ਚੰਡੀਗੜ੍ਹ, (ਸੁਸ਼ੀਲ)- ਸੈਕਟਰ-10 'ਚ ਸੜਕ ਪਾਰ ਕਰ ਰਹੇ ਬਜ਼ੁਰਗ ਨੂੰ ਤੇਜ਼ ਰਫਤਾਰ ਕਾਰ ਚਾਲਕ ਟੱਕਰ ਮਾਰ ਕੇ ਫਰਾਰ ਹੋ ਗਿਆ। ਪੁਲਸ ਨੇ ਜ਼ਖਮੀ ਹਾਲਤ 'ਚ ਬਜ਼ੁਰਗ ਨੂੰ ਸੈਕਟਰ-16 ਹਸਪਤਾਲ ਪਹੁੰਚਾਇਆ, ਜਿਥੇ ਡਾਕਟਰਾਂ ਨੇ ਜਾਂਚ ਤੋਂ ਬਾਅਦ ਉਸਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਦੀ ਪਹਿਚਾਣ ਸੈਕਟਰ-4 ਦੇ ਮਕਾਨ ਨੰਬਰ 17 ਨਿਵਾਸੀ ਸੁਬੋਧ ਕਾਂਤ ਗੁਪਤਾ ਦੇ ਰੂਪ 'ਚ ਹੋਈ। ਸੈਕਟਰ-3 ਥਾਣਾ ਪੁਲਸ ਨੇ ਹਾਦਸੇ ਨੂੰ ਅੰਜਾਮ ਦੇਣ ਵਾਲੀ ਗੱਡੀ ਨੰਬਰ ਪੀ. ਬੀ.-03 ਐੱਫ 0004 ਦੇ ਚਾਲਕ ਖਿਲਾਫ ਲਾਪ੍ਰਵਾਹੀ ਨਾਲ ਗੱਡੀ ਚਲਾਉਣ ਤੇ ਗੈਰ-ਇਰਾਦਾ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ। ਪੁਲਸ ਗੱਡੀ ਦੇ ਨੰਬਰ ਨਾਲ ਕਾਰ ਚਾਲਕ ਬਾਰੇ ਪਤਾ ਕਰ ਰਹੀ ਹੈ। ਸੈਕਟਰ-39 ਬੀ ਨਿਵਾਸੀ ਅਰਜੁਨ ਗੋਇਲ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਐਤਵਾਰ ਸ਼ਾਮ ਲਗਭਗ 5 ਵਜੇ ਸੁਬੋਧ ਕਾਂਤ ਸੈਕਟਰ-10 ਸਥਿਤ ਸ਼ੋਅਰੂਮ ਨੰਬਰ 6 ਕੋਲ ਸੜਕ ਪਾਰ ਕਰਦੇ ਹੋਏ ਮਾਊਂਟ ਵਿਊ ਹੋਟਲ ਵੱਲ ਜਾ ਰਹੇ ਸਨ ਕਿ ਸਾਹਮਣਿਓਂ ਤੇਜ਼ ਰਫਤਾਰ ਕਾਰ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ ਤੇ ਫਰਾਰ ਹੋ ਗਿਆ।
ਰੱਖੜੀ ਮੌਕੇ ਭੈਣ ਨੇ ਭਰਾ ਨੂੰ ਕਿਡਨੀ ਦੇ ਕੇ ਦਿੱਤਾ ਜੀਵਨਦਾਨ
NEXT STORY