ਖੰਨਾ (ਸੁਖਵਿੰਦਰ ਕੌਰ, ਕਮਲ) : ਪੰਜਾਬ ਸਰਕਾਰ ਵਲੋਂ ਲਾਕਡਾਊਨ ਦੌਰਾਨ ਆਮ ਜਨਤਾ ਤੱਕ ਤਾਜ਼ੀਆਂ ਸਬਜ਼ੀਆਂ ਪਹੁੰਚਾਉਣਾ ਅਤੇ ਸਬਜ਼ੀ ਮੰਡੀ 'ਚ ਹੁੰਦੀ ਭੀੜ ਨੂੰ ਖਤਮ ਕਰਨ ਲਈ ਪੂਰੇ ਪੰਜਾਬ 'ਚ ਸਥਾਨਕ ਪ੍ਰਸ਼ਾਸਨਾਂ ਲਈ ਵੱਡੀ ਚੁਣੌਤੀ ਬਣ ਗਿਆ ਹੈ। ਉਥੇ ਹੀ ਦੂਜੇ ਪਾਸੇ ਖੰਨਾ 'ਚ ਇਸ ਮਾਮਲੇ ਦਾ ਕੋਈ ਪੁਖਤਾ ਹੱਲ ਕਰਨ ਦੀ ਬਜਾਏ ਗੋਡੇ ਟੇਕਦੇ ਹੋਏ ਖੰਨਾ ਪ੍ਰਸ਼ਾਸਨ ਵਲੋਂ ਸਬਜ਼ੀ ਮੰਡੀ ਨੂੰ ਕੁਝ ਦਿਨਾਂ ਤੋਂ ਹੀ ਅਣਮਿੱਥੇ ਸਮੇਂ ਲਈ ਹੀ ਬੰਦ ਕੀਤਾ ਹੋਇਆ ਹੈ। ਸਬਜ਼ੀ ਮੰਡੀ ਨੂੰ ਖੋਲ੍ਹਣ ਨੂੰ ਅਤੇ ਲੋਕਾਂ ਤੱਕ ਸਬਜ਼ੀਆਂ ਅਤੇ ਫੱਲ ਪਹੁੰਚਾਉਣ ਦੇ ਕੰਮਕਾਰ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਜ਼ਿਲਾ ਪ੍ਰਸ਼ਾਸਨ ਦੀਆਂ ਹਿਦਾਇਤਾਂ 'ਤੇ ਕੋਵਿਡ-19 ਤੋਂ ਬਚਾਅ ਲਈ ਸੋਸ਼ਲ ਡਿਸਟੈਂਸਿੰਗ ਨੂੰ ਲਾਗੂ ਕਰਨ ਲਈ ਲੋਕ ਪ੍ਰਸ਼ਾਸਨ ਨੇ ਸਿੱਖਿਆ ਵਿਭਾਗ ਦੇ 18 ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਸਪੈਸ਼ਲ ਐਗਜੈਕਟਿਵ ਮੈਜਿਸਟ੍ਰੇਟ ਤਾਇਨਾਤ ਕੀਤਾ ਗਿਆ।
ਵੱਖ-ਵੱਖ ਇਲਾਕਿਆਂ 'ਚ 13 ਪੁਆਇੰਟਾਂ ਬਣਾਏ
ਸਥਾਨਕ ਤਹਿਸੀਲ ਕੰਪਲੈਕਸ 'ਚ ਇਨ੍ਹਾਂ ਅਧਿਕਾਰੀਆਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਤਹਿਸੀਲਦਾਰ ਹਰਵਿੰਦਰ ਸਿੰਘ ਹੁੰਦਲ ਨੇ ਕਿਹਾ ਕਿ ਸਰਕਾਰ ਦੀਆਂ ਹਿਦਾਇਤਾਂ ਨੂੰ ਲਾਗੂ ਕਰਨ ਲਈ ਵਿਸ਼ੇਸ਼ ਕਾਰਜ ਕਰਦਿਆਂ ਸ਼ਹਿਰ ਦੇ ਵੱਖ-ਵੱਖ ਇਲਾਕਿਆਂ 'ਚ 13 ਅਜਿਹੇ ਪੁਆਇੰਟਾਂ ਬਣਾਏ ਗਏ ਹਨ, ਜਿੱਥੇ 2 ਮੈਂਬਰੀ ਟੀਮ ਨਿਗਰਾਨੀ ਰੱਖੇਗੀ। ਇਨ੍ਹਾਂ ਪੁਆਇੰਟਾਂ ਤੋਂ ਹੀ ਰੇਹੜੀਆਂ ਰਾਹੀਂ ਇਲਾਕੇ 'ਚ ਸਬਜ਼ੀ ਦੀ ਸਪਲਾਈ ਮੁਹੱਈਆ ਕਰਵਾਈ ਜਾਵੇਗੀ। ਇਸ ਦੌਰਾਨ ਤਾਇਨਾਤ ਸਪੈਸ਼ਲ ਐਗਜੈਕਟਿਵ ਮੈਜਿਸਟ੍ਰੇਟ ਦੇ ਨਾਲ ਕਿਸੇ ਵੀ ਹੋਰ ਵਿਭਾਗ ਦਾ ਇਕ ਹੋਰ ਕਰਮਚਾਰੀ ਮੌਜੂਦ ਰਹੇਗਾ। ਇਸ ਮੌਕੇ ਤਾਇਨਾਤ ਅਧਿਕਾਰੀ ਕੋਲ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਿਅਕਤੀਆਂ ਖਿਲਾਫ਼ ਕਾਰਵਾਈ ਅਮਲ ਵਿਚ ਲਿਆਉਣ ਦੇ ਅਧਿਕਾਰ ਹੋਣਗੇ।
ਪਾਸ ਨਾਲ ਹੀ ਸਬਜ਼ੀ ਮੰਡੀ 'ਚ ਹੋਵੇਗੀ ਐਂਟਰੀ
ਇਸ ਦੌਰਾਨ ਖੰਨਾ ਦੀ ਮੁੱਖ ਸਬਜ਼ੀ ਮੰਡੀ 'ਚ ਬਿਨਾਂ ਪਾਸ ਦੇ ਕਿਸੇ ਵੀ ਵਿਅਕਤੀ ਨੂੰ ਜਾਣ ਦੀ ਆਗਿਆ ਨਹੀਂ ਹੋਵੇਗੀ। ਮੰਡੀ 'ਚ ਸਬਜ਼ੀ ਸਿੱਧੀ ਪਾਸ ਵਾਲੇ ਵਾਹਨ ਰਾਹੀਂ ਹੀ ਦਾਖਲ ਹੋਵੇਗੀ ਅਤੇ ਇਸ ਤੋਂ ਬਾਅਦ ਮਾਰਕੀਟ ਕਮੇਟੀ ਵਲੋਂ ਜਾਰੀ ਪਾਸ ਵਾਲੇ ਵਾਹਨਾਂ ਰਾਹੀਂ ਥੋਕ ਦੀ ਸਮੱਗਰੀ ਲੈ ਕੇ ਟੈਂਪੂ ਤਹਿ ਸ਼ੂਦਾ ਪੁਆਇੰਟਾਂ 'ਤੇ ਰੇਹੜੀਆਂ ਵਾਲਿਆਂ ਨੂੰ ਸਬਜ਼ੀ ਸਪਲਾਈ ਕਰਨਗੇ। ਸਾਰੇ ਪੁਆਇੰਟ ਤੋਂ ਇਲਾਕੇ ਦੇ ਆਸਪਾਸ ਪੈਂਦੇ 2 ਤੋਂ 3 ਵਾਰਡਾਂ ਨੂੰ ਸਬਜ਼ੀ ਦੀ ਪਰਚੂਨ ਸਪਲਾਈ ਹੋਵੇਗੀ।
ਇਹ ਵੀ ਪੜ੍ਹੋ : ਪਟਿਆਲਾ 'ਚ ਕੋਰੋਨਾ ਦਾ ਕਹਿਰ, 6 ਹੋਰ ਨਵੇਂ ਮਾਮਲੇ ਆਏ ਸਾਹਮਣੇ
ਰੇਹੜੀ ਵਾਲੇ ਤੁਰ-ਫਿਰ ਕੇ ਹੀ ਵੇਚਣਗੇ ਸਬਜ਼ੀ
ਪ੍ਰਸ਼ਾਸਨ ਵੱਲੋਂ ਇਸ ਗੱਲ ਨੂੰ ਵੀ ਯਕੀਨੀ ਬਣਾਇਆ ਜਾਵੇਗਾ ਕਿ ਸਬਜ਼ੀ ਦੀ ਰੇਹੜੀਆਂ ਵਾਲੇ ਕਿਸੇ ਵੀ ਇਕ ਥਾਂ 'ਤੇ ਨਹੀਂ ਖੜ੍ਹਣਗੇ ਸਗੋਂ ਤੁਰ ਫਿਰ ਕੇ ਸਪਲਾਈ ਕਰਨਗੇ। ਮੇਨ ਸਬਜ਼ੀ ਮੰਡੀ 'ਚੋਂ ਸਬਜ਼ੀ ਲੈ ਕੇ ਗਿਆ ਟੈਂਪੂ ਚਾਲਕ ਆਪ ਪਰਚੂਨ 'ਤੇ ਸਬਜ਼ੀ ਨਹੀਂ ਵੇਚ ਸਕੇਗਾ। ਐੱਸ. ਡੀ. ਐੱਮ. ਖੰਨਾ ਸੰਦੀਪ ਸਿੰਘ ਵਲੋਂ ਸਬਜ਼ੀ ਮੰਡੀ 'ਚ ਸਮਾਜਿਕ ਦੂਰੀ ਬਣਾਈ ਰੱਖਣ ਲਈ ਹੋਰ ਵੀ ਅਹਿਮ ਕਦਮ ਚੁੱਕੇ ਜਾ ਰਹੇ ਹਨ।
ਉਕਤ ਕਾਰਜ ਸੋਮਵਾਰ ਤੋਂ ਅਮਲੀ ਰੂਪ 'ਚ ਚਾਲੂ ਕਰਨ ਲਈ ਸ਼ਨੀਵਾਰ 25 ਅਪ੍ਰੈਲ ਨੂੰ ਐੱਸ. ਡੀ. ਐੱਮ. ਖੰਨਾ ਸੰਦੀਪ ਸਿੰਘ ਦੀ ਪ੍ਰਧਾਨਗੀ ਹੇਠ ਵਿਸ਼ੇਸ਼ ਮੀਟਿੰਗ ਕਰ ਕੇ ਕੀਤੇ ਜਾ ਰਹੇ ਪ੍ਰਬੰਧਾਂ ਸਬੰਧੀ ਨਜ਼ਰਸਾਨੀ ਕੀਤੀ ਜਾਵੇਗੀ, ਜਿਸ ਵਿਚ ਮਾਰਕੀਟ ਕਮੇਟੀ ਦੇ ਸਕੱਤਰ, ਉਕਤ ਸਪੈਸ਼ਲ ਐਗਜੈਕਟਿਵ ਮੈਜਿਸਟ੍ਰੇਟ, ਪੁਲਸ ਅਧਿਕਾਰੀ ਅਤੇ ਸਬਜ਼ੀ ਮੰਡੀ ਦੇ ਆੜ੍ਹਤੀ ਐਸੋਸੀਏਸ਼ਨ ਦੇ ਨੁਮਾਇੰਦੇ ਹਾਜ਼ਰ ਹੋਣਗੇ ਅਤੇ ਅਗਲੀ ਰਣਨੀਤੀ ਤਹਿ ਕੀਤੀ ਜਾਵੇਗੀ।
ਕਿਸ-ਕਿਸ ਨੂੰ ਨਿਯੁਕਤ ਕੀਤਾ ਗਿਆ ਸਪੈਸ਼ਲ ਐਗਜ਼ੈਕਟਿਵ ਮੈਜਿਸਟ੍ਰੇਟ
ਖੰਨਾ ਦੇ ਐੱਸ. ਡੀ. ਐੱਮ. ਸੰਦੀਪ ਸਿੰਘ ਵਲੋਂ ਸਬਜ਼ੀ ਮੰਡੀ 'ਚ ਸਮਾਜਿਕ ਦੂਰੀ 'ਤੇ ਅਮਲ ਕਰਦਿਆਂ ਚਲਾਉਣ ਲਈ ਸਿੱਖਿਆ ਵਿਭਾਗ ਦੇ 18 ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਸਪੈਸ਼ਲ ਐਗਜ਼ੈਕਟਿਵ ਮੈਜਿਸਟਰੇਟ ਵਜੋਂ ਨਿਯੁਕਤ ਕੀਤਾ ਗਿਆ ਹੈ। ਜਿਨ੍ਹਾਂ 'ਚ ਕੁਲਵੀਰ ਸਿੰਘ ਲੈਕਚਰਾਰ ਸੀਨੀਅਰ ਸੈਕੰਡਰੀ ਸਕੂਲ ਚਕੋਹੀ, ਬਲਵਿੰਦਰ ਸਿੰਘ ਮੁੱਖ ਅਧਿਆਪਕ ਸਰਕਾਰੀ ਹਾਈ ਸਕੂਲ ਅਮਲੋਹ ਰੋਡ ਖੰਨਾ, ਨਾਜ਼ਰ ਸਿੰਘ ਲੈਕਚਰਾਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਸਰਾਲੀ, ਰਜਨੀਸ਼ ਕੁਮਾਰ ਸੀਨੀਅਰ ਸੈਕੰਡਰੀ ਸਕੂਲ ਲਲਹੇੜੀ, ਪ੍ਰਕਾਸ਼ ਸਿੰਘ ਲੈਕਚਰਾਰ ਨਸਰਾਲੀ, ਪਰਮਜੀਤ ਸਿੰਘ ਲੈਕਚਰਾਰ ਨਸਰਾਲੀ, ਅਜੀਤ ਸਿੰਘ ਖੰਨਾ ਲੈਕਚਰਾਰ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਖੰਨਾ ਆਦਿ ਸ਼ਾਮਲ ਹਨ।
ਇਹ ਵੀ ਪੜ੍ਹੋ : ਅਣਪਛਾਤੇ ਨੇ ਖੁਦ ਨੂੰ ਕੋਰੋਨਾ ਪਾਜ਼ੇਟਿਵ ਹੋਣ ਦਾ ਲਗਾਇਆ ਪੋਸਟਰ, ਪਿੰਡ 'ਚ ਫੈਲੀ ਦਹਿਸ਼ਤ
10 ਵਿਅਕਤੀ ਕੀਤੇ ਓਪਨ ਜੇਲ 'ਚ ਨਜ਼ਰਬੰਦ
ਲਾਕਡਾਊੁਨ ਅਤੇ ਕਰਫਿਊ ਦੌਰਾਨ ਨਿਯਮਾਂ ਦੀਆਂ ਉਲੰਘਣਾ ਕਰਨ ਵਾਲਿਆਂ ਖਿਲਾਫ ਜ਼ਿਲਾ ਪ੍ਰਸ਼ਾਸਨ ਦੀਆਂ ਹਿਦਾਇਤਾਂ 'ਤੇ ਕਾਰਵਾਈ ਕਰਦਿਆਂ ਖੰਨਾ ਪੁਲਸ ਦੀਆਂ ਵੱਖ-ਵੱਖ ਟੀਮਾਂ ਵਲੋਂ 10 ਵਿਅਕਤੀਆਂ ਨੂੰ ਕਾਬੂ ਕਰ ਕੇ ਸਰਕਾਰੂ ਮੱਲ ਓਪਨ ਜੇਲ ਵਿਚ ਨਜ਼ਰਬੰਦ ਕੀਤਾ ਗਿਆ। ਇਸ ਦੌਰਾਨ ਪੁਲਸ ਅਧਿਕਾਰੀਆਂ ਵਲੋਂ ਉਲੰਘਣਾ ਕਰਨ ਵਾਲੇ ਵਿਅਕਤੀਆਂ ਨੂੰ ਕੋਵਿਡ-19 ਦੇ ਮਾਰੂ ਨੁਕਸਾਨ ਤੋਂ ਬਚਣ ਲਈ ਆਪਣੇ ਘਰਾਂ ਦੇ ਅੰਦਰ ਹੀ ਰਹਿਣ ਤਾਂ ਜੋ ਇਸ ਨਾਮੁਰਾਦ ਬੀਮਾਰੀ ਤੋਂ ਬਚਾਅ ਹੋ ਸਕੇ।
ਅੰਮ੍ਰਿਤਸਰ ਤੋਂ ਰਾਹਤ ਭਰੀ ਖਬਰ: ਇਕ ਹੋਰ ਮਰੀਜ਼ ਨੇ ਕੋਵਿਡ-19 ਨੂੰ ਦਿੱਤੀ ਮਾਤ
NEXT STORY