ਤਰਨਤਾਰਨ, (ਰਮਨ ਚਾਵਲਾ)- ਬੀਤੇ ਦਿਨ ਜ਼ਿਲਾ ਤਰਨਤਾਰਨ ਦੀ ਇਕ ਬਜ਼ੁਰਗ ਅੌਰਤ ਦੀ ਸਵਾਈਨ ਫਲੂ ਨਾਲ ਮੌਤ ਹੋ ਜਾਣ ਤੋਂ ਬਾਅਦ ਸਿਹਤ ਵਿਭਾਗ ਦੇ ਕੰਨ ਖਡ਼੍ਹੇ ਹੋ ਗਏ ਹਨ ਜਿਸ ਸਬੰਧੀ ਵਿਭਾਗ ਨੂੰ ਜਿਥੇ ਹੱਥਾਂ ਪੈਰਾਂ ਦੀ ਪੈ ਗਈ ਹੈ ਉਥੇ ਲੋਕਾਂ ਵਿਚ ਸਹਿਮ ਭਰਿਆ ਮਾਹੌਲ ਪਾਇਆ ਜਾ ਰਿਹਾ ਹੈ।
ਇਸ ਸਾਰੀ ਸਥਿਤੀ ਨੂੰ ਵੇਖਦੇ ਹੋਏ ਸਿਹਤ ਵਿਭਾਗ ਵੱਲੋਂ ਅੱਜ ਮ੍ਰਿਤਕ ਅੌਰਤ ਦੇ ਘਰ ਦੇ ਆਸ-ਪਾਸ ਸਰਵੇ ਕੀਤਾ ਗਿਆ ਉਥੇ ਲੋਕਾਂ ਨੂੰ ਇਸ ਬੀਮਾਰੀ ਤੋਂ ਬਚਣ ਸਬੰਧੀ ਜਾਗਰੂਕ ਕੀਤਾ ਗਿਆ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲਾ ਐਪੀਡੀਮਾਇਲੋਜਿਸਟ ਅਫਸਰ ਡਾ. ਸਵਰਨ ਜੀਤ ਸਿੰਘ ਧਵਨ ਨੇ ਦੱਸਿਆ ਕਿ ਖਡੂਰ ਸਾਹਿਬ ਅਧੀਨ ਆਉਂਦੇ ਪਿੰਡ ਜਵੰਦਪੁਰ ਦੀ ਨਿਵਾਸੀ ਗੁਰਮੀਤ ਕੌਰ (50) ਪਤਨੀ ਸੁਖਪਾਲ ਸਿੰਘ (ਹਾਲ ਵਾਸੀ ਇਟਲੀ) ਨੂੰ ਪਿਛਲੇ ਕੁਝ ਸਮੇਂ ਤੋਂ ਤਬੀਅਤ ਖਰਾਬ ਹੋਣ ਕਾਰਨ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਅੰਮ੍ਰਿਤਸਰ ਦੇ ਇਕ ਪ੍ਰਾਈਵੇਟ ਹਸਪਤਾਲ ਵਿਚ ਦਾਖਲ ਕਰਵਾ ਦਿੱਤਾ।
ਇਸ ਤੋਂ ਬਾਅਦ ਉਨ੍ਹਾਂ ਦੀ ਤਬੀਅਤ ਜ਼ਿਆਦਾ ਵਿਘਡ਼ਨ ਤੋਂ ਬਾਅਦ ਉਨ੍ਹਾਂ ਦੀ ਬੀਤੇ ਕੱਲ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਸ਼ੂਗਰ ਦੀ ਮਰੀਜ਼ ਸੀ ਜਿਨ੍ਹਾਂ ਦੀ ਮੌਤ ਤੋਂ ਬਾਅਦ ਸਵਾਈਨ ਫਲੂ ਹੋਣ ਦੀ ਪੁਸ਼ਟੀ ਹੋਣ ਦਾ ਪਤਾ ਲੱਗਾ ਹੈ ਜਿਸ ਤੋਂ ਬਾਅਦ ਮ੍ਰਿਤਕ ਦਾ ਪੂਰੇ ਅਹਤਿਆਤ ਵਰਤਦੇ ਹੋਏ ਸੰਸਕਾਰ ਕਰ ਦਿੱਤਾ ਗਿਆ ਹੈ। ਡਾ. ਧਵਨ ਨੇ ਦੱਸਿਆ ਕਿ ਸ਼ੱਕ ਦੇ ਤੌਰ ’ਤੇ ਮ੍ਰਿਤਕ ਦੇ 9 ਪਰਿਵਾਰਕ ਮੈਂਬਰਾਂ ਨੂੰ ਐਂਟੀਫਲੂ ਨਾਮਕ ਦਵਾਈ ਦੀ ਖੁਰਾਕ ਦਿੱਤੀ ਗਈ ਹੈ ਅਤੇ ਉਨ੍ਹਾਂ ਨੂੰ ਸਾਫ-ਸਫਾਈ ਆਦਿ ਸਬੰਧੀ ਜਾਗਰੂਕ ਕੀਤਾ ਗਿਆ ਹੈ।
ਕਿਸ ਤਰ੍ਹਾਂ ਕੀਤਾ ਜਾ ਸਕਦਾ ਹੈ ਬਚਾਅ
ਡਾ. ਸਵਰਨਜੀਤ ਸਿੰਘ ਧਵਨ ਨੇ ਦੱਸਿਆ ਕਿ ਸਵਾਈਨ ਫਲੂ ਤੋਂ ਬਚਾਅ ਲਈ ਸਾਨੂੰ ਇਕ ਦੂਜੇ ਨਾਲ ਹੱਥ ਘੱਟ ਮਿਲਾਉਣੇ ਚਾਹੀਦੇ ਹਨ, ਹੱਥ ਸਾਬਣ ਨਾਲ ਚੰਗੀ ਤਰ੍ਹਾਂ ਧੋਣੇ ਚਾਹੀਦੇ ਹਨ, ਭੀਡ਼ ਵਾਲੇ ਖੇਤਰਾਂ ਵਿਚ ਘੱਟ ਜਾਣਾ ਚਾਹੀਦਾ ਹੈ, ਆਪਣੇ ਹੱਥਾਂ ਨੂੰ ਮੂੰਹ ’ਤੇ ਘੱਟ ਫੇਰਨਾ ਚਾਹੀਦਾ ਹੈ, ਠੰਡ ਤੋਂ ਬਚਾਅ ਕਰਨਾ ਚਾਹੀਦਾ ਹੈ। ਇਹ ਸਭ ਕਰਨ ਨਾਲ ਕਿਸੇ ਨੂੰ ਵੀ ਸਵਾਈਨ ਫਲੂ ਦੀ ਬੀਮਾਰੀ ਜਲਦੀ ਨਹੀਂ ਪਕਡ਼ ਸਕਦੀ। ਉਨ੍ਹਾਂ ਦੱਸਿਆ ਕਿ ਗਰਭਵਤੀ ਅੌਰਤਾਂ, ਸ਼ੂਗਰ, ਹਾਰਟ ਦੇ ਮਰੀਜ਼ਾਂ ਅਤੇ ਬਜ਼ੁਰਗਾਂ ਨੂੰ ਇਸ ਬੀਮਾਰੀ ਤੋਂ ਬਚਣ ਲਈ ਜ਼ਿਆਦਾਤਰ ਘਰ ਵਿਚ ਹੀ ਰਹਿਣਾ ਚਾਹੀਦਾ ਹੈ ਅਤੇ ਤਰਲ ਪਦਾਰਥਾਂ ਦੀ ਜ਼ਿਆਦਾ ਵਰਤੋ ਕਰਨੀ ਚਾਹੀਦੀ ਹੈ।
ਹਰ ਤਰ੍ਹਾਂ ਦੀ ਸਥਿਤੀ ਨਾਲ ਨਿਪਟਣ ਲਈ ਹਾਂ ਤਿਆਰ
ਸਿਵਲ ਸਰਜਨ ਡਾ. ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋ ਜ਼ਿਲੇ ਭਰ ਦੇ ਸਿਹਤ ਕੇਂਦਰਾਂ ਵਿਚ ਸਪੈਸ਼ਲ ਵਾਰਡਾਂ ਦਾ ਇੰਤਜ਼ਾਮ ਕੀਤਾ ਗਿਆ ਹੈ ਜਿਸ ਵਿਚ ਮਰੀਜ਼ ਨੂੰ ਠੀਕ ਕਰਨ ਲਈ ਸਾਰੇ ਇੰਤਜ਼ਾਮ ਕੀਤੇ ਜਾ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਇਸ ਬੀਮਾਰੀ ਤੋਂ ਡਰਨ ਦੀ ਕੋਈ ਜ਼ਰੂਰਤ ਨਹੀਂ ਹੈ।
ਇਸ ਲਈ ਸਿਰਫ ਜਾਗਰੂਕ ਹੋਣ ਦੀ ਲੋਡ਼ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਵੱਲੋਂ ਸਮੂਹ ਮੈਡੀਕਲ ਅਫਸਰਾਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਜੇ ਕੋਈ ਵੀ ਸ਼ੱਕੀ ਮਰੀਜ਼ ਲੱਗਦਾ ਹੈ ਤਾਂ ਉਸ ਨੂੰ ਸਵਾਈਨ ਫਲੂ ਦੀ ਦਵਾਈ ਸ਼ੁਰੂ ਕਰ ਦਿੱਤੀ ਜਾਵੇ। ਉਨ੍ਹਾਂ ਅਪੀਲ ਕੀਤੀ ਕਿ ਭੀਡ਼ ਵਾਲੇ ਇਲਾਕਿਆਂ ਵਿਚ ਨਾ ਜਾਓ।
ਜਿੰਦਰੇ ਤੋਡ਼ ਕੇ ਗੈਸ ਸਿਲੰਡਰ ਤੇ 20 ,000 ਨਕਦੀ ਚੋਰੀ
NEXT STORY