ਚੰਡੀਗੜ੍ਹ : ਆਮ ਆਦਮੀ ਪਾਰਟੀ ਦੀ ਆਗੂ ਆਤਿਸ਼ੀ ਵਲੋਂ ਗੁਰੂਆਂ ਦੇ ਵਿਸ਼ੇ 'ਤੇ ਅਦਾਲਤ ਨੂੰ ਗੁੰਮਰਾਹ ਕਰਕੇ ਮਾਨ ਸਰਕਾਰ ਝੂਠ ਫੈਲਾ ਰਹੀ ਹੈ। ਇਹ ਪ੍ਰਗਟਾਵਾ ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਵਲੋਂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜਲੰਧਰ 'ਚ ਅਦਾਲਤ ਦਾ ਹਾਲੀਆ ਹੁਕਮ ਕਿਸੇ ਵੀ ਤਰ੍ਹਾਂ ਅੰਤਿਮ ਫ਼ੈਸਲਾ ਨਹੀਂ ਹੈ, ਸਗੋਂ ਸਿਰਫ਼ ਮਾਨ ਸਰਕਾਰ ਵਲੋਂ ਕੰਟਰੋਲਡ ਫਾਰੈਂਸਿਕ ਰਿਪੋਰਟ 'ਤੇ ਆਧਾਰਿਤ ਇੱਕ ਅੰਤਰਿਮ ਹੁਕਮ ਹੈ। ਚੁੱਘ ਨੇ ਮੰਗ ਕੀਤੀ ਕਿ ਗੁਰੂ ਸਾਹਿਬਾਨ ਦੇ ਅਪਮਾਨ ਦੇ ਮਾਮਲੇ ਦੀ ਤੇਜ਼ੀ ਅਤੇ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ, ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਅਜਿਹੀ ਸਰਕਾਰ ਜੋ ਗੁਰੂ ਸਾਹਿਬਾਨ ਦਾ ਅਪਮਾਨ ਕਰਨ ਵਾਲਿਆਂ ਦੀ ਰੱਖਿਆ ਅਤੇ ਸਰਪ੍ਰਸਤੀ ਕਰਦੀ ਹੈ, ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਕੁੱਝ ਲੋਕ ਜਾਣ-ਬੁੱਝ ਕੇ ਇਸ ਹੁਕਮ ਬਾਰੇ ਭੰਬਲਭੂਸਾ ਫੈਲਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਜਦੋਂ ਕਿ ਸੱਚਾਈ ਇਹ ਹੈ ਕਿ ਇਹ ਨਾ ਤਾਂ ਦੋਸ਼ ਸਾਬਤ ਕਰਦਾ ਹੈ ਅਤੇ ਨਾ ਹੀ ਕਿਸੇ ਤੱਥ ਦਾ ਅੰਤਿਮ ਫ਼ੈਸਲਾ ਕਰਦਾ ਹੈ। ਚੁੱਘ ਨੇ ਕਿਹਾ ਕਿ ਇਹ ਹੈਰਾਨੀ ਵਾਲੀ ਗੱਲ ਹੈ ਕਿ ਜਿਸ ਫਾਰੈਂਸਿਕ ਰਿਪੋਰਟ ਦੇ ਆਧਾਰ 'ਤੇ ਇਹ ਅੰਤਰਿਮ ਹੁਕਮ ਪਾਸ ਹੋਇਆ, ਉਸ 'ਚ ਨਾ ਤਾਂ ਚੇਨ ਆਫ ਕਸਟਡੀ ਦਾ ਕੋਈ ਜ਼ਿਕਰ ਹੈ, ਨਾ ਹੀ ਰਿਪੋਰਟ ਨੂੰ ਚੁਣੌਤੀ ਦੇਣ ਦਾ ਮੌਕਾ ਦਿੱਤਾ ਗਿਆ ਹੈ ਅਤੇ ਨਾ ਹੀ ਕਿਸੇ ਤਰ੍ਹਾਂ ਦੀ ਪ੍ਰਕਿਰਿਆ 'ਤੇ ਅਦਾਲਤ 'ਚ ਕੋਈ ਵਿਚਾਰ-ਚਰਚਾ ਹੋਈ ਹੈ।
ਤਰੁਣ ਚੁੱਘ ਨੇ ਕਿਹਾ ਕਿ ਸਭ ਤੋਂ ਗੰਭੀਰ ਸਵਾਲ ਇਹ ਹੈ ਕਿ ਜੇਕਰ ਦਿੱਲੀ ਵਿਧਾਨ ਸਭਾ ਦੇ ਅਧਿਕਾਰਕ ਰਿਕਾਰਡ ਤੋਂ ਵੀਡੀਓ ਤਲਬ ਨਹੀਂ ਕੀਤਾ ਗਿਆ ਤਾਂ ਫਿਰ ਇਹ ਜਾਂਚ ਕਿਸ ਵੀਡੀਓ ਅਤੇ ਕਿਸ ਸਰੋਤ ਤੋਂ ਕੀਤੀ ਗਈ। ਚੁੱਘ ਨੇ ਕਿਹਾ ਕਿ ਇੱਕ ਪਾਸੇ ਮਾਨ ਸਰਕਾਰ ਦਿੱਲੀ ਵਿਧਾਨ ਸਭਾ ਨਾਲ ਸਬੰਧਿਤ ਝੂਠੇ ਮਾਮਲਿਆਂ 'ਚ ਸਮਾਂ ਮੰਗ ਰਹੀ ਹੈ ਅਤੇ ਦੂਜੇ ਪਾਸੇ ਉਸੇ ਸਰਕਾਰ ਦੇ ਕੰਟਰੋਲ ਵਾਲੀਆਂ ਏਜੰਸੀਆਂ ਦੇ ਆਧਾਰ 'ਤੇ ਅਦਾਲਤ ਨੂੰ ਗੁੰਮਰਾਹ ਕਰਕੇ ਅੰਤਿਮ ਹੁਕਮ ਬਣਾਏ ਜਾ ਰਹੇ ਹਨ।
ਮਾਨ ਸਰਕਾਰ ਦੀ ਪ੍ਰੈੱਸ ਨੂੰ ਦਬਾਉਣ ਦੀ ਕੋਝੀ ਸਾਜਿਸ਼, ਧੱਕੇਸ਼ਾਹੀ ਦਾ ਡਟ ਕੇ ਕਰਾਂਗੇ ਵਿਰੋਧ: ਬਲਵਿੰਦਰ ਭੂੰਦੜ
NEXT STORY