ਫਗਵਾੜਾ, (ਹਰਜੋਤ, ਜਲੋਟਾ)- ਸੱਤ ਮਹੀਨਿਆਂ ਤੋਂ ਬਾਅਦ ਹੋਈ ਨਗਰ ਨਿਗਮ ਦੀ ਮੀਟਿੰਗ 'ਚ ਅਕਾਲੀ-ਭਾਜਪਾ ਮੈਂਬਰਾਂ ਨੇ ਦੋਸ਼ ਲਾਇਆ ਹੈ ਕਿ ਪੰਜਾਬ 'ਚ ਸਥਾਪਤ ਹੋਈ ਕਾਂਗਰਸ ਸਰਕਾਰ ਵਲੋਂ ਵਿਕਾਸ ਲਈ ਭੇਜੇ ਸਾਢੇ ਅੱਠ ਕਰੋੜ ਰੁਪਏ ਦੀ ਰਾਸ਼ੀ ਵਾਪਸ ਮੰਗਵਾਉਣ ਕਾਰਨ ਸ਼ਹਿਰ ਦਾ ਵਿਕਾਸ ਕੰਮ ਪੂਰੀ ਤਰ੍ਹਾਂ ਠੱਪ ਹੋ ਕੇ ਰਹਿ ਗਿਆ ਹੈ ਇਸ ਕਾਰਨ ਕੌਂਸਲਰਾਂ ਨੂੰ ਲੋਕਾਂ ਦੀ ਨਾਰਾਜ਼ਗੀ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ ਅਤੇ ਲੋਕ ਰੋਜ਼ਾਨਾ ਉਨ੍ਹਾਂ ਦੇ ਘਰ ਆ ਕੇ ਕੰਮ ਕਰਵਾਉਣ ਦੀ ਮੰਗ ਕਰਦੇ ਹਨ। ਇਸੇ ਤਰ੍ਹਾਂ ਮੁਹੱਲਾ ਕੌਲਸਰ ਅਤੇ ਮੁਹੱਲਾ ਉਂਕਾਰ ਨਗਰ 'ਚ ਪਾਣੀ ਦੀਆਂ ਟੈਂਕੀਆਂ ਬਣਾਉਣ ਦੇ ਕੰਮ ਨੂੰ ਠੱਪ ਕਰਨ ਅਤੇ ਦੋਵੇਂ ਮੁਹੱਲਿਆਂ ਦੇ ਕੌਂਸਲਰਾਂ ਨੇ ਤਿੱਖਾ ਨੋਟਿਸ ਲਿਆ ਅਤੇ ਇਨ੍ਹਾਂ ਟੈਂਕੀਆਂ ਨੂੰ ਬਣਾਉਣ ਲਈ ਭਾਜਪਾ ਦੇ ਧੜੇ ਨੇ ਮੀਟਿੰਗ ਦੌਰਾਨ ਧਰਨਾ ਦਿੱਤਾ ਅਤੇ ਟੈਂਕੀ ਨੂੰ ਸ਼ੁਰੂ ਕਰਨ ਦੀ ਤਰੀਕ ਸਬੰਧੀ ਮੰਗ ਕੀਤੀ।
ਕੌਂਸਲਰ ਨੀਟਾ ਨੇ ਦੋਸ਼ ਲਗਾਇਆ ਕਿ ਸਿਰਫ਼ ਚਾਰ ਕਾਂਗਰਸੀ ਘਰਾਂ ਦੀ ਖਾਤਰ, ਡਾ. ਅੰਬੇਡਕਰ ਦੀ ਮੂਰਤੀ ਲਾਗੇ ਹੋਣ ਦਾ ਬਹਾਨਾ ਬਣਾ ਕੇ ਇਸ ਦਾ ਕੰਮ ਠੱਪ ਕੀਤਾ ਹੈ ਜਿਸ ਕਾਰਨ 6 ਮੁਹੱਲਿਆਂ ਦੇ ਲੋਕ ਪ੍ਰੇਸ਼ਾਨ ਹਨ ਕਿਉਂਕਿ ਸੀਵਰੇਜ ਪੈ ਚੁੱਕਾ ਹੈ ਸਿਰਫ਼ ਟੈਂਕੀ ਦੀ ਖਾਤਰ ਕਰੀਬ 7 ਹਜ਼ਾਰ ਲੋਕ ਪਾਣੀ ਤੋਂ ਵਾਂਝੇ ਹਨ। ਕਮਿਸ਼ਨਰ ਦਵਿੰਦਰ ਸਿੰਘ ਨੇ ਭਰੋਸਾ ਦਿੱਤਾ ਕਿ 15 ਦਿਨਾਂ 'ਚ ਉਹ ਵਾਟਰ ਸਪਲਾਈ ਵਿਭਾਗ ਨਾਲ ਸੰਪਰਕ ਕਰ ਕੇ ਇਹ ਮਾਮਲਾ ਹੱਲ ਕਰਵਾਉਣਗੇ।
ਨਗਰ ਨਿਗਮ ਵਲੋਂ ਪਿਛਲੀ ਅਕਾਲੀ-ਭਾਜਪਾ ਸਰਕਾਰ ਵਲੋਂ ਅਲਾਟ ਕੀਤੀਆਂ ਦੁਕਾਨਾਂ ਦੇ ਮਾਮਲੇ 'ਤੇ ਕਾਂਗਰਸੀਆਂ ਵਲੋਂ ਲਾਏ ਭ੍ਰਿਸ਼ਟਾਚਾਰੀ ਦੇ ਦੋਸ਼ਾਂ ਦੇ ਮਾਮਲੇ 'ਤੇ ਅਕਾਲੀ-ਭਾਜਪਾ ਮੈਂਬਰਾਂ ਨੇ ਕਿਹਾ ਕਿ 157 ਦੁਕਾਨਾਂ ਸਬੰਧੀ ਉਹ ਮਤਾ ਪਾ ਕੇ ਸਰਕਾਰ ਨੂੰ ਭੇਜਣਗੇ ਜਦ ਕਿ ਕਾਂਗਰਸੀ ਮੈਂਬਰਾਂ ਦੀ ਮੰਗ ਸੀ ਕਿ ਦੁਕਾਨਦਾਰਾਂ ਨੂੰ ਦੁਕਾਨਾਂ ਅਲਾਟ ਕੀਤੀਆਂ ਜਾਣ ਅਤੇ ਇਸ 'ਚ ਹੋਈ ਭ੍ਰਿਸ਼ਟਾਚਾਰੀ ਦੀ ਜਾਂਚ ਕਰ ਕੇ ਸੰਬੰਧਿਤ ਅਫ਼ਸਰ ਖਿਲਾਫ਼ ਕਾਰਵਾਈ ਕੀਤੀ ਜਾਵੇ। ਇਸੇ ਤਰ੍ਹਾਂ ਮੈਂਬਰਾਂ ਨੇ ਸ਼ਹਿਰ 'ਚ ਬਰਸਾਤੀ ਪਾਣੀ ਦੀ ਸਮੱਸਿਆ ਨਾਲ ਨਜਿੱਠਣ ਲਈ ਪੰਪ ਲਗਾ ਕੇ ਮੌਕੇ ਤੋਂ ਪਾਣੀ ਕੱਢਣ ਦੀ ਮੰਗ ਕੀਤੀ। ਮੀਟਿੰਗ ਦੌਰਾਨ ਮੀਟਿੰਗ ਹਾਲ 'ਚ ਏ. ਸੀ. ਦੀ ਘਾਟ ਹੋਣ ਕਾਰਨ ਕੌਂਸਲਰਾਂ ਨੇ ਵਿਰੋਧ ਕੀਤਾ ਅਤੇ ਮੌਜੂਦ ਕੌਂਸਲਰਾਂ ਨੂੰ ਪੱਖੀਆਂ ਦੇਣ ਦੀ ਮੰਗ ਕੀਤੀ ਅਤੇ ਨਿਗਮ ਕਮਿਸ਼ਨਰ ਨੂੰ ਅਗਾਂਹ ਤੋਂ ਅਜਿਹਾ ਨਾ ਹੋਣ ਦੀ ਚਿਤਾਵਨੀ ਦਿੱਤੀ।
ਜ਼ਹਿਰੀਲਾ ਪਦਾਰਥ ਨਿਗਲਣ ਨਾਲ ਔਰਤ ਦੀ ਹਾਲਤ ਵਿਗੜੀ
NEXT STORY