ਅੰਮ੍ਰਿਤਸਰ, (ਕਮਲ)- ਨਗਰ ਨਿਗਮ ਨੇ ਪਿਛਲੇ 10 ਸਾਲਾਂ 'ਚ ਨਾਜਾਇਜ਼ ਕਬਜ਼ਿਆਂ ਵੱਲ ਕਦੀ ਧਿਆਨ ਨਹੀਂ ਦਿੱਤਾ, ਜਿਸ ਕਾਰਨ ਅੱਜ ਗੁਰੂ ਨਗਰੀ ਦੇ ਹਰ ਗਲੀ-ਮੁਹੱਲੇ 'ਚ ਨਾਜਾਇਜ਼ ਕਬਜ਼ਿਆਂ ਦੀ ਭਰਮਾਰ ਹੈ, ਭਾਵੇਂ ਵਾਲਸਿਟੀ ਹੋਵੇ ਜਾਂ ਬਾਹਰ ਵਾਲਾ ਇਲਾਕਾ, ਲੋਕਾਂ ਨੇ ਸ਼ਰੇਆਮ ਸੜਕਾਂ ਅਤੇ ਫੁੱਟਪਾਥਾਂ 'ਤੇ ਸਾਮਾਨ ਰੱਖ ਕੇ ਕਬਜ਼ੇ ਕੀਤੇ ਹਨ ਪਰ ਨਿਗਮ ਦਾ ਅਸਟੇਟ ਵਿਭਾਗ ਸੁੱਤਾ ਹੋਇਆ ਹੈ। ਕਾਂਗਰਸ ਨੂੰ ਵੀ ਇਕ ਸਾਲ ਹੋ ਗਿਆ ਹੈ ਸੱਤਾ ਸੰਭਾਲੇ, ਨਾ ਨਿਗਮ ਕਮਿਸ਼ਨਰ ਤੇ ਨਾ ਹੀ ਕਿਸੇ ਨੇਤਾ ਨੇ ਸ਼ਹਿਰ 'ਚ ਹੋ ਰਹੇ ਕਬਜ਼ਿਆਂ ਵੱਲ ਧਿਆਨ ਦਿੱਤਾ ਹੈ, ਜਿਸ ਕਾਰਨ ਪਿਛਲੇ 10 ਸਾਲਾਂ 'ਚ ਜਗ੍ਹਾ-ਜਗ੍ਹਾ 'ਤੇ ਸ਼ਹਿਰ 'ਚ ਨਾਜਾਇਜ਼ ਰੇਹੜੀਆਂ ਦਾ ਵੀ ਬੋਲਬਾਲਾ ਹੋ ਗਿਆ ਹੈ।
ਜ਼ਿਲਾ ਪ੍ਰਸ਼ਾਸਨ ਕੁੰਭਕਰਨੀ ਨੀਂਦ ਸੁੱਤਾ ਹੋਇਆ ਹੈ, ਕਿਸੇ ਨੂੰ ਸ਼ਹਿਰ ਦੀ ਪ੍ਰਵਾਹ ਨਹੀਂ, ਲੋਕਾਂ ਨੂੰ ਆਵਾਜਾਈ 'ਚ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕ ਆਪਣੀਆਂ ਗੱਡੀਆਂ ਜਿਥੇ ਮਰਜ਼ੀ ਲਾ ਕੇ ਚਲੇ ਜਾਂਦੇ ਹਨ। ਲੋਕਾਂ ਨੇ ਸੜਕਾਂ ਅਤੇ ਬਾਜ਼ਾਰਾਂ 'ਚ 40 ਫੁੱਟੀ ਸੜਕ 'ਚ 20 ਫੁੱਟ 'ਤੇ ਕਬਜ਼ਾ ਕੀਤਾ ਹੋਇਆ ਹੈ ਪਰ 10 ਸਾਲਾਂ 'ਚ ਨਾਜਾਇਜ਼ ਕਬਜ਼ਿਆਂ ਨੂੰ ਹਟਾਉਣ ਲਈ ਨਾ ਤਾਂ ਜ਼ਿਲਾ ਪ੍ਰਸ਼ਾਸਨ ਅੱਗੇ ਆਇਆ ਹੈ ਤੇ ਨਾ ਹੀ ਨਗਰ ਨਿਗਮ ਦਾ ਅਸਟੇਟ ਵਿਭਾਗ। ਅਕਾਲੀ-ਭਾਜਪਾ ਦੇ ਰਾਜ 'ਚ ਨਿਗਮ ਦੇ ਸਾਰੇ ਇੰਜੀਨੀਅਰਾਂ ਨੂੰ 10 ਸਾਲ 'ਚ ਕੋਈ ਕੰਮ ਨਹੀਂ ਮਿਲਿਆ ਕਿਉਂਕਿ ਸਾਰੇ ਵਿਕਾਸ ਕੰਮ ਨਗਰ ਸੁਧਾਰ ਟਰੱਸਟ ਕਰ ਰਹੀ ਸੀ ਪਰ ਨਿਗਮ ਨੇ ਤਾਂ ਨਾ ਸਫਾਈ ਦਾ ਧਿਆਨ ਰੱਖਿਆ ਤੇ ਨਾ ਕਬਜ਼ਿਆਂ ਦਾ।
ਐੱਮ. ਟੀ. ਪੀ. ਵਿਭਾਗ ਦੀ ਮਿਲੀਭੁਗਤ ਨਾਲ ਕਈ ਨਾਜਾਇਜ਼ ਬਿਲਡਿੰਗਾਂ ਅਤੇ ਹੋਟਲ ਬਣੇ ਹਨ ਪਰ ਕਿਸੇ ਨੇ ਧਿਆਨ ਨਹੀਂ ਦਿੱਤਾ। ਅੱਜ ਸ਼ਹਿਰ ਕਈ ਤਰ੍ਹਾਂ ਦੀਆਂ ਮੁਸ਼ਕਲਾਂ 'ਚ ਫਸਿਆ ਹੋਇਆ ਹੈ। ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਪਿਛਲੇ ਦਿਨੀਂ ਸ਼ਹਿਰ ਦੀ ਸਫਾਈ ਦਾ ਬੀੜਾ ਚੁੱਕਿਆ ਹੈ, ਦੇਖਦੇ ਹਾਂ ਕਿੰਨੇ ਦਿਨ ਚੱਲਦਾ ਹੈ।
ਬਿਨਾਂ ਪੈਸੇ ਦੇ ਕੀ ਕਰ ਸਕਦੀ ਹੈ ਸ਼ਹਿਰ ਲਈ ਨਿਗਮ : ਸਫਾਈ ਅਭਿਆਨ, ਨਾਜਾਇਜ਼ ਕੀਤੇ ਕਬਜ਼ਿਆਂ ਨੂੰ ਛੁਡਾਉਣਾ, ਸ਼ਹਿਰ ਨੂੰ ਹਰਿਆ-ਭਰਿਆ ਕਰਨ ਲਈ ਪੌਦੇ ਲਾਉਣਾ, ਸੀਵਰੇਜ ਸਿਸਟਮ, ਸਾਫ-ਸਫਾਈ ਕਰਵਾਉਣਾ, ਸਟਰੀਟ ਲਾਈਟਾਂ ਠੀਕ ਕਰਵਾਉਣਾ ਆਦਿ ਕਈ ਕੰਮ ਹਨ ਜੋ ਬਿਨਾਂ ਪੈਸੇ ਤੋਂ ਨਿਗਮ ਕਰਵਾ ਸਕਦੀ ਹੈ ਅਤੇ ਸ਼ਹਿਰ ਸਾਫ-ਸੁਥਰਾ ਤੇ ਜਗਮਗਾਉਂਦਾ ਲੱਗੇਗਾ। ਨਾਜਾਇਜ਼ ਕਬਜ਼ੇ ਕਈ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਮਿਲੀਭੁਗਤ ਨਾਲ ਹੋਏ ਹਨ।
ਇਹ ਇਲਾਕੇ ਜਿਥੇ ਕੀਤੇ ਨਾਜਾਇਜ਼ ਕਬਜ਼ੇ :ਹਾਲ ਬਾਜ਼ਾਰ ਤੋਂ ਲੈ ਕੇ ਕੱਟੜਾ ਜੈਮਲ ਸਿੰਘ, ਰਾਮਬਾਗ, ਕਚਹਿਰੀ ਰੋਡ, ਪੁਤਲੀਘਰ, ਲੋਹਗੜ੍ਹ, ਢਪਈ ਰੋਡ, ਮੱਛੀ ਮੰਡੀ, ਮਾਨ ਸਿੰਘ ਗੇਟ, ਚੌਕ ਫਰੀਦ, ਘੰਟਾ ਘਰ, ਚਾਟੀਵਿੰਡ ਚੌਕ ਆਦਿ ਕਈ ਇਲਾਕੇ ਹਨ, ਜਿਥੇ ਨਾਜਾਇਜ਼ ਕਬਜ਼ੇ ਕੀਤੇ ਗਏ ਹਨ।
ਚੋਰਾਂ ਨੇ ਦਵਾਈਆਂ ਦੀਆਂ 2 ਦੁਕਾਨਾਂ ਨੂੰ ਬਣਾਇਆ ਨਿਸ਼ਾਨਾ
NEXT STORY