ ਉਤਾਰ ਨੰਗੀ ਹਾਲਤ 'ਚ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਵਾਇਰਲ ਕਰਨ ਦੇ ਦੋਸ਼ ਹੇਠ ਪੁਲਸ ਵਲੋਂ 6 ਵਿਅਕਤੀਆਂ ਨੂੰ ਨਾਮਜ਼ਦ ਕਰਦੇ ਹੋਏ 12 ਅਣਪਛਾਤਿਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ, ਜਿਸ 'ਚੋਂ ਅੱਜ 2 ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਉੱਧਰ ਇਸ ਮਾਮਲੇ 'ਚ ਨਵਾਂ ਮੋੜ ਉਸ ਵੇਲੇ ਵੇਖਣ ਨੂੰ ਮਿਲਿਆ ਜਦੋਂ ਇਕ ਵਿਆਹੁਤਾ ਔਰਤ ਨੇ ਐੱਸ. ਐੱਸ. ਪੀ. ਨੂੰ ਦਰਖਾਸਤ ਦਿੰਦੇ ਹੋਏ ਉਸ ਨਾਲ ਅਸ਼ਲੀਲ ਹਰਕਤਾਂ ਕਰਨ ਵਾਲੇ ਦੋਸ਼ੀ ਖਿਲਾਫ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
ਜਾਣਕਾਰੀ ਅਨੁਸਾਰ ਪਰਮਜੀਤ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਗਿਲਵਾਲੀ ਗੇਟ, ਭਿੰਡਰ ਕਾਲੋਨੀ, ਜ਼ਿਲਾ ਅੰਮ੍ਰਿਤਸਰ ਨੇ ਪੁਲਸ ਨੂੰ ਦੱਸਿਆ ਸੀ ਕਿ ਮੰਗਲਵਾਰ ਕਿਸੇ ਕੰਮ ਲਈ ਆਪਣੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਪਿੰਡ ਗੋਹਲਵੜ ਜ਼ਿਲਾ ਤਰਨਤਾਰਨ ਨੂੰ ਆ ਰਿਹਾ ਸੀ। ਜਦੋਂ ਉਹ ਅੰਮ੍ਰਿਤਸਰ ਤੋਂ ਤਰਨਤਾਰਨ ਰੋਡ 'ਤੇ ਸਥਿਤ ਪਾਵਰ ਗ੍ਰਿਡ ਹਾਉੂਸ ਵਿਖੇ ਪੁੱਜਾ ਤਾਂ ਉਸ ਨੂੰ ਰਸਤੇ 'ਚ ਕੁੱਝ ਅਣਪਛਾਤੇ ਵਿਅਕਤੀਆਂ ਵਲੋਂ ਰੋਕ ਉਸ ਦੀ ਕੁੱਟ-ਮਾਰ ਕਰਨੀ ਸ਼ੁਰੂ ਕਰ ਦਿੱਤੀ ਅਤੇ ਉਸ ਨੂੰ ਨੰਗਾ ਕਰ ਦਿੱਤਾ, ਜਿਸ ਤੋਂ ਬਾਅਦ ਉਸ ਦੀਆਂ ਮੋਬਾਇਲਾਂ ਦੀ ਮਦਦ ਨਾਲ ਵੀਡੀਓਜ਼ ਬਣਾਈਆਂ ਗਈਆਂ ਜਿਨ੍ਹਾਂ ਨੂੰ ਸੋਸ਼ਲ਼ ਮੀਡੀਆ 'ਤੇ ਵਾਇਰਲ ਕਰ ਦਿੱਤਾ ਗਿਆ। ਇਸ ਤੋਂ ਬਾਅਦ ਉਸ ਨੂੰ ਨਗਨ ਹਾਲਤ 'ਚ ਮੋਟਰਸਾਈਕਲ 'ਤੇ ਘਰ ਜਾਣ ਲਈ ਮਜਬੂਰ ਹੋਣਾ ਪਿਆ। ਇਹ ਮਾਮਲਾ ਜਦੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਧਿਆਨ 'ਚ ਆਇਆ ਤਾਂ ਉਨ੍ਹਾਂ ਵਲੋਂ ਦਿੱਤੇ ਗਏ ਹੁਕਮਾਂ ਤਹਿਤ ਥਾਣਾ ਸਿਟੀ ਵਿਖੇ ਡੀ. ਐੱਸ. ਪੀ. ਸਿਟੀ ਸੁੱਚਾ ਸਿੰਘ ਬੱਲ ਦੇ ਬਿਆਨਾਂ ਹੇਠ ਸੰਦੀਪ ਸਿੰਘ ਪੁੱਤਰ ਬਲਬੀਰ ਸਿੰਘ, ਹਰਪ੍ਰੀਤ ਸਿੰਘ ਪੁੱਤਰ ਬਲਬੀਰ ਸਿੰਘ, ਹਰਪ੍ਰੀਤ ਕੌਰ ਪਤਨੀ ਸੰਦੀਪ ਸਿੰਘ, ਕਾਲੂ, ਲੱਖਾ ਸਿੰਘ ਪੁੱਤਰ ਨਿਰਮਲ ਸਿੰਘ, ਹੀਰਾ ਸਾਰੇ ਨਿਵਾਸੀ ਪਿੰਡ ਚੱਬਾ ਜ਼ਿਲਾ ਅੰਮ੍ਰਿਤਸਰ ਤੋਂ ਇਲਾਵਾ 12 ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ। ਪੁਲਸ ਵਲੋਂ ਇਨ੍ਹਾਂ ਵੀਡੀਓਜ਼ ਦੇ ਆਧਾਰ 'ਤੇ ਬਾਕੀ ਮੁਲਜ਼ਮਾਂ ਦੀ ਭਾਲ ਸਬੰਧੀ ਪੁਲਸ ਪਾਰਟੀਆਂ ਤਿਆਰ ਕੀਤੀਆਂ ਗਈਆਂ ਹਨ।
ਵਿਆਹੁਤਾ ਨੇ ਮੁੱਖ ਮੰਤਰੀ ਤੋਂ ਲਗਾਈ ਇਨਸਾਫ ਦੀ ਗੁਹਾਰ
ਹਰਪ੍ਰੀਤ ਕੌਰ ਪਤਨੀ ਸੰਦੀਪ ਸਿੰਘ ਵਾਸੀ ਪਿੰਡ ਚੱਬਾ ਨੇ ਅੱਜ ਐਡਵੋਕੇਟ ਨਵਜੋਤ ਕੌਰ ਚੱਬਾ ਨਾਲ ਐੱਸ. ਐੱਸ. ਪੀ. ਧਰੁਵ ਦਹੀਆ ਸਾਹਮਣੇ ਪੇਸ਼ ਹੋ ਕੇ ਇਸ ਮਾਮਲੇ ਦੀ ਸਹੀ ਜਾਂਚ ਕਰਦੇ ਹੋਏ ਮੁੱਖ ਮੰਤਰੀ ਅਮਰਿੰਦਰ ਸਿੰਘ ਕੋਲੋਂ ਇਨਸਾਫ ਦੀ ਗੁਹਾਰ ਲਗਾਈ ਹੈ। ਹਰਪ੍ਰੀਤ ਕੌਰ ਨੇ ਪੱਤਰਕਾਰਾਂ ਨੂੰ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਉਹ ਆਪਣੇ ਪੇਕੇ ਘਰੋਂ ਆਪਣੀ ਮਾਂ ਨੂੰ ਮਿਲ ਕੇ ਸਹੁਰੇ ਘਰ ਜਾਣ ਲਈ ਚਾਟੀਵਿੰਡ ਨਹਿਰਾਂ ਅੰਮ੍ਰਿਤਸਰ ਤੋਂ ਸੋਮਵਾਰ ਨੂੰ ਆਟੋ 'ਤੇ ਸਵਾਰ ਹੋ ਆ ਰਹੀ ਸੀ, ਜਿਸ ਦਾ ਪਿੱਛਾ ਕਰਦਾ ਹੋਇਆ ਪਰਮਜੀਤ ਸਿੰਘ ਉਸਦੇ ਨਾਲ ਆਟੋ 'ਚ ਸਵਾਰ ਹੋ ਗਿਆ ਅਤੇ ਉਸ ਨਾਲ ਗਲਤ ਹਰਕਤਾਂ ਕਰਨ ਲੱਗ ਪਿਆ। ਜਦੋਂ ਆਟੋ 'ਚ ਸਵਾਰ ਸਾਰੀਆਂ ਸਵਾਰੀਆਂ ਉੱਤਰ ਗਈਆਂ ਤਾਂ ਪਰਮਜੀਤ ਸਿੰਘ ਨੇ ਉਸ ਨੂੰ ਜ਼ੋਰ ਜ਼ਬਰਦਸਤੀ ਤੰਗ ਕਰਦੇ ਹੋਏ ਅਸ਼ਲੀਲ ਹਰਕਤਾਂ ਕਰਨੀਆਂ ਤੇਜ਼ ਕਰ ਦਿੱਤੀਆਂ ਅਤੇ ਆਪਣਾ ਫੋਨ ਨੰਬਰ ਇਕ ਕਾਗਜ ਼'ਤੇ ਲਿਖ ਉਸ ਨੂੰ ਦਿੰਦੇ ਹੋਏ ਆਟੋ 'ਚੋਂ ਅੱਡਾ ਗਿਲਵਾਲੀ ਵਿਖੇ ਉੱਤਰ ਗਿਆ। ਹਰਪ੍ਰੀਤ ਕੌਰ ਨੇ ਇਹ ਸਾਰੀ ਗੱਲ ਆਪਣੇ ਘਰ ਆ ਕੇ ਪਤੀ ਸੰਦੀਪ ਸਿੰਘ ਨੂੰ ਦੱਸੀ, ਜਿਸ ਤੋਂ ਬਾਅਦ ਅਗਲੇ ਦਿਨ ਪਰਮਜੀਤ ਸਿੰਘ ਦੀ ਸ਼ਨਾਖਤ ਕਰਨ ਲਈ ਉਸ ਦੇ ਪਤੀ ਦੇ ਕਹਿਣ 'ਤੇ ਉਸ ਨੇ ਪਰਮਜੀਤ ਨੂੰ ਫੋਨ ਕਰਕੇ ਪਿੰਡ ਬੁਲਾ ਲਿਆ ਜਦੋਂ ਪਰਮਜੀਤ ਉੱਥੇ ਪੁੱਜਾ ਤਾਂ ਉਸਦੇ ਪਤੀ ਸੰਦੀਪ ਸਿੰਘ ਨੂੰ ਗੁੱਸਾ ਆ ਗਿਆ, ਜੋ ਉਸ ਨੂੰ ਬੁਰਾ ਭਲਾ ਕਹਿ ਕੇ ਵਾਪਸ ਪਿੰਡ ਚਲੇ ਗਏ। ਪਰ ਬਾਅਦ 'ਚ ਕੁੱਝ ਰਾਹਗੀਰਾਂ ਨੇ ਪਰਮਜੀਤ ਸਿੰਘ ਦੀ ਕੁੱਟ-ਮਾਰ ਕਰਨੀ ਸ਼ੁਰੂ ਕਰ ਦਿੱਤੀ ਅਤੇ ਉਸ ਦੀ ਨੰਗੀ ਹਾਲਤ 'ਚ ਬਣਾਈ ਵੀਡੀਓ, ਜਿਸ 'ਚ ਉਸ ਦੇ ਪਰਿਵਾਰ ਦਾ ਕੋਈ ਦੋਸ਼ ਨਹੀਂ ਹੈ ਪਰ ਪੁਲਸ ਵਲੋਂ ਉਸ ਦੇ ਪਰਿਵਾਰ ਖਿਲਾਫ ਬਿਨਾਂ ਜਾਂਚ ਕੀਤੇ ਮਾਮਲਾ ਦਰਜ ਕਰ ਦਿੱਤਾ ਹੈ। ਹਰਪ੍ਰੀਤ ਕੌਰ ਨੇ ਇਸ ਸਬੰਧੀ ਐੱਸ. ਐੱਸ. ਪੀ. ਰਾਹੀਂ ਮੁੱਖ ਮੰਤਰੀ ਕੋਲੋਂ ਸਹੀ ਜਾਂਚ ਕਰਨ ਅਤੇ ਅਸ਼ਲੀਲ ਹਰਕਤਾਂ ਕਰਨ ਵਾਲੇ ਪਰਮਜੀਤ ਖਿਲਾਫ ਮਾਮਲਾ ਦਰਜ ਕਰਨ ਸਬੰਧੀ ਗੁਹਾਰ ਲਗਾਈ ਹੈ।
ਸੋਸ਼ਲ ਮੀਡੀਆ ਤੋਂ ਹਟਾਈ ਜਾਵੇਗੀ ਵੀਡੀਓ
ਡੀ. ਐੱਸ. ਪੀ. (ਸਿਟੀ) ਸੁੱਚਾ ਸਿੰਘ ਬੱਲ ਨੇ ਦੱਸਿਆ ਕਿ ਇਸ ਮਾਮਲੇ 'ਚ ਪੁਲਸ ਨੇ ਗੁਰਬਖਸ਼ ਸਿੰਘ ਉਰਫ ਕਾਲਾ ਅਤੇ ਹਰਪ੍ਰੀਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਸੀ ਜਿਨ੍ਹਾਂ ਨੂੰ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਵੀਡੀਓ ਨੂੰ ਯੂ. ਟਿਊਬ ਤੋਂ ਹਟਾਉਣ ਲਈ ਸਾਈਬਰ ਸੈੱਲ ਵਲੋਂ ਹੁਕਮ ਜਾਰੀ ਕੀਤੇ ਜਾ ਰਹੇ ਹਨ, ਜਿਸ ਤੋਂ ਬਾਅਦ ਇਹ ਵੀਡੀਓ ਯੂ. ਟਿਊਬ 'ਤੇ ਵਿਖਾਈ ਨਹੀਂ ਦੇਵੇਗੀ। ਉਨ੍ਹਾਂ ਦੱਸਿਆ ਕਿ ਵਿਆਹੁਤਾ ਵਲੋਂ ਦਿੱਤੀ ਦਰਖਾਸਤ ਦੀ ਵੀ ਜਾਂਚ ਸ਼ੁਰੂ ਕੀਤੀ ਜਾ ਰਹੀ ਹੈ।
ਤਸਕਰੀ ਦਾ ਅਨੋਖਾ ਤਰੀਕਾ, ਗੈਸ ਸਿਲੰਡਰ 'ਚੋਂ ਨਿਕਲੀ ਸ਼ਰਾਬ
NEXT STORY