ਕੇਂਦਰੀ ਮੰਤਰੀ ਵਿਜੇ ਗੋਇਲ ਭਾਜਪਾ ਦੇ ਪੁਰਾਣੇ ਨੇਤਾ ਹਨ ਅਤੇ ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ਤੋਂ ਲੈ ਕੇ ਮੋਦੀ ਸਰਕਾਰ ਤਕ ਸਰਗਰਮ ਹਨ। ਉਹ ਖੇਡ ਖੇਤਰ 'ਚ ਭਾਰਤ ਨੂੰ ਮਜ਼ਬੂਤ ਬਣਾਉਣ 'ਚ ਜੁਟੇ ਹੋਏ ਹਨ ਅਤੇ ਮੋਦੀ ਸਰਕਾਰ ਨੂੰ ਹੁਣ ਤਕ ਦੀ ਸਭ ਤੋਂ ਹਰਮਨਪਿਆਰੀ ਸਰਕਾਰ ਮੰਨਦੇ ਹਨ। ਦਿੱਲੀ ਦੀ ਸਿਆਸਤ 'ਚ ਉਨ੍ਹਾਂ ਦੀ ਤਗੜੀ ਦਖਲ ਹੈ, ਜਿਸ ਕਾਰਨ ਉਹ ਅਕਸਰ ਸੁਰਖੀਆਂ 'ਚ ਰਹਿੰਦੇ ਹਨ।
ਨਵੋਦਯਾ ਟਾਈਮਜ਼/ਜਗ ਬਾਣੀ ਦੇ ਦਫਤਰ 'ਚ ਉਨ੍ਹਾਂ ਵੱਖ-ਵੱਖ ਮੁੱਦਿਆਂ 'ਤੇ ਬਹੁਤ ਬੇਬਾਕੀ ਨਾਲ ਚਰਚਾ ਕੀਤੀ। ਪੇਸ਼ ਹਨ ਪ੍ਰਮੁੱਖ ਅੰਸ਼ :
* ਮੋਦੀ ਸਰਕਾਰ ਨੂੰ ਤਿੰਨ ਸਾਲ ਹੋ ਗਏ ਹਨ। ਮੱਥੇ 'ਤੇ ਜੀ. ਐੱਸ. ਟੀ. ਦਾ ਮੁਕਟ ਵੀ ਜੜ ਗਿਆ ਹੈ, ਇਸ ਨੂੰ ਕਿਸ ਤਰ੍ਹਾਂ ਦੇਖਦੇ ਹੋਏ?
ਜਿਥੋਂ ਤਕ ਮੈਨੂੰ ਯਾਦ ਆਉਂਦਾ ਹੈ, ਸ਼ਾਇਦ ਹੀ ਕਿਸੇ ਸਰਕਾਰ ਦੀ ਲੋਕਪ੍ਰਿਯਤਾ ਪਹਿਲੇ ਦਿਨ ਤੋਂ ਲਗਾਤਾਰ ਵਧਦੀ ਗਈ ਹੋਵੇ ਅਤੇ ਤਿੰਨ ਸਾਲ ਬੀਤ ਜਾਣ ਤੋਂ ਬਾਅਦ ਹੋਰ ਵੀ ਵਧ ਹੋਈ ਹੋਵੇ ਪਰ ਮੋਦੀ ਸਰਕਾਰ ਨਾਲ ਅਜਿਹਾ ਹੋ ਰਿਹਾ ਹੈ। ਸਰਕਾਰ ਪ੍ਰਤੀ ਭਰੋਸੇਯੋਗਤਾ ਲਗਾਤਾਰ ਵਧਦੀ ਜਾ ਰਹੀ ਹੈ। ਦੇਸ਼ ਨੂੰ ਨਰਿੰਦਰ ਮੋਦੀ ਵਜੋਂ ਅਜਿਹਾ ਪ੍ਰਧਾਨ ਮੰਤਰੀ ਮਿਲਿਆ ਹੈ ਜੋ ਇਰਾਦਿਆਂ ਦਾ ਪੱਕਾ ਹੈ ਅਤੇ ਜੋ ਕਹਿੰਦਾ ਹੈ, ਉਹ ਕਰ ਕੇ ਦਿਖਾਉਂਦਾ ਹੈ। ਮੋਦੀ ਦੀ ਲੀਡਰਸ਼ਿਪ ਸਖਤ ਫੈਸਲੇ ਕਰਨ ਵਾਲੀ ਹੈ ਜਿਸ ਨੂੰ ਲੋਕ ਵੀ ਪਸੰਦ ਕਰ ਰਹੇ ਹਨ। ਜਨਧਨ ਤੋਂ ਲੈ ਕੇ ਜੀ. ਐੱਸ. ਟੀ. ਤਕ ਦੇ ਸਫਰ 'ਚ ਉਨ੍ਹਾਂ ਇਹ ਵੀ ਸਾਬਤ ਕਰ ਦਿੱਤਾ ਹੈ ਕਿ ਸਰਕਾਰ ਸਿਰਫ ਯੋਜਨਾ ਨਹੀਂ ਬਣਾਉਂਦੀ ਸਗੋਂ ਉਸ 'ਤੇ ਅਮਲੀਜਾਮਾ ਪਹਿਨਾਉਣ ਤਕ ਦਾ ਕੰਮ ਕਰਦੀ ਹੈ।
* ਜਨਧਨ ਤੋਂ ਜੀ. ਐੱਸ. ਟੀ. ਤਕ ਦੇ ਸਫਰ ਦੌਰਾਨ ਲੋਕਾਂ ਨੂੰ ਤਕਲੀਫਾਂ ਹੋਈਆਂ ਹਨ। ਕੀ ਰੋਲ ਆਊਟ ਸੰਬੰਧੀ ਵਿਚਾਰ ਨਹੀਂ ਹੋਇਆ ਹੈ?
ਭਾਵੇਂ ਨੋਟਬੰਦੀ ਹੋਵੇ ਜਾਂ ਫਿਰ ਜੀ. ਐੱਸ. ਟੀ., ਸਰਕਾਰ ਨੇ ਕਦੇ ਵੀ ਤਕਲੀਫ ਨਾ ਹੋਣ ਦਾ ਦਾਅਵਾ ਨਹੀਂ ਕੀਤਾ। ਹਾਂ, ਲੋਕਾਂ ਦੀ ਪ੍ਰੇਸ਼ਾਨੀ ਨੂੰ ਜਾਣਨ ਪਿਛੋਂ ਉਸ ਨੂੰ ਦੂਰ ਕਰਨ ਲਈ ਮੋਦੀ ਸਰਕਾਰ ਨੇ ਕੰਮ ਜ਼ਰੂਰ ਕੀਤਾ। ਨੋਟਬੰਦੀ ਦੌਰਾਨ ਜਦੋਂ ਪ੍ਰੇਸ਼ਾਨੀ ਸਾਹਮਣੇ ਆਈ ਤਾਂ ਸਰਕਾਰ ਨੇ ਉਸ ਦੇ ਨਿਯਮਾਂ 'ਚ ਤਬਦੀਲੀਆਂ ਵੀ ਕੀਤੀਆਂ ਤਾਂ ਜੋ ਲੋਕਾਂ ਨੂੰ ਘੱਟ ਤੋਂ ਘੱਟ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਵੇ। ਕਿਸੇ ਵੀ ਯੋਜਨਾ ਦੀ ਗੱਲ ਹੋਵੇ, ਸਰਕਾਰ ਲੋਕਾਂ ਨਾਲ ਕਦਮ ਨਾਲ ਕਦਮ ਮਿਲਾ ਕੇ ਚਲਦੀ ਹੈ ਅਤੇ ਲੋਕਾਂ ਨਾਲ ਹੋਣ ਵਾਲੀ ਗੱਲਬਾਤ 'ਤੇ ਧਿਆਨ ਦਿੰਦੀ ਹੈ। ਤਾਜ਼ਾ ਉਦਾਹਰਣ ਹੈ ਕਿ ਸਲੱਮ ਦੌੜ 'ਚ ਮੈਡਲ ਆਦਿ ਦੀ ਗਿਣਤੀ ਘੱਟ ਹੋਣ'ਤੇ ਮੈਂ ਪ੍ਰਤੀਯੋਗੀਆਂ ਨਾਲ ਗੱਲਬਾਤ ਕੀਤੀ ਅਤੇ ਸਮੱਸਿਆ ਦੂਰ ਹੋ ਗਈ।
* ਕੱਪੜਾ ਵਪਾਰੀ ਅਤੇ ਹੋਰ ਕਈ ਵਰਗ ਜੀ. ਐੱਸ. ਟੀ. ਦਾ ਵਿਰੋਧ ਕਰ ਰਹੇ ਹਨ, ਕੀ ਸੁਧਾਰ ਦੀ ਸੰਭਾਵਨਾ ਹੈ?
ਕੱਪੜਾ ਵਪਾਰੀ ਅਜੇ ਜੀ. ਐੱਸ. ਟੀ. ਨੂੰ ਚੰਗੀ ਤਰ੍ਹਾਂ ਸਮਝ ਨਹੀਂ ਸਕੇ ਹਨ। ਉਨ੍ਹਾਂ ਨੂੰ ਇਸ ਨਾਲ ਲਾਭ ਹੋਵੇਗਾ। ਹੁਣ ਤਕ ਕੱਪੜਾ ਵਪਾਰੀਆਂ ਦੀ ਚੇਨ ਟੁੱਟੀ ਹੋਈ ਸੀ। ਜੀ. ਐੱਸ. ਟੀ. ਨਾਲ ਉਹ ਜੁੜੇਗੀ। ਸਰਕਾਰ ਹਮੇਸ਼ਾ ਸੁਧਾਰ ਲਈ ਤਿਆਰ ਰਹਿੰਦੀ ਹੈ। ਉਂਝ ਇਸ 'ਚ ਜਿਨ੍ਹਾਂ ਲਈ ਮਹਿੰਗਾ-ਸਸਤਾ ਹੋਣਾ ਹੈ, ਉਨ੍ਹਾਂ ਲੋਕਾਂ ਨੂੰ ਫਰਕ ਨਹੀਂ ਪੈ ਰਿਹਾ । ਹਾਂ, ਅਜਿਹੇ ਵਪਾਰੀਆਂ ਨੂੰ ਜ਼ਰੂਰ ਮੁਸ਼ਕਲ ਹੋ ਸਕਦੀ ਹੈ, ਜਿਹੜੇ ਖਾਤੇ ਨਹੀਂ ਰੱਖਦੇ ਸਨ।
* ਕੀ ਨਵੀਂ ਪੀੜੀ ਡਿਜੀਟਲ ਅਤੇ ਹੋਰਨਾਂ ਨਵੇਂ ਤਰੀਕਿਆਂ ਨੂੰ ਸਿੱਖ ਰਹੀ ਹੈ?
ਨਵੀਂ ਪੀੜੀ ਤਾਂ ਇਸ 'ਚ ਸਭ ਤੋਂ ਅੱਗੇ ਹੈ। ਉਹ ਨਹੀਂ ਚਾਹੁੰਦੀ ਕਿ ਸਾਮਾਨ ਖਰੀਦਣ ਲਈ ਚਾਵੜੀ ਬਾਜ਼ਾਰ ਜਾਂ ਇਸ ਤਰ੍ਹਾਂ ਦੀ ਕਿਸੇ ਹੋਰ ਮਾਰਕੀਟ 'ਚ ਜਾਣਾ ਪਵੇ। ਉਹ ਤਾਂ ਘਰ ਬੈਠ ਕੇ ਕੰਪਿਊਟਰ ਅਤੇ ਹੋਰਨਾਂ ਤਰੀਕਿਆਂ ਰਾਹੀਂ ਆਪਣੇ ਕਾਰੋਬਾਰ ਤੋਂ ਲੈ ਕੇ ਲੋੜ ਦੇ ਸਾਮਾਨ ਨੂੰ ਖਰੀਦਣ ਦੇ ਕੰਮ ਨੂੰ ਅੰਜਾਮ ਦੇਣਾ ਚਾਹੁੰਦੀ ਹੈ।
* ਵਿਰੋਧੀ ਧਿਰ ਦੋਸ਼ ਲਾਉਂਦੀ ਹੈ ਕਿ ਦਿੱਲੀ 'ਚ ਕਈ ਤਰ੍ਹਾਂ ਦੀ ਸਮੱਸਿਆ ਹੈ, ਜਿਨ੍ਹਾਂ ਵਲ ਧਿਆਨ ਨਹੀਂ ਦਿੱਤਾ ਜਾ ਰਿਹਾ?
ਵਿਜੇ ਗੋਇਲ ਨੂੰ ਜਿੰਨਾ ਮੀਡੀਆ ਨੇ ਦਿਖਾਇਆ ਹੈ, ਲੋਕ ਓਨਾ ਹੀ ਜਾਣਦੇ ਹਨ। ਜਦੋਂ ਕਿ ਉਸ ਤੋਂ ਕਿਤੇ ਵਧ ਕੰਮ ਕੀਤਾ ਗਿਆ ਹੈ। ਲਾਟਰੀ ਬੰਦ ਕਰਵਾਉਣ ਦਾ ਮਾਮਲਾ ਹੋਵੇ ਜਾਂ ਫਿਰ ਦਿੱਲੀ ਦੇ ਕਾਲਜਾਂ 'ਚ ਦਿੱਲੀ ਵਾਲਿਆਂ ਲਈ ਰਿਜ਼ਰਵੇਸ਼ਨ ਦੀ ਮੰਗ। ਹੁਣ ਡੀ. ਡੀ. ਏ. ਦੀ ਯੋਜਨਾ 'ਚ ਸਥਾਨਕ ਲੋਕਾਂ ਲਈ ਫਲੈਟ ਡਰਾਅ 'ਚ ਵੀ ਰਿਜ਼ਰਵੇਸ਼ਨ ਕੀਤੇ ਜਾਣ ਲਈ ਐੱਲ. ਜੀ. ਨੂੰ ਬੇਨਤੀ ਕੀਤੀ ਹੈ। ਇਹ ਸਭ ਕੰਮ ਮੈਂ ਹੋਰਨਾਂ ਤੋਂ ਹਟ ਕੇ ਕਰਦਾ ਹਾਂ।
* ਡੀ. ਡੀ. ਏ. ਦੀਆਂ ਕਾਰਗੁਜ਼ਾਰੀਆਂ ਤੋਂ ਲੋਕਾਂ ਨੂੰ ਸਮੱਸਿਆ ਰਹਿੰਦੀ ਹੈ। ਇਸ 'ਤੇ ਕਿਉਂ ਨਹੀਂ ਕੰਟਰੋਲ ਹੁੰਦਾ?
ਤੁਹਾਡੀ ਗੱਲ ਨਾਲ ਮੈਂ ਸਹਿਮਤ ਹਾਂ। ਮੈਂ ਖੁਦ ਡੀ. ਡੀ. ਏ. ਦੇ ਵੀ. ਸੀ. ਨੂੰ ਸੱਦਿਆ ਸੀ ਅਤੇ ਵਧੀਆ ਢੰਗ ਨਾਲ ਕੰਮ ਕਰਨ ਲਈ ਕਿਹਾ ਹੈ। ਥੋੜ੍ਹਾ ਸਮਾਂ ਲੱਗੇਗਾ, ਸੁਧਾਰ ਹੋ ਜਾਵੇਗਾ। ਇਸੇ ਤਰ੍ਹਾਂ ਐੱਮ. ਸੀ . ਡੀ. ਦੇ ਕਲਚਰ 'ਤੇ ਸਵਾਲ ਉੱਠਦੇ ਹਨ। ਉਥੇ ਵੀ ਸਭ ਠੀਕ ਹੋਣ 'ਚ ਸਮਾਂ ਲੱਗੇਗਾ।
ਡੀ. ਯੂ. 'ਚ ਰਿਜ਼ਰਵੇਸ਼ਨ ਕਾਰਨ ਨਹੀਂ ਹੋਵੇਗੀ ਮੁਸ਼ਕਲ
* ਡੀ. ਯੂ. ਦੇ ਕਾਲਜਾਂ 'ਚ 85 ਫੀਸਦੀ ਸੀਟਾਂ ਦਿੱਲੀ ਦੇ ਵਿਦਿਆਰਥੀਆਂ ਲਈ ਰਾਖਵੀਆਂ ਹੋਣ 'ਤੇ ਹੋਰਨਾਂ ਸੂਬਿਆਂ ਦੇ ਵਿਦਿਆਰਥੀਆਂ ਦਾ ਦਾਖਲਾ ਕਿਵੇਂ ਹੋਵੇਗਾ ?
ਨਹੀਂ, ਕੋਈ ਮੁਸ਼ਕਲ ਨਹੀਂ ਆਏਗੀ। ਸਗੋਂ ਮੈਂ ਤਾਂ ਪ੍ਰਧਾਨ ਮੰਤਰੀ ਨੂੰ ਵੀ ਕਿਹਾ ਹੈ ਕਿ ਉਹ ਕੋਈ ਅਜਿਹੀ ਨੀਤੀ ਬਣਾਉਣ ਕਿ ਹਰ ਸੂਬੇ 'ਚ ਸ਼੍ਰੀ ਰਾਮ ਕਾਲਜ ਆਫ ਕਾਮਰਸ ਜਾਂ ਹੋਰ ਪ੍ਰਸਿੱਧ ਸੰਸਥਾਵਾਂ ਖੁੱਲ੍ਹ ਜਾਣ ਤਾਂ ਜੋ ਉਨ੍ਹਾਂ ਸੂਬਿਆਂ ਦੇ ਵਿਦਿਆਰਥੀ ਉਥੇ ਹੀ ਪੜ੍ਹਾਈ ਕਰ ਸਕਣ। ਉਂਝ ਵੀ ਮੈਂ ਦਿੱਲੀ ਦੇ ਕਾਲਜਾਂ 'ਚ ਦਿੱਲੀ ਦੇ ਵਿਦਿਆਰਥੀਆਂ ਲਈ ਰਿਜ਼ਰਵੇਸ਼ਨ ਦੀ ਮੰਗ ਕੀਤੀ ਹੈ। ਦਿੱਲੀ ਦੇ ਵਿਦਿਆਰਥੀਆਂ 'ਚ ਉਹ ਸਭ ਸ਼ਾਮਿਲ ਹੈ, ਜਿਨ੍ਹਾਂ ਦੇ ਮਾਤਾ-ਪਿਤਾ ਕਿਸੇ ਕਾਰਨ ਦਿੱਲੀ 'ਚ ਵੱਸ ਗਏ ਹਨ। 15 ਫੀਸਦੀ ਸੀਟਾਂ ਬਾਹਰੀ ਸੂਬਿਆਂ ਦੇ ਵਿਦਿਆਰਥੀਆਂ ਲਈ ਰਹਿਣਗੀਆਂ। ਫਿਲਹਾਲ ਤਾਂ ਰਿਜ਼ਰਵੇਸ਼ਨ ਦੀ ਵਿਵਸਥਾ ਨੂੰ ਦਿੱਲੀ 'ਚ ਹੀ ਲਾਗੂ ਕਰਵਾਉਣ 'ਚ ਕੁਝ ਸਮੱਸਿਆਵਾਂ ਹਨ।
ਵਾਜਪਾਈ ਦੀਆਂ ਵੱਖ, ਮੋਦੀ ਸਰਕਾਰ ਦੀਆਂ ਵੱਖ ਖੂਬੀਆਂ
* ਤੁਸੀਂ ਵਾਜਪਾਈ ਸਰਕਾਰ ਅਤੇ ਮੋਦੀ ਸਰਕਾਰ ਦੋਹਾਂ ਦਾ ਕੰਮ ਦੇਖਿਆ ਹੈ। ਕੀ ਫਰਕ ਮਹਿਸੂਸ ਕਰਦੇ ਹੋ?
ਦੋਹਾਂ 'ਚ ਫਰਕ ਨਹੀਂ, ਖੂਬੀਆਂ ਬਾਰੇ ਗੱਲ ਕਰ ਸਕਦੇ ਹਾਂ। ਦੋਵੇਂ ਹੀ ਵਿਕਾਸਪੱਖੀ ਰਹੇ ਹਨ। ਵਾਜਪਾਈ ਕੰਮ ਤੋਂ ਬਾਅਦ ਆਰਾਮ ਲਈ ਵੀ ਸਮਾਂ ਕੱਢਦੇ ਸਨ ਪਰ ਮੋਦੀ 24 ਘੰਟੇ ਕੰਮ ਕਰ ਰਹੇ ਹਨ। ਉਹ ਜਲਦੀ ਕੰਮ ਖਤਮ ਹੋਣ ਤੋਂ ਬਾਅਦ ਨਵੇਂ ਕੰਮ ਲੱਭਣ ਲੱਗ ਪੈਂਦੇ ਹਨ।
* ਯੋਜਨਾਵਾਂ ਅਤੇ ਹੋਰਨਾਂ ਗੱਲਾਂ ਦੇ ਆਧਾਰ 'ਤੇ ਬੇਸਿਕ ਫਰਕ ਕੀ ਹੈ?
ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਚ ਰਿਸਕ ਲੈਣ ਦੀ ਸਮਰੱਥਾ ਬਹੁਤ ਵੱਧ ਹੈ। ਸਰਕਾਰ ਦੀਆਂ ਯੋਜਨਾਵਾਂ ਨੂੰ ਲਾਗੂ ਕਰਵਾਉਣ ਜਾਂ ਹੋਰਨਾਂ ਮਾਮਲਿਆਂ 'ਚ ਨੌਕਰਸ਼ਾਹੀ ਲਗਭਗ ਪਹਿਲਾਂ ਵਰਗੀ ਹੈ ਪਰ ਜਿਸ ਤਰ੍ਹਾਂ ਉਹ ਤੇਜ਼ੀ ਨਾਲ ਫੈਸਲੇ ਲੈਂਦੇ ਹਨ, ਅਜਿਹਾ ਪਹਿਲਾਂ ਦੇਖਣ ਨੂੰ ਕਦੇ ਨਹੀਂ ਮਿਲਿਆ।
ਮੈਂ ਕਦੇ ਨਹੀਂ ਕਿਹਾ, ਮਨੋਜ ਤੋਂ ਵੱਖ ਹਾਂ
* ਪਾਰਟੀ ਦੇ ਅੰਦਰ ਅਤੇ ਬਾਹਰ ਵੀ ਇਹ ਚਰਚਾ ਹੈ ਕਿ ਜੇ ਮਨੋਜ ਤਿਵਾੜੀ ਅਤੇ ਮਨੋਜ ਗੋਇਲ ਮਿਲ ਜਾਣ ਤਾਂ ਪਾਰਟੀ ਦੀ ਮਜ਼ਬੂਤੀ ਹੋਰ ਵਧ ਜਾਵੇਗੀ
ਉਲਟ-ਪੁਲਟ ਗੱਲਾਂ ਕਿਤੇ ਨਹੀਂ ਹੁੰਦੀਆਂ ਅਤੇ ਹੁੰਦੀਆਂ ਵੀ ਨਹੀਂ ਹਨ। ਮੇਰਾ ਕੰਮ ਕਰਨ ਦਾ ਤਰੀਕਾ ਵੱਖਰਾ ਹੈ। ਆਮ ਤੌਰ 'ਤੇ ਲੋਕ ਸਿਆਸਤ ਕਰਨ ਲਈ ਕੰਮ ਕਰਦੇ ਹਨ ਜਦਕਿ ਮੈਂ ਕੰਮ ਕਰਦਾ ਹਾਂ, ਇਸ ਲਈ ਸਿਆਸਤ 'ਚ ਹਾਂ। ਜਿਥੋਂ ਤਕ ਗੱਲ ਹੈ ਤਿਵਾੜੀ ਅਤੇ ਮੇਰੇ ਇਕੱਠਿਆਂ ਹੋਣ ਦੀ ਤਾਂ ਮੈਂਕਦੇ ਵੀ ਨਹੀਂ ਕਿਹਾ ਕਿ ਮੈਂ ਉਨ੍ਹਾਂ ਤੋਂ ਵੱਖ ਹਾਂ। ਉਨ੍ਹਾਂ ਸਲੱਮ 'ਚ ਬਹੁਤ ਵਧੀਆ ਕੰਮ ਕੀਤਾ ਹੈ। ਮੈਂ ਆਪਣੇ ਪਿਤਾ ਜੀ ਕੋਲੋਂ ਵੀ ਇਹੀ ਸਿੱਖਿਆ ਹੈ, ਜੋ ਵੀ ਕੰਮ ਕਰੋ, ਈਮਾਨਦਾਰੀ ਨਾਲ ਕਰੋ, ਪਿਛਲੇ 40 ਸਾਲਾਂ 'ਚ ਮੇਰੇ 'ਤੇ ਕੋਈ ਵੀ ਦੋਸ਼ ਨਹੀਂ ਲੱਗਾ। ਪਾਰਟੀ ਨੇ ਮੈਨੂੰ ਦੋ ਵਾਰ ਮੰਤਰੀ ਬਣਾਇਆ। ਸੰਸਦ ਮੈਂਬਰ, ਸੂਬਾਈ ਪ੍ਰਧਾਨ ਅਤੇ ਹੋਰ ਵੀ ਕਈ ਜ਼ਿੰਮੇਵਾਰੀਆਂ ਦਿੱਤੀਆਂ ਹਨ।
* ਕਿਹੜੇ ਕਾਰਨਾਂ ਕਰਕੇ ਭਾਜਪਾ ਸੱਤਾ ਤੋਂ ਬਾਹਰ ਰਹੀ?
ਸਾਡੀਆਂ ਗਲਤੀਆਂ ਕਾਰਨ। ਅਸੀਂ ਕਈ ਵਾਰ ਜਿੱਤ ਦੇ ਕੰਢੇ 'ਤੇ ਪਹੁੰਚ ਕੇ ਵੀ ਹਾਰ ਗਏ। ਮੁੱਖ ਤੌਰ 'ਤੇ ਸਾਨੂੰ ਸਲੱਮ ਬਸਤੀਆਂ ਤੋਂ ਵੋਟ ਨਹੀਂ ਮਿਲਦੀ ਸੀ ਜਾਂ ਘੱਟ ਮਿਲਦੀ ਰਹੀ ਹੈ। ਇਸ ਤੋਂ ਇਲਾਵਾ ਕਈ ਵਾਰ ਅੰਦਰੂਨੀ ਕਾਰਨ ਵੀ ਹਾਰ ਲਈ ਜ਼ਿੰਮੇਵਾਰ ਹੁੰਦੇ ਹਨ।
* ਮੌਕਾ ਮਿਲੇ ਤਾਂ ਸਿਆਸਤ ਦੀ ਬਜਾਏ ਹੈਰੀਟੇਜ ਨੂੰ ਚੁਣ ਲਵਾਂ।
ਦਿੱਲੀ 'ਚ ਕਈ ਨੇਤਾ ਹਨ ਪਰ ਹਰੇਕ ਦਾ ਕੰਮ ਕਰਨ ਦਾ ਆਪਣਾ-ਆਪਣਾ ਤਰੀਕਾ ਰਿਹਾ ਹੈ, ਜਿਥੋਂ ਤਕ ਮੇਰੀ ਗੱਲ ਹੈ, ਮੈਨੂੰ ਜੇ ਸਿਆਸਤ ਅਤੇ ਹੈਰੀਟੇਜ 'ਚੋਂ ਕਿਸੇ ਇਕ ਨੂੰ ਚੁਣਨਾ ਪਵੇਗਾ ਤਾਂ ਮੈਂ ਹੈਰੀਟੇਜ ਨੂੰ ਚੁਣ ਸਕਦਾ ਹਾਂ। ਚਾਂਦਨੀ ਚੌਕ ਅਤੇ ਸ਼ਾਹਜਹਾਂਬਾਦ ਮੇਰੇ ਹਵਾਲੇ ਕਰ ਕੇ ਦੇਖੋ, ਮੈਂ ਸਚਮੁੱਚ ਸੁਧਾਰ ਕਰ ਕੇ ਦਿਖਾ ਸਕਦਾ ਹਾਂ। ਸ਼ਰਤ ਇਹ ਹੈ ਕਿ ਮੈਨੂੰ ਅਧਿਕਾਰ ਵੀ ਮਿਲਣ ਅਤੇ ਕਿਸੇ ਦੀ ਟੋਕਾਟਾਕੀ ਜਾਂ ਦਖਲਅੰਦਾਜ਼ੀ ਨਾ ਹੋਵੇ।
* ਖਿਡਾਰੀਆਂ ਦੀ ਭਲਾਈ ਲਈ ਲੱਗਾ ਰਹਿੰਦਾ ਹਾਂ
ਜੇ ਕਿਤੋਂ ਕਦੇ ਕੋਈ ਅਜਿਹੀ ਜਾਣਕਾਰੀ ਸਾਹਮਣੇ ਆਉਂਦੀ ਹੈ ਕਿ ਪ੍ਰਤਿਭਾਸ਼ਾਲੀ ਹੋਣ ਦੇ ਬਾਵਜੂਦ ਸੋਮਿਆਂ ਜਾਂ ਸਹੂਲਤਾਂ ਦੇ ਨਾਂ ਹੋਣ ਕਾਰਨ ਖਿਡਾਰੀ ਅੱਗੇ ਨਹੀਂ ਵਧ ਰਹੇ ਤਾਂ ਖੁਦ ਸੰਪਰਕ ਕਰਨ 'ਚ ਝਿਜਕ ਮਹਿਸੂਸ ਨਹੀਂ ਕਰਦਾ। ਪਿੱਛੇ ਜਿਹੇ ਆਸਾਮ ਤੋਂ ਮੈਨੂੰ ਇਕ ਮੇਲ ਮਿਲੀ, ਜਿਸ 'ਚ ਇਕ ਬੱਚੀ ਦੇ ਬਾਕਸਿੰਗ ਦੇ ਟੇਲੈਂਟ ਦੀ ਚਰਚਾ ਕੀਤੀ ਗਈ ਸੀ। ਮੇਲ ਕਰਨ ਵਾਲੇ ਨੇ ਕਿਹਾ ਸੀ ਕਿ ਜੇ ਇਸ ਕੁੜੀ ਨੂੰ ਮੌਕਾ ਮਿਲੇ ਤਾਂ ਉਹ ਵੀ ਮੈਰੀਕਾਮ ਵਾਂਗ ਬਾਕਸਰ ਬਣ ਸਕਦੀ ਹੈ। ਮੇਲ ਭੇਜਣ ਵਾਲੇ ਨੂੰ ਮੈਂ ਖੁਦ ਫੋਨ ਕਰ ਕੇ ਸੰਪਰਕ ਕੀਤਾ ਅਤੇ ਇਹ ਵੀ ਭਰੋਸਾ ਦਿੱਤਾ ਕਿ ਬੱਚੀ ਦੇ ਖੇਡ ਟੇਲੈਂਟ ਨਾਲ ਜੁੜੀ ਵੀਡੀਓ ਅਤੇ ਹੋਰ ਜਾਣਕਾਰੀ ਭੇਜੋ। ਉਸ ਨੂੰ ਵੀ ਲੈ ਕੇ ਆਓ। ਟੇਲੈਂਟ ਹੋਇਆ ਤਾਂ ਮੰਤਰਾਲਾ ਖੁਦ ਸਿਖਲਾਈ ਦਿਵਾਏਗਾ।
* ਤੁਹਾਡੇ ਖੇਡ ਮੰਤਰਾਲਾ ਦੀਆਂ ਖਿਡਾਰਨਾਂ, ਖਾਸ ਤੌਰ 'ਤੇ ਔਰਤਾਂ ਨੂੰ ਹੱਲਾਸ਼ੇਰੀ ਦੇਣ ਸੰਬੰਧੀ ਕੀ ਯੋਜਨਾ ਹੈ?
ਖੇਡ ਮੰਤਰਾਲਾ 'ਚ ਲਗਭਗ 100 ਤੋਂ ਵਧ ਚੀਜ਼ਾਂ 'ਤੇ ਧਿਆਨ ਦਿੱਤਾ ਗਿਆ ਹੈ। ਜਿਥੋਂ ਤਕ ਗੱਲ ਹੈ ਮਹਿਲਾ ਖਿਡਾਰੀਆਂ ਨੂੰ ਹੱਲਾਸ਼ੇਰੀ ਦੇਣ ਦੀ ਤਾਂ ਉਸ ਲਈ ਇਕ ਵਿਸ਼ੇਸ਼ ਕਮੇਟੀ ਵੀ ਬਣਾਈ ਗਈ ਹੈ। ਮਹਿਲਾ ਕੋਚ ਦੀ ਤਾਇਨਾਤੀ ਵਲ ਵੀ ਧਿਆਨ ਦਿੱਤਾ ਗਿਆ ਹੈ। ਪਹਿਲੇ ਜ਼ਮਾਨੇ ' ਚ ਮਾਤਾ-ਪਿਤਾ ਆਪਣੇ ਬੱਚਿਆਂ ਨੂੰ ਕਹਿੰਦੇ ਹੁੰਦੇ ਸਨ ਕੀ ਘਰ ਕਦੋਂ ਆਓਗੇ ਪਰ ਅੱਜ ਦੇ ਸਮੇਂ 'ਚ ਮਾਤਾ-ਪਿਤਾ ਆਪਣੇ ਬੱਚਿਆਂ ਨੂੰ ਕਹਿੰਦੇ ਹਨ ਕਿ ਕਦੋਂ ਖੇਡਣ ਲਈ ਘਰੋਂ ਬਾਹਰ ਜਾਓਗੇ। ਮੀਡੀਆ ਸਿਰਫ ਕ੍ਰਿਕਟ ਛਾਪਦਾ ਹੈ ਜਦਕਿ ਤਬਦੀਲੀ ਦਾ ਸਮਾਂ ਹੈ। ਹੁਣ ਕਬੱਡੀ ਅਤੇ ਕੁਸ਼ਤੀ ਵਰਗੀਆਂ ਖੇਡਾਂ ਦੇ ਲੀਗ ਮੈਚ ਹੋ ਰਹੇ ਹਨ। ਇਨ੍ਹਾਂ ਖੇਡਾਂ ਨੂੰ ਖੇਡਣ ਲਈ ਲੋਕ ਅੱਗੇ ਆ ਰਹੇ ਹਨ। ਫੀਫਾ ਲਈ ਵੀ ਤਿਆਰੀਆਂ ਹੋ ਰਹੀਆਂ ਹਨ।
ਨਸ਼ਾ ਸਪਲਾਈ ਕਰਨ ਵਾਲੇ ਬੇਪਰਦ, 1 ਕਾਬੂ
NEXT STORY