ਫ਼ਰੀਦਕੋਟ, (ਹਾਲੀ)- ਬਾਬਾ ਫ਼ਰੀਦ ਆਗਮਨ ਪੁਰਬ ਦੌਰਾਨ ਸ਼ਹਿਰ ਵਿਚ ਲੋਕਾਂ ਦੇ ਮਨੋਰੰਜਨ ਲਈ ਇਥੇ ਝੂਲੇ ਲੈ ਕੇ ਆਏ 40 ਤੋਂ ਵੱਧ ਮਜ਼ਦੂਰ 15 ਦਿਨਾਂ ਤੋਂ ਘਿਰੇ ਬੈਠੇ ਹਨ। ਜ਼ਿਲਾ ਪ੍ਰਸ਼ਾਸਨ ਝੂਲਿਆਂ ਦੇ ਠੇਕੇਦਾਰ ਤੋਂ ਝੂਲੇ ਲਾਉਣ ਬਦਲੇ 15 ਲੱਖ ਰੁਪਏ ਕਿਰਾਏ ਦੀ ਰਕਮ ਮੰਗ ਰਿਹਾ ਹੈ, ਜਦਕਿ ਠੇਕੇਦਾਰ ਨੇ ਤਰਕ ਦਿੱਤਾ ਹੈ ਕਿ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਝੂਲੇ ਲਾਉਣ ਲਈ ਜਗ੍ਹਾ ਹੀ ਅਲਾਟ ਨਹੀਂ ਕੀਤੀ, ਫਿਰ ਠੇਕੇ ਦੀ ਰਕਮ ਕਿਉਂ ਦਿੱਤੀ ਜਾਵੇ? ਇਸੇ ਵਿਵਾਦ ਕਾਰਨ ਪ੍ਰਸ਼ਾਸਨ ਨੇ ਪੁਲਸ ਦੀ ਮਦਦ ਨਾਲ ਪਿਛਲੇ 15 ਦਿਨਾਂ ਤੋਂ ਝੂਲਿਆਂ ਦੇ ਠੇਕੇਦਾਰ ਦਾ ਸਾਮਾਨ ਆਪਣੇ ਕਬਜ਼ੇ ਵਿਚ ਲਿਆ ਹੋਇਆ ਹੈ ਤੇ ਠੇਕੇਦਾਰ ਦੇ ਵਰਕਰਾਂ ਤੇ ਸਾਮਾਨ ਨੂੰ ਇਥੋਂ ਜਾਣ ਨਹੀਂ ਦਿੱਤਾ ਜਾ ਰਿਹਾ। ਪ੍ਰਸ਼ਾਸਨ ਨਾਲ ਸਮਝੌਤੇ ਮੁਤਾਬਿਕ ਠੇਕੇਦਾਰ ਨੇ 28 ਸਤੰਬਰ ਨੂੰ ਝੂਲੇ ਬੰਦ ਕਰ ਦਿੱਤੇ ਸਨ ਪਰ ਉਸ ਦਾ ਸਾਮਾਨ ਅਜੇ ਤੱਕ ਉਸੇ ਥਾਂ 'ਤੇ ਪਿਆ ਹੈ।
ਠੇਕੇਦਾਰ ਗੋਲਾ ਸਿੰਘ ਨੇ ਕਿਹਾ ਕਿ ਸਮਝੌਤੇ ਮੁਤਾਬਿਕ ਸੱਭਿਆਚਾਰਕ ਕੇਂਦਰ 'ਚ ਝੂਲੇ ਲਾਏ ਜਾਣੇ ਸਨ ਪਰ ਪ੍ਰਸ਼ਾਸਨ ਨੇ ਐਨ ਸਮੇਂ 'ਤੇ ਝੂਲਿਆਂ ਦਾ ਸਥਾਨ ਸੱਭਿਆਚਾਰਕ ਕੇਂਦਰ ਤੋਂ ਬਦਲ ਕੇ ਇਸ ਦੇ ਨਾਲ ਖਾਲੀ ਪਈ ਜਗ੍ਹਾ ਉੱਪਰ ਤਬਦੀਲ ਕਰ ਦਿੱਤਾ, ਜਦਕਿ ਠੇਕੇਦਾਰ ਇਥੇ ਝੂਲੇ ਲਾਉਣ ਲੱਗਾ ਤਾਂ ਸੇਮ ਹੋਣ ਕਾਰਨ ਧਰਤੀ ਵਿਚੋਂ ਪਾਣੀ ਨਿਕਲ ਆਇਆ। ਇਸ ਤੋਂ ਬਾਅਦ ਠੇਕੇਦਾਰ ਨੇ ਇਸ ਜਗ੍ਹਾ ਦੇ ਨੇੜੇ ਹੀ ਇਕ ਨਿੱਜੀ ਵਿਅਕਤੀ ਦੀ ਜਾਇਦਾਦ ਉੱਪਰ ਝੂਲੇ ਲਾ ਦਿੱਤੇ ਤੇ ਇਸ ਥਾਂ ਦੇ ਮਾਲਕ ਨੂੰ ਵੱਖ ਤੋਂ ਥਾਂ ਦਾ ਕਿਰਾਇਆ ਅਦਾ ਕੀਤਾ। ਹੁਣ ਪ੍ਰਸ਼ਾਸਨ ਠੇਕੇਦਾਰ ਤੋਂ 15 ਲੱਖ ਰੁਪਏ ਮੰਗ ਰਿਹਾ ਹੈ।
ਠੇਕੇਦਾਰ ਨੇ ਕਿਹਾ ਕਿ ਉਹ 15 ਲੱਖ ਰੁਪਏ 'ਚੋਂ ਪ੍ਰਸ਼ਾਸਨ ਨੂੰ 5 ਲੱਖ ਰੁਪਏ ਪਹਿਲਾਂ ਅਦਾ ਕਰ ਚੁੱਕਾ ਹੈ ਤੇ 3 ਲੱਖ ਰੁਪਏ ਹੋਰ ਦੇਣ ਨੂੰ ਤਿਆਰ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਆਪਣੇ ਵਾਅਦੇ 'ਤੇ ਖਰਾ ਨਹੀਂ ਉੱਤਰਿਆ, ਇਸ ਲਈ ਉਸ ਨੂੰ ਠੇਕੇ ਦੀ ਪੂਰੀ ਰਕਮ ਲੈਣ ਦਾ ਕੋਈ ਅਧਿਕਾਰ ਨਹੀਂ।
ਡਿਪਟੀ ਕਮਿਸ਼ਨਰ ਰਾਜੀਵ ਪਰਾਸ਼ਰ ਨੇ ਕਿਹਾ ਕਿ ਉਨ੍ਹਾਂ ਇਸ ਮਾਮਲੇ ਨੂੰ ਨਿਪਟਾਉਣ ਲਈ ਵਧੀਕ ਡਿਪਟੀ ਕਮਿਸ਼ਨਰ ਦੀ ਡਿਊਟੀ ਲਾਈ ਹੈ। ਇਸ ਮਾਮਲੇ ਨੂੰ ਜਲਦ ਹੀ ਗੱਲਬਾਤ ਰਾਹੀਂ ਨਿਪਟਾ ਦਿੱਤਾ ਜਾਵੇਗਾ। ਹਾਲਾਂਕਿ ਵਧੀਕ ਡਿਪਟੀ ਕਮਿਸ਼ਨਰ ਤੇ ਠੇਕੇਦਾਰ ਦਰਮਿਆਨ ਪਿਛਲੇ ਇਕ ਹਫ਼ਤੇ ਤੋਂ ਗੱਲਬਾਤ ਚੱਲ ਰਹੀ ਹੈ, ਜਿਸ ਦਾ ਅਜੇ ਕੋਈ ਸਿੱਟਾ ਨਹੀਂ ਨਿਕਲਿਆ, ਜਿਸ ਕਰਕੇ ਦੋ ਦਰਜਨ ਤੋਂ ਵੱਧ ਮਜ਼ਦੂਰ ਇਥੇ ਫਸੇ ਹੋਏ ਹਨ, ਜੋ ਆਪਣੇ ਰੁਜ਼ਗਾਰ ਲਈ ਪੰਚਕੂਲਾ ਜਾਣਾ ਚਾਹੁੰਦੇ ਸਨ ਪਰ ਪ੍ਰਸ਼ਾਸਨ ਤੇ ਠੇਕੇਦਾਰ ਦੇ ਵਿਵਾਦ ਕਾਰਨ, ਉਹ ਉਥੇ ਨਹੀਂ ਜਾ ਸਕੇ।
ਡਿਪੂ ਹੋਲਡਰਜ਼ ਐਸੋਸੀਏਸ਼ਨ ਵੱਲੋਂ ਜਾਖੜ ਦੀ ਹਮਾਇਤ ਦਾ ਐਲਾਨ
NEXT STORY