ਚੰਡੀਗੜ੍ਹ (ਪ੍ਰੀਕਸ਼ਿਤ) : ਆਪਣੀ ਨਵੀਂ ਗੱਡੀ ’ਚ ਲਗਾਤਾਰ ਆ ਰਹੀਆਂ ਸਮੱਸਿਆਵਾਂ ਤੋਂ ਪਰੇਸ਼ਾਨ ਇਕ ਗਾਹਕ ਦੀ ਸ਼ਿਕਾਇਤ ’ਤੇ ਜ਼ਿਲ੍ਹਾ ਖ਼ਪਤਕਾਰ ਕਮਿਸ਼ਨ ਨੇ ਟਾਟਾ ਮੋਟਰਜ਼ ਨੂੰ ਲਾਪਰਵਾਹੀ ਵਰਤਣ ਦਾ ਦੋਸ਼ੀ ਠਹਿਰਾਉਂਦਿਆਂ 30 ਹਜ਼ਾਰ ਰੁਪਏ ਦਾ ਹਰਜਾਨਾ ਲਾਇਆ ਹੈ। ਸੈਕਟਰ-48 ਦੇ ਰਹਿਣ ਵਾਲੇ ਦੁਰਗੇਸ਼ ਕੁਮਾਰ ਝਾਅ ਨੇ ਕਰੀਬ 2 ਸਾਲ ਪਹਿਲਾਂ 8.96 ਲੱਖ ਰੁਪਏ ਦੀ ਟਾਟਾ ਮੋਟਰਜ਼ ਦੀ ਨੈਕਸਨ ਕਾਰ ਖ਼ਰੀਦੀ ਸੀ। ਕੁਝ ਸਮੇਂ ਬਾਅਦ ਇਗਨੀਸ਼ਨ ਬਾਕਸ ਤੋਂ ਇਲਾਵਾ ਹੋਰ ਸਮੱਸਿਆਵਾਂ ਦਿਖਾਈ ਦੇਣੀਆਂ ਸ਼ੁਰੂ ਹੋ ਗਈਆਂ।
ਗਾਹਕ ਦੇ ਅਨੁਸਾਰ ਸਰਵਿਸ ਸੈਂਟਰ ਦੇ ਸਟਾਫ਼ ਨੇ ਦੱਸਿਆ ਸੀ ਕਿ ਗੱਡੀ ਦੇ ਇੰਜਣ ’ਚ ਖ਼ਰਾਬੀ ਹੈ ਤੇ ਇਸ ਨੂੰ ਬਦਲਣਾ ਪਵੇਗਾ। ਸਰਵਿਸ ਸੈਂਟਰ ਨੇ ਭਰੋਸਾ ਦਿੱਤਾ ਕਿ ਇੰਜਣ ਬਦਲਣ ਤੋਂ ਬਾਅਦ ਕੋਈ ਸਮੱਸਿਆ ਨਹੀਂ ਆਵੇਗੀ। ਉਸ ਨੂੰ ਮਜਬੂਰੀ ’ਚ ਨਵੀਂ ਕਾਰ ਦਾ ਇੰਜਣ ਬਦਲਾਉਣਾ ਪਿਆ ਪਰ ਕਾਰ ’ਚ ਹੋਰ ਮੁਸ਼ਕਲ ਆਉਣ ਲੱਗੀ। ਇਸ ਤੋਂ ਪਰੇਸ਼ਾਨ ਹੋ ਕੇ ਉਸ ਨੇ ਜ਼ਿਲ੍ਹਾ ਖ਼ਪਤਕਾਰ ਝਗੜਾ ਨਿਵਾਰਨ ਕਮਿਸ਼ਨ ’ਚ ਸ਼ਿਕਾਇਤ ਦਰਜ ਕਰਵਾਈ ਸੀ।
ਇਸ ਦੇ ਨਾਲ ਹੀ ਕਮਿਸ਼ਨ ’ਚ ਦਾਇਰ ਲਿਖ਼ਤੀ ਜਵਾਬ ’ਚ ਕੰਪਨੀ ਨੇ ਕਿਹਾ ਕਿ ਕਾਰ ’ਚ ਕੋਈ ਖ਼ਰਾਬੀ ਨਹੀਂ ਹੈ। ਸ਼ਿਕਾਇਤਕਰਤਾ ਨੇ ਸੈਂਟਰਲ ਲਾਕ ਤੇ ਮਿਊਜ਼ਿਕ ਸਿਸਟਮ ਵਰਗੀਆਂ ਮਾਮੂਲੀ ਸਮੱਸਿਆਵਾਂ ਦੱਸੀਆਂ ਸਨ, ਜਿਨ੍ਹਾਂ ਨੂੰ ਠੀਕ ਕਰ ਦਿੱਤਾ ਗਿਆ ਸੀ। ਇਸ ਲਈ ਕੰਪਨੀ ਖ਼ਿਲਾਫ਼ ਦਰਜ ਕੀਤੀ ਗਈ ਸ਼ਿਕਾਇਤ ਨੂੰ ਖ਼ਾਰਜ ਕੀਤਾ ਜਾਵੇ। ਦੋਵੇਂ ਧਿਰਾਂ ਨੂੰ ਸੁਣਨ ਤੋਂ ਬਾਅਦ ਕਮਿਸ਼ਨ ਨੇ ਕਿਹਾ ਕਿ ਕੰਪਨੀ ਦੀ ਲਾਪਰਵਾਹੀ ਕਾਰਨ ਗਾਹਕ ਨੂੰ ਕਾਰ ਦੀ ਮੁਰੰਮਤ ਕਰਵਾਉਣ ਲਈ ਵਰਕਸ਼ਾਪ ਦੇ ਕਈ ਗੇੜੇ ਲਾਉਣੇ ਪਏ। ਇਸ ਲਈ ਕਮਿਸ਼ਨ ਨੇ ਕੰਪਨੀ ’ਤੇ 30 ਹਜ਼ਾਰ ਰੁਪਏ ਦਾ ਹਰਜਾਨਾ ਲਾਇਆ।
ਸਰਹਿੰਦ ਨਹਿਰ ’ਚੋਂ ਅਣਪਛਾਤੇ ਵਿਅਕਤੀ ਦੀ ਲਾਸ਼ ਬਰਾਮਦ
NEXT STORY