ਲਾਂਬੜਾ, (ਵਰਿੰਦਰ)- ਥਾਣਾ ਲਾਂਬੜਾ ਅਧੀਨ ਆਉਂਦਾ ਨਜ਼ਦੀਕੀ ਪਿੰਡ ਕਲਿਆਣਪੁਰ ਜੋ ਪਿਛਲੇ ਕਾਫੀ ਸਮੇਂ ਤੋਂ ਨਸ਼ਿਅਾਂ ਦੇ ਗੜ੍ਹ ਵਜੋਂ ਸੁਰਖੀਆਂ ਵਿਚ ਸੀ, ਵਿਖੇ ਅੱਜ ਐੱਸ. ਐੱਸ. ਪੀ. ਨਵਜੋਤ ਸਿੰਘ ਮਾਹਲ ਦੇ ਨਿਰਦੇਸ਼ਾਂ ’ਤੇ ਚਾਰ ਥਾਣਿਆਂ ਦੀ ਪੁਲਸ ਵੱਲੋਂ 7 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਕੇ ਇਨ੍ਹਾਂ ਪਾਸੋਂ 10 ਪੇਟੀਆਂ ਸ਼ਰਾਬ, 60 ਗ੍ਰਾਮ ਨਸ਼ੇ ਵਾਲਾ ਪਦਾਰਥ ਤੇ 147 ਨਸ਼ੇ ਵਾਲੀਆਂ ਗੋਲੀਆਂ ਸਮੇਤ 1 ਅਸਟੀਮ ਕਾਰ, 3 ਮੋਟਰਸਾਈਕਲ, 2 ਸਕੂਟਰ ਅਤੇ 1 ਐਕਟਿਵਾ ਬਰਾਮਦ ਕੀਤੀ ਗਈ ਹੈ | ਅੱਜ ਸਵੇਰ ਕਰੀਬ 5 ਵਜੇ ਡੀ. ਐੱਸ. ਪੀ. ਦਿਲਬਾਗ ਸਿੰਘ ਸ਼ਾਹਕੋਟ, ਥਾਣਾ ਮੁਖੀ ਲਾਂਬੜਾ ਪੁਸ਼ਪ ਬਾਲੀ, ਮਕਸੂਦਾਂ ਦੇ ਥਾਣਾ ਮੁਖੀ ਰਮਨਦੀਪ ਸਿੰਘ, ਥਾਣਾ ਮੁਖੀ ਕਰਤਾਰਪੁਰ ਪਰਮਜੀਤ ਸਿੰਘ ਅਤੇ ਥਾਣਾ ਮੁਖੀ ਮਹਿਤਪੁਰ ਇੰਸਪੈਕਟਰ ਕੇਵਲ ਸਿੰਘ ਵੱਲੋਂ ਇਸ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ| ਇਸ ਸਬੰਧੀ ਐੱਸ. ਐੱਸ. ਪੀ. ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਪਿੰਡ ਨੂੰ ਆਉਣ-ਜਾਣ ਵਾਲੇ ਸਾਰੇ ਰਸਤਿਆਂ ’ਤੇ ਪੁਲਸ ਵੱਲੋਂ ਨਾਕਾਬੰਦੀ ਕੀਤੀ ਗਈ। ਵੰਡਰਲੈਂਡ ਪਾਰਕ ਵੱਲੋਂ 2 ਮੋਟਰਸਾਈਕਲ ਸਵਾਰ ਆਉਂਦੇ ਦਿਖਾਈ ਦਿੱਤੇ, ਜਿਨ੍ਹਾਂ ਕੋਲ ਇਕ ਬੋਰਾ ਸੀ| ਪੁਲਸ ਨੇ ਉਨ੍ਹਾਂ ਨੂੰ ਰੋਕ ਕੇ ਬੋਰੇ ਦੀ ਤਲਾਸ਼ੀ ਲਈ ਤਾਂ ਉਸ ਵਿਚੋਂ 3 ਪੇਟੀਆਂ ਨਾਜਾਇਜ਼ ਸ਼ਰਾਬ ਦੀਆਂ ਬਰਾਮਦ ਹੋਈਆਂ | ਪੁਲਸ ਨੇ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ, ਜਿਨ੍ਹਾਂ ਦੀ ਪਛਾਣ ਨਿਰੰਜਣ ਦਾਸ ਉਰਫ਼ ਨੰਜੀ ਪੁੱਤਰ ਬਤਨਾ ਰਾਮ ਵਾਸੀ ਪਿੰਡ ਕਲਿਆਣਪੁਰ ਤੇ ਦੂਜੇ ਦੀ ਬੁੱਧੂ ਪੁੱਤਰ ਬਨਾਰਸੀ ਦਾਸ ਵਾਸੀ ਪਿੰਡ ਕਲਿਆਣਪੁਰ ਵਜੋਂ ਹੋਈ ਹੈ।
ਕਾਬੂ ਕੀਤੇ ਗਏ ਮੁਲਜ਼ਮਾਂ ਨੇ ਦੱਸਿਆ ਕਿ ਉਹ ਇਹ ਸ਼ਰਾਬ ਹਰਜਿੰਦਰ ਸਿੰਘ ਉਰਫ ਜਿੰਦਰ ਪੁੱਤਰ ਜੈਲ ਸਿੰਘ ਵਾਸੀ ਪਿੰਡ ਕਲਿਆਣਪੁਰ ਤੋਂ ਲੈ ਕੇ ਆਏ ਹਨ। ਇਸ ਸੂਚਨਾ ’ਤੇ ਪੁਲਸ ਨੇ ਕਾਰਵਾਈ ਕਰਦੇ ਹੋਏ ਹਰਜਿੰਦਰ ਸਿੰਘ ਦੇ ਘਰ ਛਾਪੇਮਾਰੀ ਕੀਤੀ, ਜਿਥੋਂ 6 ਪੇਟੀਆਂ ਨਾਜਾਇਜ਼ ਸ਼ਰਾਬ ਦੀਆਂ ਬਰਾਮਦ ਹੋਈਆਂ| ਮੁਲਜ਼ਮਾਂ ਕੋਲੋਂ ਬਰਾਮਦ ਮੋਟਰਸਾਈਕਲ ’ਤੇ ਲੱਗਾ ਨੰਬਰ ਵੀ ਜਾਅਲੀ ਸੀ। ਇਕ ਹੋਰ ਪੁਲਸ ਪਾਰਟੀ ਨੇ ਪਿੰਡ ਬਾਜੜਾ ਦੇ ਨੇੜਿਓਂ ਇਕ ਮੋਟਰਸਾਈਕਲ ਸਵਾਰ ਨੂੰ ਕਾਬੂ ਕਰ ਕੇ ਉਸ ਦੀ ਤਲਾਸ਼ੀ ਲਈ ਤਾਂ ਉਸ ਪਾਸੋਂ 147 ਨਸ਼ੇ ਵਾਲੀਆਂ ਗੋਲੀਆਂ ਬਰਾਮਦ ਹੋਈਆਂ| ਮੁਲਜ਼ਮ ਦੀ ਪਛਾਣ ਜਗਬੀਰ ਸਿੰਘ ਉਰਫ ਜੱਗੀ ਪੁੱਤਰ ਅਵਤਾਰ ਸਿੰਘ ਵਾਸੀ ਰਸੂਲਪੁਰ ਖੁਰਦ ਵਜੋਂ ਹੋਈ ਹੈ।
ਇਸੇ ਤਰ੍ਹਾਂ ਪੁਲਸ ਨੇ ਸਥਾਨਕ ਚਿੱਟੀ ਮੋੜ ਤੋਂ ਇਕ ਅਸਟੀਮ ਕਾਰ ਨੂੰ ਰੋਕ ਕੇ ਚਾਲਕ ਦੀ ਤਲਾਸ਼ੀ ਲਈ ਤਾਂ ਉਸ ਪਾਸੋਂ 60 ਗ੍ਰਾਮ ਨਸ਼ੇ ਵਾਲਾ ਪਾਊਡਰ ਬਰਾਮਦ ਹੋਇਆ। ਮੁਲਜ਼ਮ ਦੀ ਪਛਾਣ ਕੇਵਲ ਸਿੰਘ ਉਰਫ਼ ਕੇਬਾ ਪੁੱਤਰ ਕਰਮ ਸਿੰਘ ਵਾਸੀ ਪਿੰਡ ਕਲਿਆਣਪੁਰ ਵਜੋਂ ਹੋਈ ਹੈ। ਇਸੇ ਤਰ੍ਹਾਂ ਪੁਲਸ ਨੇ ਇਕ ਹੋਰ ਮੁਲਜ਼ਮ ਜਸਪਾਲ ਉਰਫ ਜੱਸਾ ਪੁੱਤਰ ਬਨਾਰਸੀ ਦਾਸ ਵਾਸੀ ਕਲਿਆਣਪੁਰ, ਜਿਸ ’ਤੇ ਪਹਿਲਾਂ ਐਕਸਾਈਜ਼ ਦਾ ਪਰਚਾ ਦਰਜ ਸੀ, ਨੂੰ ਗ੍ਰਿਫਤਾਰ ਕੀਤਾ, ਜਿਸ ਨੇ ਪੁਲਸ ਨੂੰ ਦੱਸਿਆ ਕਿ ਉਹ ਇਹ ਨਾਜਾਇਜ਼ ਸ਼ਰਾਬ ਵਿਜੇ ਕੁਮਾਰ ਪੁੱਤਰ ਸੱਤਪਾਲ ਵਾਸੀ ਪਿੰਡ ਕਲਿਆਣਪੁਰ ਪਾਸੋਂ ਖਰੀਦਦਾ ਹੈ। ਪੁਲਸ ਨੇ ਵਿਜੇ ਕੁਮਾਰ ਦੇ ਘਰ ਛਾਪੇਮਾਰੀ ਕਰ ਕੇ ਉਥੋਂ ਇਕ ਪੇਟੀ ਨਾਜਾਇਜ਼ ਸ਼ਰਾਬ ਦੀ ਬਰਾਮਦ ਕੀਤੀ। ਪੁਲਸ ਵੱਲੋਂ ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਖਿਲਾਫ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਮੁਲਜ਼ਮ ਕੇਬੇ ’ਤੇ ਹਨ 29 ਕੇਸ ਦਰਜ : ਨਸ਼ੇ ਵਾਲੇ ਪਦਾਰਥ ਸਣੇ ਫੜੇ ਗਏ ਮੁਲਜ਼ਮ ਕੇਵਲ ਸਿੰਘ ਉਰਫ਼ ਕੇਬੇ ’ਤੇ ਨਸ਼ਿਅਾਂ ਸਬੰਧੀ 29 ਮੁਕੱਦਮੇ ਪਹਿਲਾਂ ਹੀ ਦਰਜ ਹਨ। ਉਹ ਨਸ਼ੇ ਵਾਲਾ ਪਦਾਰਥ ਬੇਬੇ ਵਾਸੀ ਲਾਟੀਆਂਵਾਲ ਤੋਂ ਖਰੀਦਦਾ ਸੀ|
ਨਾਜਾਇਜ਼ ਸ਼ਰਾਬ ਇਹ ਹਿਮਾਚਲ ਪ੍ਰਦੇਸ਼ ਤੋਂ ਲੈ ਕੇ ਆਉਂਦਾ ਸੀ। ਮੁਲਜ਼ਮ ਜਗਬੀਰ ਸਿੰਘ ਉੱਤੇ ਪਹਿਲਾਂ ਵੀ ਨਾਜਾਇਜ਼ ਸ਼ਰਾਬ ਦਾ ਇਕ ਕੇਸ ਦਰਜ ਹੈ। ਉਹ ਨਸ਼ੇ ਵਾਲੀਆਂ ਗੋਲੀਆਂ ਕੇਵਲ ਸਿੰਘ ਉਰਫ਼ ਕੇਬੇ ਕੋਲੋਂ ਖਰੀਦਦਾ ਸੀ |
ਇਸੇ ਤਰ੍ਹਾਂ ਵਿਜੇ ਕੁਮਾਰ ਖਿਲਾਫ ਨਸ਼ੇ ਸਬੰਧੀ ਪਹਿਲਾਂ ਦਸ ਕੇਸ ਦਰਜ ਹਨ। ਇਹ ਵੀ ਨਾਜਾਇਜ਼ ਸ਼ਰਾਬ ਕੇਬੇ ਕੋਲੋਂ ਹੀ ਖਰੀਦਦਾ ਸੀ | ਮੁਲਜ਼ਮ ਹਰਜਿੰਦਰ ਸਿੰਘ, ਜੋ ਇਲੈਕਟ੍ਰੀਸ਼ੀਅਨ ਦੀ ਦੁਕਾਨ ਕਰਦਾ ਹੈ, ਉਸ ’ਤੇ 3 ਕੇਸ ਦਰਜ ਹਨ। ਉਹ ਵੀ ਨਾਜਾਇਜ਼ ਸ਼ਰਾਬ ਕੇਬੇ ਕੋਲੋਂ ਖਰੀਦਦਾ ਸੀ। ਮੁਲਜ਼ਮ ਨਿਰੰਜਣ ਦਾਸ ਅਤੇ ਮੁਲਜ਼ਮ ਬੁੱਧੂ ਨੇ ਦੱਸਿਆ ਕਿ ਉਹ ਇਹ ਨਾਜਾਇਜ਼ ਸ਼ਰਾਬ ਹਰਜਿੰਦਰ ਸਿੰਘ ਕੋਲੋਂ ਖਰੀਦਦੇ ਸਨ। ਮੁਲਜ਼ਮ ਜਸਪਾਲ ਸਿੰਘ ਨਾਜਾਇਜ਼ ਸ਼ਰਾਬ ਵਿਜੇ ਕੋਲੋਂ ਖਰੀਦਦਾ ਸੀ ਤੇ ਅੱਗੇ ਮਹਿੰਗੇ ਭਾਅ ’ਤੇ ਵੇਚਦਾ ਸੀ।
ਪਬਲਿਕ ਮੀਟਿੰਗ ਦੌਰਾਨ ਕਲਿਆਣਪੁਰ ’ਚ ਨਸ਼ਿਆਂ ਸਬੰਧੀ ਮਿਲੀ ਸੀ ਸ਼ਿਕਾਇਤ : ਐੱਸ. ਐੱਸ. ਪੀ. ਨਵਜੋਤ ਸਿੰਘ ਮਾਹਲ ਵੱਲੋਂ ਨਸ਼ਿਅਾਂ ਖ਼ਿਲਾਫ਼ ਕੀਤੀਆਂ ਜਾ ਰਹੀਆਂ ਮੀਟਿੰਗਾਂ ਦੌਰਾਨ ਪਿੰਡ ਕਲਿਆਣਪੁਰ ਵਿਚ ਭਾਰੀ ਮਾਤਰਾ ਨਸ਼ਿਅਾਂ ਦਾ ਧੰਦਾ ਹੋਣ ਸਬੰਧੀ ਸੂਚਨਾ ਪ੍ਰਾਪਤ ਹੋਈ ਸੀ, ਜਿਸ ਨੂੰ ਉਨ੍ਹਾਂ ਨੇ ਗੰਭੀਰਤਾ ਨਾਲ ਲੈਂਦੇ ਹੋਏ ਇਕ ਡੀ. ਐੱਸ. ਪੀ. ਤੇ ਚਾਰ ਥਾਣਿਆਂ ਦੀ ਪੁਲਸ ਵੱਲੋਂ ਇਹ ਸਾਂਝਾ ਸਰਚ ਆਪ੍ਰੇਸ਼ਨ ਕਰਵਾਇਆ।
ਨਸ਼ੇ ਵਾਲੇ ਪਦਾਰਥਾਂ ਸਣੇ 9 ਗ੍ਰਿਫਤਾਰ
NEXT STORY