ਮੰਡੀ ਲੱਖੇਵਾਲੀ, (ਸੁਖਪਾਲ)- ਇਸ ਖੇਤਰ ਦੇ ਸਭ ਤੋਂ ਵੱਡੇ ਪਿੰਡ ਭਾਗਸਰ ਵਿਖੇ ਜਦ ਚਾਰ ਦਹਾਕਿਆਂ ਬਾਅਦ ਕਰੀਬ ਪੰਜ ਕਰੋੜ ਦੀ ਲਾਗਤ ਨਾਲ ਆਧੁਨਿਕ ਸਹੂਲਤਾਂ ਵਾਲਾ ਜਲਘਰ ਬਣਨ ਲੱਗਾ ਸੀ ਤਾਂ 13 ਹਜ਼ਾਰ ਦੀ ਆਬਾਦੀ ਵਾਲੇ ਇਸ ਪਿੰਡ ਦੇ ਬਸ਼ਿੰਦਿਆਂ ਦੀ ਖੁਸ਼ੀ ਦੀ ਕੋਈ ਹੱਦ ਨਹੀਂ ਰਹੀ ਸੀ, ਖਾਸ ਕਰ ਕੇ ਔਰਤਾਂ ਤਾਂ ਬਹੁਤ ਖੁਸ਼ ਸਨ ਕਿ ਹੁਣ ਤਾਂ ਉਨ੍ਹਾਂ ਦੇ ਸਿਰਾਂ ਤੋਂ ਘੜੇ ਲਹਿ ਜਾਣਗੇ।
ਹੁਣ ਜਲਘਰ ਬਣ ਕੇ ਤਿਆਰ ਹੋ ਗਿਆ ਹੈ ਤੇ ਪਾਣੀ ਆਉਣਾ ਸ਼ੁਰੂ ਹੋ ਗਿਆ ਪਰ ਪਿੰਡ ਵਾਸੀਆਂ ਦੀਆਂ ਆਸਾਂ-ਉਮੀਦਾਂ 'ਤੇ ਉਦੋਂ ਪਾਣੀ ਫਿਰ ਗਿਆ, ਜਦੋਂ ਲੋਕਾਂ ਨੂੰ ਉਕਤ ਜਲਘਰ ਦੀਆਂ ਟੂਟੀਆਂ ਤੋਂ ਸਾਫ ਤੇ ਸ਼ੁੱਧ ਪਾਣੀ ਮਿਲਣਾ ਨਸੀਬ ਨਾ ਹੋਇਆ। ਭਾਵੇਂ ਨਹਿਰ ਦਾ ਪਾਣੀ ਜੋ ਡਿੱਗੀਆਂ 'ਚ ਪਾਇਆ ਜਾ ਰਿਹਾ ਹੈ, ਨੂੰ ਆਰ. ਓ. ਕਰਨ ਲਈ ਦੋ ਫਿਲਟਰ ਠੇਕੇਦਾਰ ਵੱਲੋਂ ਲਾ ਦਿੱਤੇ ਗਏ ਹਨ ਤੇ ਇਨ੍ਹਾਂ ਨੂੰ ਚਾਲੂ ਵੀ ਕਰ ਦਿੱਤਾ ਗਿਆ ਹੈ ਪਰ ਜਿਹੋ ਜਿਹਾ ਸਾਫ਼ ਪਾਣੀ ਪੀਣ ਲਈ ਚਾਹੀਦਾ ਹੈ, ਇਹ ਫਿਲਟਰ ਉਹੋ ਜਿਹਾ ਪਾਣੀ ਸਾਫ ਨਹੀਂ ਦੇ ਰਹੇ।
ਸਮਾਜ ਸੇਵਕ ਤੇ ਸੇਵਾ ਮੁਕਤ ਪ੍ਰਿੰਸੀਪਲ ਜਸਵੰਤ ਸਿੰਘ ਬਰਾੜ ਨੇ ਕਿਹਾ ਕਿ ਜੋ ਫਿਲਟਰ ਲਾਏ ਗਏ ਹਨ, ਉਹ ਕੁਆਲਿਟੀ ਪੱਖੋਂ ਸਹੀ ਨਹੀਂ ਹਨ ਤੇ ਇਨ੍ਹਾਂ ਦੀ ਟੈਸਟਿੰਗ ਸਹੀ ਨਹੀਂ ਹੈ। ਇਹ ਫਿਲਟਰ ਚੰਗੀ ਕੁਆਲਿਟੀ ਦੇ ਲਾਏ ਜਾਣੇ ਚਾਹੀਦੇ ਹਨ।
ਪਿੰਡ 'ਚ ਧਰਤੀ ਹੇਠਲਾ ਪਾਣੀ ਖਾਰਾ
ਜ਼ਿਕਰਯੋਗ ਹੈ ਕਿ ਪਿੰਡ ਦੇ ਜ਼ਿਆਦਾ ਹਿੱਸੇ ਵਿਚ ਧਰਤੀ ਹੇਠਲਾ ਪਾਣੀ ਖਾਰਾ ਹੈ ਤੇ ਉਸ ਵਿਚ ਸ਼ੋਰੇ ਅਤੇ ਤੇਜ਼ਾਬ ਦੇ ਤੱਤ ਹਨ। ਇਹ ਪਾਣੀ ਪੀਣ ਦੇ ਕੰਮ ਤਾਂ ਕੀ ਆਉਣਾ, ਸਗੋਂ ਇਸ ਨਾਲ ਨਾ ਨਾਹਿਆ ਜਾਂਦਾ ਹੈ ਤੇ ਨਾ ਕੱਪੜੇ ਧੋਤੇ ਜਾਂਦੇ ਹਨ।
ਵੱਧ ਰਹੀਆਂ ਨੇ ਬੀਮਾਰੀਆਂ
ਗੰਦਾ ਪਾਣੀ ਪੀਣ ਨਾਲ ਪਿੰਡ ਵਾਸੀਆਂ ਨੂੰ ਕਈ ਤਰ੍ਹਾਂ ਦੀਆਂ ਬੀਮਾਰੀਆਂ ਲੱਗ ਰਹੀਆਂ ਹਨ। ਪਹਿਲਾਂ ਹੀ ਅਨੇਕਾਂ ਲੋਕ ਕੈਂਸਰ, ਕਾਲਾ ਪੀਲੀਆ, ਦਿਲ ਦੇ ਰੋਗ, ਗੁਰਦਿਆਂ ਦੇ ਰੋਗ ਤੇ ਹੱਡੀਆਂ ਦੇ ਰੋਗ ਤੋਂ ਇਲਾਵਾ ਹੋਰ ਭਿਆਨਕ ਬੀਮਾਰੀਆਂ ਦਾ ਸ਼ਿਕਾਰ ਹੋ ਚੁੱਕੇ ਹਨ ਤੇ ਪਿੰਡ ਵਿਚ ਦਰਜਨਾਂ ਮੌਤਾਂ ਹੋ ਚੁੱਕੀਆਂ ਹਨ।
ਥਾਂ-ਥਾਂ ਤੋਂ ਲੀਕ ਹੋ ਰਹੀਆਂ ਨੇ ਪਾਈਪਾਂ
ਜਲਘਰ ਦੀਆਂ ਟੂਟੀਆਂ ਵਾਲੀਆਂ ਪਾਈਪਾਂ ਪਿੰਡ ਵਿਚ ਥਾਂ-ਥਾਂ ਤੋਂ ਲੀਕ ਹੋ ਰਹੀਆਂ ਹਨ। ਕਈ ਥਾਵਾਂ 'ਤੇ ਪਾਈਪਾਂ ਠੀਕ ਕਰਨ ਲਈ ਟੋਏ ਪੁੱਟੇ ਗਏ। ਪਾਈਪਾਂ ਲੀਕ ਹੋਣ ਕਰਕੇ ਫਿਰ ਪਾਣੀ ਛੱਡਣਾ ਬੰਦ ਕਰ ਦਿੱਤਾ ਜਾਂਦਾ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਇਹ ਪਾਈਪਾਂ ਅਣਜਾਣ ਵਿਅਕਤੀਆਂ ਕੋਲੋਂ ਪੁਆਈਆਂ ਗਈਆਂ ਹਨ ਤੇ ਜੋੜ ਸਹੀ ਨਹੀਂ ਲਾਏ ਗਏ।
ਕੱਚੀਆਂ-ਪੱਕੀਆਂ ਗਲੀਆਂ ਕੀਤੀਆਂ ਖਰਾਬ
ਪਾਈਪਾਂ ਪਾਉਣ ਵਾਲਿਆਂ ਨੇ ਪਿੰਡ ਦੀਆਂ ਕਈ ਗਲੀਆਂ ਨੂੰ ਖਰਾਬ ਕਰ ਕੇ ਰੱਖ ਦਿੱਤਾ ਹੈ, ਇਨ੍ਹਾਂ ਵਿਚ ਕੱਚੀਆਂ-ਪੱਕੀਆਂ ਗਲੀਆਂ ਸ਼ਾਮਿਲ ਹਨ। ਪਾਈਪਾਂ ਪਾਉਣ ਲਈ ਗਲੀਆਂ ਪੁੱਟ ਤਾਂ ਲਈਆਂ ਪਰ ਬਾਅਦ ਵਿਚ ਉਨ੍ਹਾਂ ਨੂੰ ਠੀਕ ਨਹੀਂ ਕੀਤਾ ਗਿਆ, ਜਿਸ ਕਰਕੇ ਲੰਘਣ ਟੱਪਣ ਵਾਲੇ ਔਖੇ ਹਨ।
ਕੀ ਕਹਿਣਾ ਹੈ ਜੇ. ਈ. ਦਾ
ਸਬੰਧਿਤ ਵਿਭਾਗ ਦੇ ਜੇ. ਈ. ਗੁਰਮੇਲ ਸਿੰਘ ਨੇ ਕਿਹਾ ਕਿ ਅਜੇ ਪਾਣੀ ਸਾਫ਼ ਕਰਨ ਵਾਲੇ ਫਿਲਟਰਾਂ ਦੀ ਚੰਗੀ ਤਰ੍ਹਾਂ ਸੈਟਿੰਗ ਨਹੀਂ ਹੋਈ, ਜਿਸ ਕਰਕੇ ਪਾਣੀ ਸਾਫ਼ ਨਹੀਂ ਆ ਰਿਹਾ।
ਸਾਰਾ ਕੰਮ ਸਹੀ ਹੋਇਆ
ਠੇਕੇਦਾਰ ਜਲੰਧਰ ਸਿੰਘ ਦਾ ਕਹਿਣਾ ਹੈ ਕਿ ਉਸ ਨੇ ਸਾਰਾ ਕੰਮ ਪਾਰਦਰਸ਼ੀ ਢੰਗ ਨਾਲ ਕਰਵਾਇਆ ਹੈ, ਜਿਥੇ ਕਿਤੇ ਪਿੰਡ ਵਾਸੀਆਂ ਨੇ ਕੋਈ ਘਾਟ ਦੱਸੀ ਹੈ, ਉਹ ਠੀਕ ਕੀਤੀ ਗਈ ਹੈ।
ਸੜਕ ਹਾਦਸੇ 'ਚ 1 ਦੀ ਮੌਤ
NEXT STORY