ਹੁਸ਼ਿਆਰਪੁਰ, (ਜ. ਬ.)- ਕਸਬਾ ਪੱਜੋਦਿਤਾ 'ਚ ਇਕ ਦਰੱਖਤ ਨਾਲ ਲਟਕਦੀ ਲਾਸ਼ ਮਿਲਣ ਨਾਲ ਸਨਸਨੀ ਫੈਲ ਗਈ। ਮੌਕੇ 'ਤੇ ਪਹੁੰਚੀ ਪੁਲਸ ਨੇ ਇਸ ਦੀ ਸੂਚਨਾ ਮ੍ਰਿਤਕ ਦੇ ਪਰਿਵਾਰ ਨੂੰ ਦਿੱਤੀ। ਮ੍ਰਿਤਕ ਦੇ ਦੋਨੋਂ ਹੱਥ ਰੱਸੀ ਨਾਲ ਬੰਨ੍ਹੇ ਹੋਏ ਸਨ। ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਥਾਣਾ ਬੁੱਲ੍ਹੋਵਾਲ ਨੂੰ ਦਿੱਤੇ ਬਿਆਨਾਂ 'ਚ ਹਰਜੀਤ ਸਿੰਘ ਨੇ ਦੱਸਿਆ ਕਿ ਉਸ ਦਾ ਸਾਲਾ ਮਹਿੰਦਰ ਸਿੰਘ ਪੁੱਤਰ ਪਰਮਜੀਤ ਸਿੰਘ ਵਾਸੀ ਰਾਮਗੜ੍ਹ ਫਗਵਾੜਾ (ਕਪੂਰਥਲਾ) ਰਾਜ ਮਿਸਤਰੀ ਦਾ ਕੰਮ ਕਰਦਾ ਸੀ। ਕਰੀਬ ਤਿੰਨ ਮਹੀਨੇ ਪਹਿਲਾਂ ਉਸ ਦੀ ਪਤਨੀ ਉਸ ਨਾਲ ਝਗੜਾ ਕਰ ਕੇ ਪੇਕੇ ਚਲੀ ਗਈ ਸੀ। ਉਸ ਦੇ ਸਹੁਰੇ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਸਨ। ਧਮਕੀਆਂ ਤੋਂ ਪ੍ਰੇਸ਼ਾਨ ਹੋ ਕੇ ਮਹਿੰਦਰ ਨੇ 2 ਮਹੀਨੇ ਪਹਿਲਾਂ ਐੱਸ. ਐੱਸ. ਪੀ. ਫਗਵਾੜਾ ਨੂੰ ਲਿਖਤੀ ਸ਼ਿਕਾਇਤ ਕੀਤੀ ਸੀ ਪਰ ਉਸ ਦੀ ਪਤਨੀ ਦਾ ਜੀਜਾ ਪੁਲਸ 'ਚ ਹੋਣ ਕਾਰਨ ਉਸ 'ਤੇ ਕੋਈ ਕਾਰਵਾਈ ਨਹੀਂ ਹੋਈ ਸੀ। ਅੱਜ ਸਵੇਰੇ 6.30 ਵਜੇ ਮਹਿੰਦਰ ਦੀ ਭੈਣ ਨੇ ਉਸ ਦੇ ਮੋਬਾਇਲ 'ਤੇ ਕਈ ਫੋਨ ਕੀਤੇ ਪਰ ਉਸ ਨੇ ਕੋਈ ਜਵਾਬ ਨਹੀਂ ਦਿੱਤਾ। 7.30 ਵਜੇ ਦੇ ਕਰੀਬ ਪੁਲਸ ਨੇ ਉਨ੍ਹਾਂ ਨੂੰ ਸੂਚਿਤ ਕੀਤਾ ਕਿ ਪਿੰਡ ਪੱਜੋਦਿਤਾ ਕੋਲ ਮਹਿੰਦਰ ਦੀ ਲਾਸ਼ ਦਰੱਖਤ ਨਾਲ ਲਟਕਦੀ ਮਿਲੀ ਹੈ। ਮ੍ਰਿਤਕ ਦੇ ਪਰਿਵਾਰ ਨੇ ਉਸ ਦੇ ਸਹੁਰੇ ਪਰਿਵਾਰ 'ਤੇ ਉਸ ਨੂੰ ਕਤਲ ਕਰਨ ਦਾ ਸ਼ੱਕ ਪ੍ਰਗਟ ਕੀਤਾ ਹੈ। ਮ੍ਰਿਤਕ ਦੀ ਭੈਣ ਨਿਰਮਲ ਕੌਰ ਨੇ ਨਮ ਅੱਖਾਂ ਨਾਲ ਕਿਹਾ ਕਿ ਆਪਣੇ ਸਹੁਰਿਆਂ ਤੋਂ ਉਸ ਦਾ ਭਰਾ ਦੁਖੀ ਸੀ। ਜੇਕਰ ਸਮਾਂ ਰਹਿੰਦੇ ਫਗਵਾੜਾ ਪੁਲਸ ਨੇ ਉਸ ਦੀ ਸ਼ਿਕਾਇਤ 'ਤੇ ਕਾਰਵਾਈ ਕੀਤੀ ਹੁੰਦੀ ਤਾਂ ਅੱਜ ਉਸ ਦਾ ਭਰਾ ਜ਼ਿੰਦਾ ਹੁੰਦਾ।
ਕੀ ਕਹਿੰਦੇ ਹਨ ਡੀ. ਐੱਸ. ਪੀ. : ਮਾਮਲੇ ਦੀ ਜਾਂਚ 'ਚ ਜੁਟੇ ਡੀ. ਐੱਸ. ਪੀ. ਸਪੈਸ਼ਲ ਬ੍ਰਾਂਚ ਹਰਜਿੰਦਰ ਸਿੰਘ ਨੇ ਕਿਹਾ ਕਿ ਮ੍ਰਿਤਕ ਦੀ ਜੇਬ 'ਚੋਂ ਉਸ ਦਾ ਮੋਬਾਇਲ ਮਿਲਿਆ ਹੈ, ਜਿਸ ਸਬੰਧੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਬਾਕੀ ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਮਾਮਲਾ ਸਾਫ਼ ਹੋ ਜਾਵੇਗਾ। ਇਸ ਮਾਮਲੇ 'ਚ ਜੋ ਵੀ ਦੋਸ਼ੀ ਹੋਵੇਗਾ ਉਸ 'ਤੇ ਕਾਰਵਾਈ ਕੀਤੀ ਜਾਵੇਗੀ।
ਭੇਤਭਰੀ ਹਾਲਤ 'ਚ ਨੌਜਵਾਨ ਦੀ ਮੌਤ
NEXT STORY