ਟਾਂਡਾ ਉੜਮੁੜ, (ਪੰਡਿਤ, ਮੋਮੀ, ਸ਼ਰਮਾ, ਕੁਲਦੀਸ਼)- ਟਾਂਡਾ ਪੁਲਸ ਨੇ ਫੋਕਲ ਪੁਆਇੰਟ ਢਡਿਆਲਾ ਤੋਂ ਇਲਾਕੇ ਵਿਚ ਬੈਂਕ ਲੁੱਟਣ ਦੀ ਤਾਕ ਵਿਚ ਬੈਠੇ ਜਿਨ੍ਹਾਂ ਲੁਟੇਰਿਆਂ ਨੂੰ ਮਾਰੂ ਹਥਿਆਰਾਂ ਸਮੇਤ ਕਾਬੂ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ, ਉਨ੍ਹਾਂ ਵਿਚੋਂ 2 ਹਿਸਟਰੀ ਸ਼ੀਟਰ ਹਨ। ਉਨ੍ਹਾਂ ਪੰਜਾਬ ਤੇ ਹਿਮਾਚਲ ਪ੍ਰਦੇਸ਼ ਵਿਚ ਏ. ਟੀ. ਐੱਮ. ਤੋੜਨ ਅਤੇ ਲੁੱਟ-ਖੋਹ ਦੀਆਂ ਅਨੇਕਾਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ। ਇਹ ਖੁਲਾਸਾ ਪੁਲਸ ਦੀ ਮੁੱਢਲੀ ਜਾਂਚ ਤੋਂ ਬਾਅਦ ਹੋਇਆ ਹੈ। ਜ਼ਿਲਾ ਪੁਲਸ ਮੁਖੀ ਹੁਸ਼ਿਆਰਪੁਰ ਜੇ. ਏਲੀਚੇਲਿਅਨ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਅੱਜ ਥਾਣਾ ਟਾਂਡਾ ਵਿਚ ਹੋਈ ਪ੍ਰੈੱਸ ਕਾਨਫਰੰਸ ਦੌਰਾਨ ਡੀ. ਐੱਸ. ਪੀ. ਰਜਿੰਦਰ ਸ਼ਰਮਾ ਅਤੇ ਥਾਣਾ ਮੁਖੀ ਇੰਸਪੈਕਟਰ ਪ੍ਰਦੀਪ ਸਿੰਘ ਨੇ ਗਿਰੋਹ ਬਾਰੇ ਜਾਣਕਾਰੀ ਦਿੱਤੀ।
ਡੀ. ਐੱਸ. ਪੀ. ਸ਼ਰਮਾ ਨੇ ਦੱਸਿਆ ਕਿ ਗਿਰੋਹ ਦੇ ਮੈਂਬਰਾਂ ਦੀ ਪਛਾਣ ਮਨਪ੍ਰੀਤ ਸਿੰਘ ਪੁੱਤਰ ਸ਼ਾਮ ਸਿੰਘ ਨਿਵਾਸੀ ਚੌਕ ਬਾਬੇ ਹਵੇਲੀ ਕਾਹਨ ਸਿੰਘ ਅੰਮ੍ਰਿਤਸਰ, ਜਗਤ ਨਰਾਇਣ ਪੁੱਤਰ ਮੋਤੀ ਲਾਲ ਨਿਵਾਸੀ ਹੰਸਲੀ ਗਲੀ ਬਾਜ਼ਾਰ ਮੁਲਰਵਾਲ, ਪੁਨੀਤ ਪੁੱਤਰ ਜਸਵਿੰਦਰ ਨਿਵਾਸੀ ਕੋਟ ਬਾਬਾ ਦੀਪ ਸਿੰਘ, ਪ੍ਰਿੰਸ ਪੁੱਤਰ ਸਵਿੰਦਰ ਨਿਵਾਸੀ ਗਲੀ ਬਾਬਾ ਬੇਰ ਸਿੰਘ ਅਤੇ ਮਿੰਟੂ ਨਿਵਾਸੀ ਅੰਮ੍ਰਿਤਸਰ ਦੇ ਰੂਪ ਵਿਚ ਹੋਈ ਹੈ। ਇਨ੍ਹਾਂ ਕੋਲੋਂ ਕਾਰ ਦੇ ਨਾਲ-ਨਾਲ ਰਾਡ, ਦਾਤਰ, ਟਕੂਏ, ਕਾਲੇ ਰੰਗ ਦੀ ਸਪਰੇਅ ਅਤੇ ਮੌਂਕੀ ਟਾਈਪ ਟੋਪੀਆਂ ਬਰਾਮਦ ਕੀਤੀਆਂ ਹਨ। ਉਨ੍ਹਾਂ ਦੱਸਿਆ ਕਿ ਫੜੇ ਗਏ ਗਿਰੋਹ ਦੇ ਮੈਂਬਰਾਂ ਵਿਚੋਂ ਮਨਪ੍ਰੀਤ ਸਿੰਘ ਅਤੇ ਜਗਤ ਨਰਾਇਣ ਖਿਲਾਫ਼ ਪੰਜਾਬ ਤੇ ਹਿਮਾਚਲ ਵਿਚ ਏ. ਟੀ. ਐੱਮ. ਤੋੜਨ ਅਤੇ ਲੁੱਟ-ਖੋਹ ਕਰਨ ਦੇ 14 ਮਾਮਲੇ ਦਰਜ ਹਨ ਅਤੇ ਦੋ ਮਹੀਨੇ ਪਹਿਲਾਂ ਹੀ ਜ਼ਮਾਨਤ 'ਤੇ ਬਾਹਰ ਆਉਣ ਤੋਂ ਬਾਅਦ ਇਨ੍ਹਾਂ ਉਕਤ ਦੋਸ਼ੀਆਂ ਦੀ ਮਦਦ ਨਾਲ ਫਿਰ ਸਰਗਰਮੀ ਫੜ ਲਈ ਸੀ। ਉਨ੍ਹਾਂ ਦੱਸਿਆ ਕਿ ਟਾਂਡਾ ਪੁਲਸ ਵੱਲੋਂ ਫੜੇ ਗਏ ਦੋਸ਼ੀਆਂ ਦਾ ਰਿਮਾਂਡ ਹਾਸਲ ਕਰ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਤੋਂ ਕਈ ਅਹਿਮ ਸੁਰਾਗ ਮਿਲਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਮਿੰਟੂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਜਾਰੀ ਹੈ।
2 ਟਰੱਕਾਂ ਦੀ ਟੱਕਰ 'ਚ 1 ਵਿਅਕਤੀ ਫੱਟੜ
NEXT STORY