ਲੋਪੋਕੇ, (ਸਤਨਾਮ)- ਅੱਜ ਚੱਕ ਮਿਸ਼ਰੀ ਖਾਂ ਵਿਖੇ ਨਸ਼ੇ ਦੀ ਓਵਰਡੋਜ਼ ਲੈਣ ਕਾਰਨ ਮ੍ਰਿਤਕ ਸੁਰਜੀਤ ਸਿੰਘ ਦੇ ਘਰ ਐੱਸ. ਪੀ. ਡੀ. ਹਰਪਾਲ ਸਿੰਘ ਪੁੱਜੇ, ਜਿਨ੍ਹਾਂ ਮ੍ਰਿਤਕ ਦੀ ਮਾਤਾ ਬਲਵਿੰਦਰ ਕੌਰ ਤੇ ਪਤਨੀ ਕਰਮਜੀਤ ਕੌਰ ਕੋਲੋਂ ਮ੍ਰਿਤਕ ਬਾਰੇ ਜਾਣਕਾਰੀ ਹਾਸਲ ਕੀਤੀ ਅਤੇ ਵਿਸ਼ਵਾਸ ਦਿਵਾਇਆ ਕਿ ਮ੍ਰਿਤਕ ਦੇ ਵਾਰਿਸਾਂ ਵੱਲੋਂ ਮੌਕੇ ’ਤੇ ਪੁਲਸ ਕਾਰਵਾਈ ਨਾ ਕਰਵਾਉਣ ਦੇ ਬਾਵਜੂਦ ਪੁਲਸ ਇਸ ਕੇਸ ਦੀ ਤਹਿ ਤੱਕ ਜਾਵੇਗੀ। ਇਸ ਮੌਕੇ ਉਨ੍ਹਾਂ ਨਸ਼ਿਅਾਂ ਵਿਰੁੱਧ ਇਕ ਮੀਟਿੰਗ ਚੱਕ ਮਿਸ਼ਰੀ ਖਾਂ ਵਿਖੇ ਕੀਤੀ, ਜਿਸ ਵਿਚ ਕਿਸਾਨ ਸੰਘਰਸ਼ ਕਮੇਟੀ ਤੇ ਆਸ-ਪਾਸ ਦੇ ਪਿੰਡਾਂ ਦੇ ਲੋਕਾਂ ਨੇ ਵੱਡੀ ਗਿਣਤੀ ਵਿਚ ਸ਼ਿਰਕਤ ਕੀਤੀ।
ਮੀਟਿੰਗ ਨੂੰ ਸੰਬੋਧਨ ਕਰਦਿਅਾਂ ਐੱਸ. ਪੀ. ਡੀ. ਹਰਪਾਲ ਸਿੰਘ ਕਿਹਾ ਕਿ ਨਸ਼ਿਅਾਂ ਨੂੰ ਖਤਮ ਕਰਨ ਲਈ ਲੋਕਾਂ ਦਾ ਸਹਿਯੋਗ ਬਹੁਤ ਜ਼ਰੂਰੀ ਹੈ ਅਤੇ ਲੋਕਾਂ ਦੇ ਸਹਿਯੋਗ ਤੋਂ ਬਿਨਾਂ ਇਹ ਕੰਮ ਨਹੀਂ ਹੋ ਸਕਦਾ। ਇਸ ਮੌਕੇ ਐੱਸ. ਐੱਚ. ਓ. ਲੋਪੋਕੇ ਕਪਿਲ ਕੌਸ਼ਲ ਨੇ ਲੋਕਾਂ ਨੂੰ ਕਿਹਾ ਕਿ ਕਈ ਲੋਕ ਇਹ ਕਹਿੰਦੇ ਹਨ ਕਿ ਪੁਲਸ ਨਸ਼ਿਅਾਂ ਦੇ ਸਮੱਗਲਰਾਂ ਵਿਰੁੱਧ ਕੋਈ ਕਾਰਵਾਈ ਨਹੀਂ ਕਰ ਰਹੀ ਪਰ ਪਿਛਲੇ ਇਕ ਸਾਲ ਵਿਚ ਵੱਡੇ ਪੱਧਰ ’ਤੇ ਥਾਣਾ ਲੋਪੋਕੇ ’ਚ ਇਨ੍ਹਾਂ ਕੋਲੋਂ ਨਸ਼ੇ ਦੀਅਾਂ ਵੱਡੀਅਾਂ ਖੇਪਾਂ ਬਰਾਮਦ ਕਰ ਕੇ ਉਨ੍ਹਾਂ ਵਿਰੁੱਧ ਮੁਕੱਦਮੇ ਦਰਜ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਪੁਲਸ ਨਸ਼ਿਅਾਂ ਵਿਰੁੱਧ ਕਿਸੇ ਦਬਾਅ ਹੇਠ ਕੰਮ ਨਹੀਂ ਕਰ ਰਹੀ।
ਇਸ ਮੌਕੇ ਕਿਸਾਨ ਸੰਘਰਸ਼ ਕਮੇਟੀ ਜ਼ੋਨ ਚੋਗਾਵਾਂ ਦੇ ਪ੍ਰਧਾਨ ਦਿਲਬਾਗ ਸਿੰਘ ਚੱਕ ਮਿਸ਼ਰੀ ਖਾਂ ਦੀ ਅਗਵਾਈ ਹੇਠ ਕਿਸਾਨ ਆਗੂਅਾਂ ਨੇ ਮੰਗ ਪੱਤਰ ਦਿੱਤਾ, ਜਿਸ ਵਿਚ ਕਿਹਾ ਗਿਆ ਕਿ ਮੁੱਖ ਮੰਤਰੀ ਵੱਲੋਂ ਗੁਟਕਾ ਸਾਹਿਬ ਦੀ ਸਹੁੰ ਖਾਣ ਦੇ ਬਾਵਜੂਦ ਪੰਜਾਬ ਸਰਕਾਰ ਦੇ ਚਹੇਤੇ ਪਿੰਡਾਂ ’ਚ ਚਿੱਟਾ, ਦੇਸੀ ਲਾਹਣ ਤੇ ਹੋਰ ਨਸ਼ੀਲੇ ਪਦਾਰਥ ਵੇਚ ਰਹੇ ਹਨ, ਜਦੋਂ ਕਿ ਪੁਲਸ ਇਨ੍ਹਾਂ ਨਸ਼ੀਲੇ ਪਦਾਰਥਾਂ ਦੇ ਸਮੱਗਲਰਾਂ ਨੂੰ ਫਡ਼ਨ ਤੋਂ ਗੁਰੇਜ਼ ਕਰਦੀ ਹੈ। ਉਨ੍ਹਾਂ ਮੰਗ ਕੀਤੀ ਕਿ ਇਨ੍ਹਾਂ ਨਸ਼ਿਅਾਂ ਦੀ ਦਲਦਲ ’ਚ ਫਸ ਚੁੱਕੇ ਨੌਜਵਾਨਾਂ ਦਾ ਸਰਕਾਰ ਆਪਣੇ ਪੱਧਰ ’ਤੇ ਇਲਾਜ ਕਰਵਾਏ।
ਇਸ ਮੌਕੇ ਹਰਪਾਲ ਸਿੰਘ, ਜੋਗਾ ਸਿੰਘ, ਸਾਹਿਬ ਸਿੰਘ, ਕੁਲਵੰਤ ਸਿੰਘ, ਪ੍ਰਧਾਨ ਜਗੀਰ ਸਿੰਘ ਚੱਕ ਮਿਸ਼ਰੀ ਖਾਂ, ਮੇਜਰ ਸਿੰਘ ਚਵਿੰਡਾ, ਪ੍ਰੇਮ ਸਿੰਘ ਸੁਖਵਿੰਦਰ ਸਿੰਘ, ਅਮਰੀਕ ਸਿੰਘ, ਸਰਪੰਚ ਰਾਜਵਿੰਦਰ ਸਿੰਘ, ਦਿਲਬਾਗ ਸਿੰਘ, ਤਰਲੋਕ ਸਿੰਘ, ਜਸਵਿੰਦਰ ਸਿੰਘ ਆਦਿ ਹਾਜ਼ਰ ਸਨ।
ਖਾਦਾਂ ਅਤੇ ਕੀਡ਼ੇਮਾਰ ਦਵਾਈਆਂ ਦੀਅਾਂ ਦੁਕਾਨਾਂ ਦੀ ਜਾਂਚ, 15 ਸੈਂਪਲ ਲਏ
NEXT STORY