ਤਰਨਤਾਰਨ (ਲਾਲੂਘੁੰਮਣ, ਜ.ਬ)-ਪੰਜਾਬ ’ਚ ਝੂਠੇ ਵਾਅਦਿਆਂ ਅਤੇ ਲਾਰਿਆਂ ਦੇ ਸਹਾਰੇ ਬਣੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਖਿਲਾਫ਼ ਜ਼ੋਰਦਾਰ ਸੰਘਰਸ਼ ਵਿੱਢਦਿਆਂ ਆਜ਼ਾਦ ਕਿਸਾਨ ਸੰਘਰਸ਼ ਕਮੇਟੀ (ਪੰਜਾਬ) ਪੰਜਾਬ ਅੰਦਰ ਸਾਰੇ ਜ਼ਿਲਿਆਂ ਦੇ ਡਿਪਟੀ ਕਮਿਸ਼ਨਰਾਂ ਦੇ ਦਫ਼ਤਰਾਂ ਅੱਗੇ 18 ਜਨਵਰੀ ਨੂੰ ਰੋਸ ਧਰਨੇ ਦੇਣ ਜਾ ਰਹੀ ਹੈ। ਡਿਪਟੀ ਕਮਿਸ਼ਨਰ ਦੇ ਦਫ਼ਤਰ ਤਰਨਤਾਰਨ ਵਿਖੇ ਵੀ ਇਸ ਦਿਨ ਰੋਸ ਧਰਨਾ ਦਿੱਤਾ ਜਾਵੇਗਾ। ਇਹ ਜਾਣਕਾਰੀ ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੀ ਪਿੰਡ ਚਾਹਲ ਸਥਿਤ ਵਿਖੇ ਬਲਾਕ ਪ੍ਰਧਾਨ ਅਵਤਾਰ ਸਿੰਘ ਚਾਹਲ ਅਤੇ ਪਾਰਟੀ ਦੇ ਸੂਬਾਈ ਆਗੂ ਕੈਪਟਨ ਸਿੰਘ ਬਘਿਆਡ਼ੀ ਦੀ ਅਗਵਾਈ ਹੇਠ ਧਰਨੇ ਦੀਆਂ ਤਿਆਰੀਆਂ ਸਬੰਧੀ ਰੱਖੀ ਗਈ ਵਿਸ਼ੇਸ਼ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਮੇਟੀ ਦੇ ਸੂਬਾ ਪ੍ਰਧਾਨ ਹਰਵਿੰਦਰ ਸਿੰਘ ਟਾਂਡਾ ਅਤੇ ਨਿਰਵੈਲ ਸਿੰਘ ਡਾਲੇਕੇ ਨੇ ਦਿੱਤੀ। ਆਗੂਆਂ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੱਤਾ ਹਾਸਲ ਕਰਨ ਤੋਂ ਬਾਅਦ ਕਿਸਾਨ, ਮਜ਼ਦੂਰਾਂ ਅਤੇ ਆਮ ਲੋਕਾਂ ਨਾਲ ਵਾਅਦਾ-ਖਿਲਾਫੀ ਕੀਤੀ ਹੈ, ਉਥੇ ਹੀ ਪੰਜਾਬ ਸਰਕਾਰ ਵੱਲੋਂ ਲਗਾਤਾਰ ਘਰੇਲੂ ਬਿਜਲੀ ਦਰਾਂ ’ਚ ਵਾਧਾ ਕਰਦਿਆਂ ਪੰਜਾਬ ਦੀ ਆਮ ਜਨਤਾ ਅਤੇ ਗਰੀਬ ਵਰਗ ’ਤੇ ਬਹੁਤ ਵੱਡਾ ਆਰਥਿਕ ਬੋਝ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਦਫਤਰਾਂ ’ਚ ਭ੍ਰਿਸ਼ਟਾਚਾਰ ਦਾ ਬੋਲਬਾਲਾ ਬਹੁਤ ਵੱਧ ਚੁੱਕਾ ਹੈ, ਜਦੋਂ ਕਿ ਸਿਆਸੀ ਦਬਾਅ ਇਥੋਂ ਤੱਕ ਸਰਕਾਰੀ ਵਿਭਾਗਾਂ ’ਤੇ ਹੈ ਕਿ ਸ਼ਰੇਆਮ ਸਰਕਾਰੀ ਬਾਬੂ ਰਿਸ਼ਵਤਖੋਰੀ ਦੀ ਲੁੱਟ ਦਾ ਲੋਕਾਂ ਨੂੰ ਸ਼ਿਕਾਰ ਬਣਾ ਰਹੇ ਹਨ। ਪੰਜਾਬ ਅੰਦਰ ਨਸ਼ਾਖੋਰੀ ਦਾ ਕਾਰੋਬਾਰ ਪਹਿਲਾਂ ਨਾਲੋਂ 10 ਗੁਣਾ ਵੱਧ ਚੁੱਕਾ ਹੈ, ਗੁਰਬਤ, ਬੇਰੋਜ਼ਗਾਰੀ, ਭ੍ਰਿਸ਼ਟਾਚਾਰ ਸਭ ਹੱਦਾਂ-ਬੰਨ੍ਹੇ ਪਾਰ ਚੁੱਕਾ ਹੈ। ‘ਕਰਜ਼ਾ, ਕੁਰਕੀ ਖਤਮ, ਫਸਲ ਦੀ ਪੂਰੀ ਰਕਮ’ ਮੁਹਿੰਮ ਦੇ ਦਾਅਵੇ ਖੋਖਲੇ ਸਾਬਤ ਹੋਏ ਹਨ, ਘਰ-ਘਰ ਨੌਕਰੀ ਦੀ ਨੌਜਵਾਨ ਉਡੀਕ ਕਰ ਰਹੇ ਹਨ। 51 ਹਜ਼ਾਰ ਸ਼ਗਨ ਨੂੰ ਨਵ-ਵਿਆਹੀ ਲਡ਼ਕੀਆਂ ਦੇ ਮਾਪੇ ਉਡੀਕ ਰਹੇ ਹਨ। 25 ਸੌ ਰੁਪਏ ਬੇਰੋਜ਼ਗਾਰੀ ਭੱਤਾ ਲੈਣ ਲਈ ਬੇਰੋਜ਼ਗਾਰ ਕੈਪਟਨ ਅਮਰਿੰਦਰ ਸਿੰਘ ਦੇ ਝੂਠ ਦਾ ਮਜ਼ਾਕ ਉੱਡਾ ਰਹੇ ਹਨ। ਆਟਾ ਦਾਲ ਦੇ ਨਾਲ ਘਿਓ ਅਤੇ ਖੰਡ ਦੀ ਗਰੀਬ ਲੋਕ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਆਗੂਆਂ ਨੇ ਕਿਹਾ ਕਿ ਪੰਜਾਬ ’ਚ ਕਾਨੂੰਨ ਵਿਵਸਥਾ ਦਾ ਬੁਰਾ ਹਾਲ ਹੈ, ਹਰ ਪਾਸੇ ਗੁੰਡਾਗਰਦੀ, ਲੁੱਟ-ਖੋਹ, ਕਿਡਨੈਪਿੰਗ ਅਤੇ ਕਤਲ ਵਰਗੀਆਂ ਘਟਨਾਵਾਂ ਪਨਪ ਰਹੀਆਂ ਹਨ, ਲੋਕ ਆਪਣੇ-ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ। ਆਗੂਆਂ ਨੇ ਦੱਸਿਆ ਕਿ ਇਨ੍ਹਾਂ ਸਭ ਸਮੱਸਿਆਵਾਂ ਸਬੰਧੀ ਪੰਜਾਬ ਦੀਆਂ ਹੋਰ 7 ਕਿਸਾਨ ਜਥੇਬੰਦੀਆਂ ਵੱਲੋਂ ਇਕਜੁਟ ਹੋ ਕੇ ਰੋਸ ਵਜੋਂ 18 ਜਨਵਰੀ ਨੂੰ ਪੰਜਾਬ ਦੇ ਸਾਰੇ ਡਿਪਟੀ ਕਮਿਸ਼ਨਰ ਦਫ਼ਤਰਾਂ ਦੇ ਅੱਗੇ ਵਿਸ਼ਾਲ ਧਰਨੇ ਲਾਏ ਜਾ ਰਹੇ ਹਨ। ਉਨ੍ਹਾਂ ਨੇ ਇਨ੍ਹਾਂ ਧਰਨਿਆਂ ’ਚ ਕਿਸਾਨਾਂ, ਮਜ਼ਦੂਰਾਂ ਅਤੇ ਔਰਤਾਂ ਨੂੰ ਵਹੀਰਾਂ ਘੱਤ ਕੇ ਪਹੁੰਚਣ ਦੀ ਅਪੀਲ ਕੀਤੀ ਹੈ। ਇਸ ਮੌਕੇ ਹਰਭਾਲ ਸਿੰਘ ਨੌਸ਼ਹਿਰਾ, ਨਰਿੰਜਣ ਸਿੰਘ ਚਾਹਲ, ਅਜੀਤ ਸਿੰਘ ਲੋਹੀਆਂ, ਕਾਰਜ ਸਿੰਘ ਸਰਾਂ, ਭਗਵੰਤ ਸਿੰਘ ਗੰਡੀਵਿੰਡ, ਸਰਬਜੀਤ ਸਿੰਘ ਗੰਡੀਵਿੰਡ, ਸਾਬ ਸਿੰਘ ਮੀਆਂਪੁਰ, ਰੇਸ਼ਮ ਸਿੰਘ ਗਹਿਰੀ, ਸੂਬਾ ਸਿੰਘ ਮਾਣਕਪੁਰਾ, ਸੁਖਦੇਵ ਸਿੰਘ ਝਾਮਕਾ, ਪ੍ਰਿਤਪਾਲ ਸਿੰਘ, ਭੋਲਾ ਸਿੰਘ, ਗੁਰਲਾਲ ਸਿੰਘ ਸੁਲੱਖਣ ਸਿੰਘ, ਜੋਗਿੰਦਰ ਸਿੰਘ ਦੋਧੀ, ਖਜ਼ਾਨ ਸਿੰਘ, ਮਨਜਿੰਦਰ ਸਿੰਘ ਛਾਪਾ, ਅਮਰੀਕ ਸਿੰਘ ਬਘਿਆਡ਼ੀ, ਪੱਪੂ ਮੀਆਂਪੁਰ, ਗੁਰਮੇਜ ਸਿੰਘ, ਸੁਖਦੇਵ ਸਿੰਘ, ਬਲਜੀਤ ਸਿੰਘ ਸਰਾਂ, ਕੈਪਟਨ ਸਿੰਘ ਬਘਿਆਡ਼ੀ, ਮਲਕੀਤ ਸਿੰਘ ਆਦਿ ਸਮੇਤ ਵੱਡੀ ਗਿਣਤੀ ’ਚ ਕਿਸਾਨ ਮਜ਼ਦੂਰ ਹਾਜ਼ਰ ਸਨ।
ਸਵਾਈਨ ਫਲੂ ਨਾਲ ਅੌਰਤ ਦੀ ਹੋਈ ਮੌਤ ਤੋਂ ਬਾਅਦ ਸਿਹਤ ਵਿਭਾਗ ਨੇ ਕੱਸੀ ਕਮਰ
NEXT STORY