ਜਗ ਬਾਣੀ ਵਿਸ਼ੇਸ਼ ਰਿਪੋਰਟ (ਜਸਬੀਰ ਵਾਟਾਂਵਾਲੀ)- ਸ਼੍ਰੋਮਣੀ ਅਕਾਲੀ ਦਲ ਨੇ ਕੁਝ ਦਿਨ ਪਹਿਲਾਂ ਭਾਵੇਂ ਕਿ ਆਪਣੇ 100 ਸਾਲ ਪੂਰੇ ਕਰ ਲਏ ਹਨ ਪਰ ਮੌਜੂਦਾ ਸਮੇਂ ਵਿਚ ਇਸ ਨੂੰ ਪੇਸ਼ ਆਇਆ ਸਿਆਸੀ ਸੰਕਟ ਘੱਟ ਹੁੰਦਾ ਦਿਖਾਈ ਨਹੀਂ ਦੇ ਰਿਹਾ। ਤਾਜ਼ਾ ਵਾਪਰੇ ਘਟਨਾਕ੍ਰਮ ਵਿਚ ਇਸ ਸਿਆਸੀ ਸੰਕਟ ਨੂੰ ਅਕਾਲੀ ਦਲ ਦੇ ਸੀਨੀਅਰ ਆਗੂ ਸੁਖਦੇਵ ਸਿੰਘ ਢੀਂਡਸਾ ਦੀ ਬਗਾਵਤ ਨੇ ਹੋਰ ਗਹਿਰਾ ਕੀਤਾ ਹੈ। ਕੁਝ ਸਮਾਂ ਪਹਿਲਾਂ ਇਸ ਬਗਾਵਤ ਦਾ ਮੁੱਢ ਮਾਝੇ ਦੇ ਸੀਨੀਅਰ ਲੀਡਰ ਰਣਜੀਤ ਸਿੰਘ ਬ੍ਰਹਮਪੁਰਾ, ਰਤਨ ਸਿੰਘ ਅਜਨਾਲਾ ਤੇ ਸੇਵਾ ਸਿੰਘ ਸੇਖਵਾਂ ਨੇ ਬੰਨਿਆ ਸੀ ਪਰ ਹੁਣ ਸੁਖਦੇਵ ਸਿੰਘ ਢੀਂਡਸਾ ਵਰਗੇ ਮੰਝੇ ਹੋਏ ਆਗੂ ਦਾ ਸੁਖਬੀਰ ਬਾਦਲ ਦੇ ਵਿਰੋਧ ਵਿਚ ਖੁਲ੍ਹੇਆਮ ਉਤਰ ਆਉਣਾ ਛੋਟੇ ਬਾਦਲ ਲਈ ਖਤਰੇ ਦੀ ਘੰਟੀ ਹੈ। ਅਹਿਮ ਗੱਲ਼ ਇਹ ਹੈ ਕਿ ਇਨ੍ਹਾਂ ਸਾਰੇ ਆਗੂਆਂ ਦੀ ਬਗਾਵਤ ਦੀ ਵਜ੍ਹਾ ਵੀ ਇਕ ਹੀ ਹੈ। ਇਹ ਸਾਰੇ ਆਗੂ ਸੁਖਬੀਰ ਬਾਦਲ ਦੀ ਕਾਰਜਸ਼ੈਲੀ ਉੱਪਰ ਹੀ ਸਵਾਲ ਉਠਾ ਰਹੇ ਹਨ। ਇਨ੍ਹਾਂ ਸਾਰੇ ਆਗੂਆਂ ਨੇ ਪਾਰਟੀ ਤੋਂ ਕਿਨਾਰਾ ਕਰਨ ਮੌਕੇ ਇਕ ਹੀ ਗੱਲ ਆਖੀ ਕਿ ਉਹ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਹੇਠ ਕੰਮ ਨਹੀਂ ਕਰਨਾ ਚਾਹੁੰਦੇ।
ਗੱਲ ਅਕਾਲੀ ਦਲ ਦੀ ਕਰੀਏ ਤਾਂ ਇਹ ਹਮੇਸ਼ਾਂ ਤੋਂ ਬਜ਼ੁਰਗਾਂ ਅਤੇ ਸੀਨੀਅਰ ਆਗੂਆਂ ਦੀ ਪਾਰਟੀ ਰਹੀ ਹੈ। ਇਸ ਗੱਲ ਦੀ ਪੁਸ਼ਟੀ ਸੁਖਬੀਰ ਸਿੰਘ ਬਾਦਲ ਅਨੇਕਾਂ ਵਾਰ ਸਟੇਜਾਂ ਤੋਂ ਕਰ ਚੁੱਕੇ ਹਨ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ ਬਜ਼ੁਰਗਾਂ ਦੀਆਂ ਕੁਰਬਾਨੀਆਂ ਸਦਕਾ ਹੀ ਹੋਈ ਹੈ। ਸੁਖਬੀਰ ਸਿੰਘ ਬਾਦਲ ਆਪਣੇ ਭਾਸ਼ਣ ਦੌਰਾਨ ਅਕਸਰ ਇਹ ਗੱਲ ਵੀ ਆਖਦੇ ਰਹੇ ਹਨ ਕਿ ਅਕਾਲੀ ਦਲ ਕਿਸੇ ਇਕ ਆਦਮੀ ਦੀ ਜਗੀਰ ਨਹੀਂ ਹੈ। ਸੁਖਬੀਰ ਬਾਦਲ ਦੇ ਇਨ੍ਹਾਂ ਕਥਨਾਂ ਨੂੰ ਹੀ ਅਧਾਰ ਬਣਾ ਕੇ ਇਹ ਆਗੂ ਅਕਾਲੀ ਦਲ ਸੁਖਬੀਰ ਸਿੰਘ ਬਾਦਲ ਦੇ ਵਿਰੋਧ ਵਿਚ ਉੱਤਰ ਚੁੱਕੇ ਹਨ। ਭਰੋਸੇਯੋਗ ਸੂਤਰਾਂ ਦੀ ਮੰਨੀਏ ਤਾਂ ਸੁਖਬੀਰ ਦੇ ਵਤੀਰੇ ਤੋਂ ਨਰਾਜ਼ ਇਹ ਆਗੂ ਆਉਣ ਵਾਲੇ ਸਮੇਂ ’ਚ ਇਕ ਮੰਚ ਉੱਤੇ ਇਕੱਠੇ ਹੋਣ ਦਾ ਪ੍ਰੋਗਰਾਮ ਬਣਾਉਣ ਦੀ ਤਿਆਰੀ ਵਿਚ ਹਨ। ਭਾਵੇਂ ਕਿ ਸੁਖਦੇਵ ਸਿੰਘ ਢੀਂਡਸਾ ਇਸ ਗੱਲ ਦਾ ਇਕਬਾਲ ਖੁਲ੍ਹੇਆਮ ਨਹੀਂ ਕਰ ਰਹੇ ਪਰ ਢੀਂਡਸਾ ਨੇ ਇਹ ਜ਼ਰੂਰ ਕਿਹਾ ਕਿ ਉਨ੍ਹਾਂ ਦਾ ਮੁੱਖ ਮਕਸਦ ਅਕਾਲੀ ਦਲ ਨੂੰ ਉਸ ਦੇ ਸਿਧਾਂਤਾਂ 'ਤੇ ਮੁੜ ਲੈ ਕੇ ਆਉਣ ਦਾ ਅਤੇ ਸ਼੍ਰੋਮਣੀ ਕਮੇਟੀ ਨੂੰ ਸਿਆਸੀ ਪੁਸ਼ਤਪਨਾਹੀ ਤੋਂ ਆਜ਼ਾਦ ਕਰਵਾਉਣਾ ਹੈ। ਇਸ ਸਾਰੇ ਘਟਨਾਕ੍ਰਮ ਨੂੰ ਦੇਖਦਿਆਂ ਇਹ ਕਿਹਾ ਜਾ ਸਕਦਾ ਹੈ ਕਿ ਸੁਖਬੀਰ ਸਿੰਘ ਬਾਦਲ ਦੇ ਸਿਰ ਤੋਂ ਬਜ਼ੁਰਗ ਆਗੂਆਂ ਦਾ ਹੱਥ ਉੱਠਦਾ ਜਾ ਰਿਹਾ ਹੈ।
ਯੂਥ ਨੂੰ ਵੀ ਨਾਲ ਨਹੀਂ ਜੋੜ ਸਕਿਆ ਅਕਾਲੀ ਦਲ
ਪਿਛਲੇ ਸਮੇਂ ਵਿਚ ਅਕਾਲੀ ਦਲ ਉੱਤੇ ਲੱਗੇ ਬੇਅਦਬੀਆਂ ਦੇ ਗੰਭੀਰ ਦੋਸ਼ ਅਤੇ ਨਸ਼ਿਆਂ ਦੀ ਤਸਕਰੀ ਵਿਚ ਲਿਪਤ ਹੋਣ ਦੀ ਚਰਚਾ ਨੇ ਪਾਰਟੀ ਨੂੰ ਵੱਡੀ ਢਾਹ ਲਾਈ ਹੈ। ਇਨ੍ਹਾਂ ਦੋਸ਼ਾਂ ਦੇ ਚਲਦਿਆਂ ਪੰਜਾਬ ਦੇ ਵੋਟਰ ਖਾਸ ਕਰਕੇ ਯੂਥ ਦਾ ਅਕਾਲੀ ਦਲ ਤੋਂ ਮੋਹ ਭੰਗ ਹੋਇਆ ਹੈ। ਸਾਲ 2017 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਇਸ ਪਾਰਟੀ ਨੂੰ ਮਹਿਜ 15 ਸੀਟਾਂ ਹਾਸਲ ਹੋਈਆਂ ਅਤੇ ਇਹ ਮੁੱਖ ਵਿਰੋਧੀ ਪਾਰਟੀ ਵੀ ਨਾ ਬਣ ਸਕੀ। ਇਸ ਤੋਂ ਬਾਅਦ ਲੋਕ ਸਭਾ 2019 ਦੀਆਂ ਚੋਣਾਂ ਦੌਰਾਨ ਵੀ ਅਕਾਲੀ ਦਲ ਕੁਝ ਖਾਸ ਨਾ ਕਰ ਸਕਿਆ ਅਤੇ 13 ਸੀਟਾਂ ਵਿਚ ਇਸ ਦੇ ਹੱਥ ਸਿਰਫ 2 ਸੀਟਾਂ ਹੀ ਲੱਗੀਆਂ ਸਨ।
ਫਰਜੀ ਏਜੰਟ ਦੇ ਧੋਖੇ ਦਾ ਸ਼ਿਕਾਰ ਹੋਇਆ ਧੂਰੀ ਦਾ ਨੌਜਵਾਨ ਵਤਨ ਪਰਤਿਆ
NEXT STORY