ਜਲੰਧਰ (ਖੁਰਾਣਾ) : ਨਗਰ ਨਿਗਮ ਜਲੰਧਰ ਦੇ ਕੌਂਸਲਰ ਹਾਊਸ ਦੀ ਮਿਆਦ ਇਸੇ ਸਾਲ ਦੇ ਸ਼ੁਰੂ ਵਿਚ 24 ਜਨਵਰੀ ਨੂੰ ਖ਼ਤਮ ਹੋ ਗਈ ਸੀ ਅਤੇ ਉਸਦੇ ਬਾਅਦ ਤੋਂ ਨਿਗਮ ਚੋਣਾਂ ਡਿਊ ਚਲੀਆਂ ਆ ਰਹੀਆਂ ਹਨ। ਅੱਜ ਤੋਂ ਕਈ ਮਹੀਨੇ ਪਹਿਲਾਂ ਪੰਜਾਬ ਸਰਕਾਰ ਨੇ ਨਗਰ ਨਿਗਮ ਜਲੰਧਰ ਦੇ 85 ਵਾਰਡ ਬਣਾਉਣ ਲਈ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਸੀ, ਜਿਸ ਤੋਂ ਬਾਅਦ ਨਵੀਂ ਵਾਰਡਬੰਦੀ ਦੀ ਪ੍ਰਕਿਰਿਆ ਸ਼ੁਰੂ ਹੋਈ। ਇਹ ਪ੍ਰਕਿਰਿਆ ਲਗਭਗ 6 ਮਹੀਨੇ ਤੋਂ ਵੀ ਜ਼ਿਆਦਾ ਸਮੇਂ ਤੋਂ ਚੱਲ ਰਹੀ ਹੈ ਅਤੇ ਹਾਲ ਹੀ ਵਿਚ ਇਸਦੇ ਡਰਾਫਟ ਨੂੰ ਫਾਈਨਲ ਕਰ ਕੇ ਡੀਲਿਮਿਟੇਸ਼ਨ ਬੋਰਡ ਦੀ ਮੀਟਿੰਗ ਵਿਚ ਮਨਜ਼ੂਰ ਕਰਵਾਇਆ ਗਿਆ ਪਰ ਉਸ ਡਰਾਫਟ ਤੋਂ ਵਧੇਰੇ ‘ਆਪ’ ਆਗੂ ਖੁਸ਼ ਨਹੀਂ ਹਨ। ਕਿਹਾ ਜਾ ਰਿਹਾ ਹੈ ਕਿ ਦੂਜੀਆਂ ਪਾਰਟੀਆਂ ਤੋਂ ‘ਆਪ’ ਵਿਚ ਸ਼ਾਮਲ ਹੋਏ ਕਈ ਆਗੂ ਵਾਰਡਬੰਦੀ ਵਿਚ ਆਪਣੇ ਹਿਸਾਬ ਨਾਲ ਬਦਲਾਅ ਕਰਵਾਉਣਾ ਚਾਹ ਰਹੇ ਹਨ ਪਰ ਆਮ ਆਦਮੀ ਪਾਰਟੀ ਦੇ ਆਗੂ ਵਾਰਡਬੰਦੀ ਨੂੰ ਲੈ ਕੇ ਗੰਭੀਰਤਾ ਨਹੀਂ ਦਿਖਾ ਰਹੇ ਸਨ। ਇਸੇ ਵਿਚਕਾਰ ਜ਼ਿਲ੍ਹਾ ਜਲੰਧਰ ਦੇ ਕਸਬਾ ਕਰਤਾਰਪੁਰ ਤੋਂ ਵਿਧਾਇਕ ਬਲਕਾਰ ਸਿੰਘ ਨੂੰ ਨਵਾਂ ਲੋਕਲ ਬਾਡੀਜ਼ ਮੰਤਰੀ ਬਣਾ ਦਿੱਤਾ ਗਿਆ, ਜਿਸ ਤੋਂ ਬਾਅਦ ਵਾਰਡਬੰਦੀ ਦਾ ਸਾਰਾ ਦਾਰੋਮਦਾਰ ਹੁਣ ਲੋਕਲ ਬਾਡੀਜ਼ ਮੰਤਰੀ ਦੇ ਉੱਪਰ ਪੈ ਗਿਆ ਹੈ। ਮੰਨਿਆ ਜਾ ਰਿਹਾ ਹੈ ਕਿ ਆਉਣ ਵਾਲੇ ਦਿਨਾਂ ਵਿਚ ਮੰਤਰੀ ਬਲਕਾਰ ਸਿੰਘ ਦੇ ਸਾਹਮਣੇ ਵਾਰਡਬੰਦੀ ਵਿਚ ਬਦਲਾਅ ਨੂੰ ਲੈ ਕੇ ਸਿਫਾਰਸ਼ਾਂ ਦੀ ਝੜੀ ਲੱਗ ਸਕਦੀ ਹੈ। ਇਹ ਵੀ ਚਰਚਾ ਹੈ ਕਿ ਨਵੀਂ ਵਾਰਡਬੰਦੀ ਦਾ ਨੋਟੀਫਿਕੇਸ਼ਨ ਆਉਣ ਤੋਂ ਪਹਿਲਾਂ ਉਸਦੇ ਡਰਾਫਟ ਵਿਚ ਕੋਈ ਤਬਦੀਲੀ ਕੀਤੀ ਜਾਵੇਗੀ ਅਤੇ ਬਾਕੀ ਬਦਲਾਅ ਤੇ ਇਤਰਾਜ਼ ਸੁਣਨ ਦੀ ਪ੍ਰਕਿਰਿਆ ਦੌਰਾਨ ਹੋਣਗੇ। ਲੋਕਲ ਬਾਡੀਜ਼ ਮੰਤਰੀ ਨੇ ਜੁਲਾਈ-ਅਗਸਤ ਮਹੀਨੇ ਵਿਚ ਨਿਗਮ ਚੋਣਾਂ ਕਰਵਾਉਣ ਦੇ ਸੰਕੇਤ ਦਿੱਤੇ ਹਨ, ਇਸ ਲਈ ਮੰਨਿਆ ਜਾ ਰਿਹਾ ਹੈ ਕਿ ਹੁਣ ਵਾਰਡਬੰਦੀ ਵਿਚ ਥੋੜ੍ਹਾ-ਬਹੁਤ ਬਦਲਾਅ ਕਰ ਕੇ ਡਰਾਫਟ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਜਾਵੇਗਾ, ਜਿਸ ਤੋਂ ਬਾਅਦ ਨਿਗਮ ਚੋਣਾਂ ਦੀ ਪ੍ਰਕਿਰਿਆ ਰਸਮੀ ਰੂਪ ਨਾਲ ਸ਼ੁਰੂ ਹੋਵੇਗੀ।
ਇਹ ਵੀ ਪੜ੍ਹੋ : ਕੇਜਰੀਵਾਲ ਨੇ ਜਦੋਂ ਦਿੱਲੀ ਵਿਧਾਨ ਸਭਾ ਦੀ ਚੋਣ ਲੜੀ ਤਾਂ ਜਾਣਦੇ ਨਹੀਂ ਸਨ ਕਿ ਉਹ UT ਤੋਂ ਲੜ ਰਹੇ ਹਨ : ਤਰੁਣ ਚੁਘ
ਵਾਰਡਬੰਦੀ ਵਿਚ ਗੜਬੜੀ ਕਰਨ ਵਾਲੇ ਵਿਵਾਦਿਤ ਅਧਿਕਾਰੀ ਦੀ ਹੋਈ ਛੁੱਟੀ
ਸੂਤਰ ਦੱਸਦੇ ਹਨ ਕਿ ਅੱਜ ਤੋਂ ਕਈ ਹਫਤੇ ਪਹਿਲਾਂ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਅਤੇ ਹੋਰਨਾਂ ਆਗੂਆਂ ਨੇ ਵਾਰਡਬੰਦੀ ਦਾ ਜਿਹੜਾ ਡਰਾਫਟ ਤਿਆਰ ਕੀਤਾ ਸੀ, ਉਸ ਵਿਚ ਚੰਡੀਗੜ੍ਹ ਦੇ ਇਕ ਵਿਵਾਦਿਤ ਅਧਿਕਾਰੀ ਨੇ ਆਪਣੇ ਪੱਧਰ ’ਤੇ ਹੀ ਬਦਲਾਅ ਕਰ ਦਿੱਤਾ, ਜਿਸ ਦਾ ਪਤਾ ਹੁਣ ‘ਆਪ’ ਆਗੂਆਂ ਨੂੰ ਲੱਗ ਚੁੱਕਾ ਹੈ। ਜ਼ਿਕਰਯੋਗ ਹੈ ਕਿ ਚੰਡੀਗਡ਼੍ਹ ਦੇ ਇਸ ਵਿਵਾਦਿਤ ਅਧਿਕਾਰੀ ਨੇ ਪਿਛਲੀ ਵਾਰ ਵੀ ਵਾਰਡਬੰਦੀ ਵਿਚ ਫੇਰਬਦਲ ਦੇ ਬਹਾਨੇ ਲੱਖਾਂ ਰੁਪਏ ਦੀ ਕਮਾਈ ਕੀਤੀ ਸੀ ਅਤੇ ਇਸ ਵਾਰ ਵੀ ਵਾਰਡਬੰਦੀ ਵਿਚ ਬਦਲਾਅ ਕਰ ਕੇ ਉਸਨੇ ਕੁਝ ਆਗੂਆਂ ਤੋਂ ਪੈਸੇ ਤਕ ਭੋਟ ਲਏ ਸਨ। ‘ਕੇ’ ਨਾਂ ਦੇ ਅੱਖਰ ਨਾਲ ਮਸ਼ਹੂਰ ਇਹ ਅਧਿਕਾਰੀ ਵਾਰਡਬੰਦੀ ਦਾ ਮਾਹਿਰ ਮੰਨਿਆ ਜਾਂਦਾ ਹੈ ਪਰ ਹੁਣ ‘ਆਪ’ ਆਗੂ ਉਸਦੀ ਥਾਂ ’ਤੇ ਕਿਸੇ ਹੋਰ ਅਧਿਕਾਰੀ ਦੀ ਡਿਊਟੀ ਲੁਆ ਰਹੇ ਹਨ। ਮੰਨਿਆ ਜਾ ਰਿਹਾ ਹੈ ਕਿ ਸੋਮਵਾਰ ਤੋਂ ਵਾਰਡਬੰਦੀ ਿਵਚ ਬਦਲਾਅ ਦਾ ਕੰਮ ਵੀ ਸ਼ੁਰੂ ਹੋਣ ਜਾ ਰਿਹਾ ਹੈ।
ਇਹ ਵੀ ਪੜ੍ਹੋ : ਕੇਜਰੀਵਾਲ ਨੇ ਜਲੰਧਰ ਉਪ-ਚੋਣ ਜਿੱਤਣ ’ਤੇ ਕੇਕ ਕੱਟਿਆ, ਭਗਵੰਤ ਮਾਨ ਨੇ ਦਿੱਤਾ ਰਾਤਰੀ ਭੋਜ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।
ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani
ਕੈਂਸਰ ਨਾਲ ਜੂਝ ਰਹੀ ਪਤਨੀ ਲਈ ਨਵਜੋਤ ਸਿੰਘ ਸਿੱਧੂ ਨੇ ਕੀਤੀ ਪੋਸਟ, ਆਖੀ ਇਹ ਗੱਲ
NEXT STORY