ਪੱਟੀ, (ਪਾਠਕ)- ਪੱਟੀ ਪੁਲਸ ਨੇ ਸਕਾਰਪੀਓ ਖੋਹਣ ਵਾਲੇ ਮਾਮਲੇ ਨੂੰ ਹੱਲ ਕਰਦਿਆਂ ਤਿੰਨ ਦੋਸ਼ੀਆਂ ਨੂੰ ਦੋਨਾਲੀ ਸਣੇ ਕਾਬੂ ਕਰ ਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ. ਐੱਸ. ਪੀ. ਪੱਟੀ ਸੋਹਨ ਸਿੰਘ ਅਤੇ ਐੱਸ. ਐੱਚ. ਓ. ਥਾਣਾ ਸਦਰ ਪੱਟੀ ਰਾਜੇਸ਼ ਕੱਕੜ ਨੇ ਦੱਸਿਆ ਕਿ ਨਿਸ਼ਾਨ ਸਿੰਘ ਪੁੱਤਰ ਦਲਬੀਰ ਸਿੰਘ ਵਾਸੀ ਪਿੰਡ ਸੀਤੋ ਨੌ ਆਬਾਦ ਦੀ ਸਕਾਰਪੀਓ ਦੋ ਵਿਅਕਤੀਆਂ ਨੇ ਮਿਰਚਾਂ ਵਾਲੀ ਸਪਰੇਅ ਪਾ ਕੇ ਖੋਹ ਲਈ ਸੀ, ਜਿਸ 'ਤੇ ਕਾਰਵਾਈ ਕਰਦਿਆਂ ਪੁਲਸ ਨੇ ਇਸ ਕਾਂਡ ਦੇ ਸਾਜ਼ਿਸ਼ਕਰਤਾ ਜਸਵੰਤ ਸਿੰਘ ਜੱਸਾ ਪੁੱਤਰ ਗੁਰਦਾਤਾਰ ਸਿੰਘ ਵਾਸੀ ਸੀਤੋ ਨੌ ਆਬਾਦ ਨੂੰ ਕਾਬੂ ਕਰ ਲਿਆ ਸੀ। ਪੱਟੀ ਪੁਲਸ ਨੇ ਸਕਾਰਪੀਓ ਗੱਡੀ ਵੀ ਪਿੰਡ ਬਰਵਾਲਾ ਨਜ਼ਦੀਕ ਤੋਂ ਬਰਾਮਦ ਕਰ ਲਈ ਸੀ, ਜੋ ਖੋਹਣ ਵਾਲੇ ਉਥੇ ਛੱਡ ਕੇ ਦੌੜ ਗਏ ਸਨ।
ਉਪਰੰਤ ਕਾਰਵਾਈ ਕਰਦਿਆਂ ਪੁਲਸ ਨੇ ਜੱਸਾ ਤੋਂ ਪੁੱਛਗਿੱਛ ਦੌਰਾਨ ਪਤਾ ਲਾਇਆ ਅਤੇ ਉਸਦੇ ਰਿਸ਼ਤੇਦਾਰ ਰਾਜਨ ਸਿੰਘ ਵਾਸੀ ਨੰਗਲ (ਜੰਡਿਆਲਾ ਗੁਰੂ) ਨੂੰ ਕਾਬੂ ਕਰਨ ਲਈ ਐੱਲ.ਓ. ਸੀ. ਨੋਟਿਸ ਜਾਰੀ ਕਰਵਾਇਆ ਤਾਂ ਜੋ ਉਹ ਵਿਦੇਸ਼ ਨਾ ਭੱਜ ਜਾਵੇ। ਇਸ ਕਾਰਨ ਰਾਜਨ 16 ਅਗਸਤ ਨੂੰ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ਤੋਂ ਆਬੂਧਾਬੀ ਜਾਣ ਸਮੇਂ ਦਿੱਲੀ ਪੁਲਸ ਨੇ ਕਾਬੂ ਕਰ ਲਿਆ, ਜਿੱਥੋਂ 17 ਅਗਸਤ ਨੂੰ ਏ. ਐੱਸ. ਆਈ. ਚਰਨ ਚੌਕੀ ਇੰਚਾਰਜ ਤੂਤ ਉਸ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਪੱਟੀ ਲਿਆਏ। ਤਫਤੀਸ਼ ਦੌਰਾਨ ਤੀਸਰੇ ਦੋਸ਼ੀ ਕੁਲਦੀਪ ਸਿੰਘ ਦੀਪਾ ਪੁੱਤਰ ਗੁਰਦਿਆਲ ਸਿੰਘ ਵਾਸੀ ਧਾਰੜ ਸ਼ੇਖ ਫੱਤਾ ਨੂੰ ਵੀ ਬੀਤੇ ਦਿਨ ਕਾਬੂ ਕਰ ਲਿਆ। ਅੱਜ ਉਕਤ ਦੋਵਾਂ ਨੂੰ ਮਾਣਯੋਗ ਅਦਾਲਤ ਪੱਟੀ ਵਿਚ ਪੇਸ਼ ਕਰਕੇ ਦੋ ਦਿਨ ਦਾ ਰਿਮਾਂਡ ਲੈ ਲਿਆ ਹੈ। ਇਸ ਮੌਕੇ ਡੀ. ਐੱਸ. ਪੀ. ਪੱਟੀ ਨੇ ਦੱਸਿਆ ਕਿ ਇਸ ਖੁਲਾਸੇ ਦੌਰਾਨ ਪਤਾ ਲੱਗਾ ਕਿ ਜਸਵੰਤ ਸਿੰਘ ਨੇ ਨਿਸ਼ਾਨ ਸਿੰਘ ਦੀ ਸਕਾਰਪੀਓ ਦੀ ਫੋਟੋ ਵਟਸਐਪ 'ਤੇ ਰਾਜਨ ਨੂੰ ਭੇਜੀ ਸੀ। ਪੁਲਸ ਨੇ ਰਾਜਨ ਤੋਂ ਪੁੱਛਗਿੱਛ ਦੌਰਾਨ ਨਾਜਾਇਜ਼ ਦੋਨਾਲੀ ਵੀ ਬਰਾਮਦ ਕੀਤੀ ਹੈ, ਜਿਸ ਸਬੰਧੀ ਥਾਣਾ ਸਦਰ ਵਿਚ ਅਸਲਾ ਐਕਟ ਅਧੀਨ ਮੁਕੱਦਮਾ ਦਰਜ ਕਰ ਲਿਆ ਗਿਆ ਹੈ।
8 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਾ ਪਟਵਾਰੀ ਤੇ ਕਰਿੰਦਾ ਰੰਗੇ ਹੱਥੀਂ ਗ੍ਰਿਫਤਾਰ
NEXT STORY