ਮਖੂ (ਵਾਹੀ) : ਬੰਗਾਲੀ ਵਾਲੇ ਪੁਲ ਤੋਂ ਰਾਜਸਥਾਨ ਫੀਡਰ ’ਚ ਇਕ ਔਰਤ ਨੇ ਆਪਣੇ ਦੋ ਬੱਚਿਆਂ ਸਮੇਤ ਛਾਲ ਮਾਰ ਦਿੱਤੀ। ਇਹ ਕਦਮ ਚੁੱਕਣ ਤੋਂ ਪਹਿਲਾਂ 32 ਸਾਲਾ ਗੁਰਜਿੰਦਰ ਕੌਰ ਉਰਫ਼ ਪਿੰਕੀ ਨੇ ਨਹਿਰ ਕਿਨਾਰੇ ਬੱਚਿਆਂ ਸਮੇਤ ਖੜ੍ਹੇ ਹੋ ਕੇ ਵੀਡੀਓ ਬਣਾਈ ਅਤੇ ਕੁਝ ਆਡੀਓ ਵੀ ਰਿਕਾਰਡ ਕੀਤੀਆਂ। ਜਿਸ ਅਨੁਸਾਰ ਪਿੰਕੀ ਨੇ ਆਪਣੇ ਸੱਸ ਸਹੁਰੇ, ਜੇਠ ਜੇਠਾਣੀ ਅਤੇ ਹੋਰ ਜੀਆਂ ਦੇ ਨਾਂ ਲੈ ਕੇ ਦੋਸ਼ ਲਾਏ ਕਿ ਉਹ ਕਈ ਸਾਲਾਂ ਤੋਂ ਸਰੀਰਕ ਅਤੇ ਮਾਨਸਿਕ ਤਸੀਹੇ ਦੇ ਰਹੇ ਸਨ। ਪੇਕੇ ਪਰਿਵਾਰ ਲਈ ਰਿਕਾਰਡ ਕੀਤੇ ਛੱਡੇ ਸੁਨੇਹੇ ’ਚ ਪਿੰਕੀ ਨੇ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿਵਾਉਣ ਦੀ ਮੰਗ ਕੀਤੀ। ਇਹ ਖ਼ੌਫਨਾਕ ਕਦਮ ਚੁੱਕਣ ਮੌਕੇ ਬਦਕਿਸਤ ਵਿਆਹੁਤਾ ਨੇ ਸਕੂਲ ਵਰਦੀ ’ਚ ਨਾਲ ਲਿਆਂਦੇ ਦੋਵੇਂ ਬੱਚਿਆਂ ’ਚੋਂ ਪਹਿਲਾਂ ਸੱਤ ਸਾਲਾ ਧੀ ਨਿਮਰਤਪ੍ਰੀਤ ਕੌਰ ਨੂੰ ਨਹਿਰ ’ਚ ਸੁੱਟਿਆ ਅਤੇ ਬਾਅਦ ’ਚ ਚਾਰ ਸਾਲ ਦੇ ਪੁੱਤਰ ਤਜਿੰਦਰਪਾਲ ਸਿੰਘ ਨੂੰ ਕਲਾਵੇ ’ਚ ਲੈ ਕੇ ਨਹਿਰ ’ਚ ਛਾਲ ਮਾਰ ਦਿੱਤੀ। ਦਰਦਨਾਕ ਘਟਨਾ ਮੌਕੇ ਨੇੜੇ ਹੀ ਡਿਊਟੀ ਕਰਦੇ ਸਹਾਇਕ ਥਾਣੇਦਾਰ ਤਰਸੇਮ ਸਿੰਘ ਇੰਚਾਰਜ ਟ੍ਰੈਫਿਕ ਸੈੱਲ ਮਖੂ ਅਤੇ ਕਰਮਚਾਰੀ ਬਲਜਿੰਦਰ ਸਿੰਘ ਨੇ ਰੌਲਾ ਪਾ ਕੇ ਗੋਤਾਖੋਰਾਂ ਨੂੰ ਬੁਲਾਇਆ।
ਇਹ ਵੀ ਪੜ੍ਹੋ : 30 ਸਾਲ ਪਹਿਲਾਂ ਦੋ ਨੌਜਵਾਨਾਂ ਦਾ ਝੂਠਾ ਮੁਕਾਬਲਾ ’ਚ ਕਰਨ ਵਾਲੇ ਪੁਲਸ ਮੁਲਾਜ਼ਮਾਂ ਨੂੰ ਅਦਾਲਤ ਨੇ ਦਿੱਤੀ ਮਿਸਾਲੀ ਸਜ਼ਾ
ਇਸੇ ਦੌਰਾਨ ਨਹਿਰ ’ਚ ਸੁੱਟੀ ਧੀ ਦਾ ਹੱਥ ਦਰਖਤ ਦੀ ਟਾਹਣੀ ਨੂੰ ਪੈ ਜਾਣ ਕਰਕੇ ਪੁਲਸ ਅਧਿਕਾਰੀਆਂ ਨੇ ਗੋਤਾਖੋਰਾਂ ਦੀ ਮਦਦ ਨਾਲ ਉਸ ਨੂੰ ਬਚਾਅ ਲਿਆ। ਸਿਤਮਜ਼ਰੀਫ਼ੀ ਇਹ ਵੀ ਸੀ ਕਿ ਮੀਡੀਆ ਦੀ ਆਮਦ ’ਤੇ ਘਟਨਾ ਮੌਕੇ ਪਹੁੰਚਿਆ ਪਿੰਕੀ ਦਾ ਪਤੀ ਗੁਰਲਾਲ ਸਿੰਘ ਗੋਤਾਖੋਰਾਂ ਵੱਲੋਂ ਬਚਾਈ ਅਤੇ ਵਿਲਕਦੀ ਧੀ ਨੂੰ ਛੱਡ ਕੇ ਉਥੋਂ ਫਰਾਰ ਹੋ ਗਿਆ। ਜਦਕਿ ਖ਼ਬਰ ਲਿਖੇ ਜਾਣ ਤੱਕ ਪਾਣੀ ’ਚ ਤਰ ਰਹੀ ਮਾਸੂਮ ਬੱਚੇ ਦੀ ਲਾਸ਼ ਵਾਰਸਾਂ ਵੱਲੋਂ ਕੀਮੇਵਾਲੀ ਪੁਲ ਨੇੜਿਉਂ ਨਹਿਰ ’ਚੋਂ ਕਢਵਾਈ ਜਾ ਰਹੀ ਸੀ। ਬਦਕਿਸਮਤ ਪਿੰਕੀ ਨੇ ਰਿਕਾਰਡ ਕੀਤੇ ਸੰਦੇਸ਼ ’ਚ ਪੇਕੇ ਪਰਿਵਾਰ ਨੂੰ ਉਸ ਦੇ ਸਹੁਰੇ ਪਿੰਡ ਬੈਕਾ ਜ਼ਿਲ੍ਹਾ ਤਰਨਤਾਰਨ ਸਾਹਿਬ ਘਰ ’ਚ ਗੁਟਕਾ ਸਾਹਿਬ ਥੱਲੇ ਪਈ ਰਕਮ ਅਤੇ ਪਿੰਡ ਦੇ ਹਰਵਿੰਦਰ ਸਿੰਘ ਉਰਫ਼ ਵਿੱਕਾ ਪੁੱਤਰ ਰਾਮ ਸਿੰਘ ਨੂੰ ਉਧਾਰ ਦਿੱਤੀ 25 ਹਜ਼ਾਰ ਰੁਪਏ ਦੀ ਰਕਮ ਲੈ ਲੈਣ ਲਈ ਦੀ ਵੀ ਤਾਕੀਦ ਕੀਤੀ। ਬਦਕਿਸਮਤ ਪਿੰਕੀ ਦੇ ਬਾਪ ਬਲਵੀਰ ਸਿੰਘ ਵਾਸੀ ਮਲਸੀਹਾਂ ਤਹਿਸੀਲ ਜ਼ੀਰਾ ਅਤੇ ਨਜ਼ਦੀਕੀ ਰਿਸ਼ਤੇਦਾਰ ਬੀਕੇਯੂ ਰਾਜੇਵਾਲ ਦੇ ਆਗੂ ਡਾਕਟਰ ਗੁਰਦੇਵ ਸਿੰਘ ਤਲਵੰਡੀ ਨੇ ਦੱਸਿਆ ਕਿ ਪਿੰਕੀ ਦਾ ਪਤੀ ਗੁਰਲਾਲ ਸਿੰਘ ਜਦੋਂ ਵਿਦੇਸ਼ ਰਹਿੰਦਾ ਸੀ ਅਤੇ ਹੁਣ ਜਦੋਂ ਕਿ ਕਈ ਸਾਲ ਪਹਿਲਾਂ ਵਿਦੇਸ਼ੋਂ ਵਾਪਸ ਵੀ ਆ ਗਿਆ ਸੀ ਪਰ ਉਸ ਦਾ ਸਹੁਰਾ ਪਰਿਵਾਰ ਜ਼ੁਲਮ ਕਰਨੋ ਨਹੀਂ ਹਟਦਾ ਸੀ।
ਇਹ ਵੀ ਪੜ੍ਹੋ : ਫਿਰ ਦਾਗਦਾਰ ਹੋਈ ਖਾਕੀ, ਪੰਜਾਬ ਪੁਲਸ ਦੇ ਦੋ ਮੁਲਾਜ਼ਮਾਂ ’ਤੇ ਦੋਸਤਾਂ ਨਾਲ ਮਿਲ ਕੇ ਕੁੜੀ ਨਾਲ ਬਲਾਤਕਾਰ ਦਾ ਦੋਸ਼
ਉਨ੍ਹਾਂ ਦੱਸਿਆ ਕਿ ਕਾਫੀ ਸਮਾਂ ਉਹ ਧੀ ਨੂੰ ਪੇਕੇ ਘਰ ਰੱਖਦੇ ਸਨ। ਜਦਕਿ ਸਹੁਰੇ ਘਰ ਜਾਣ ’ਤੇ ਫਿਰ ਸਰੀਰਕ ਅਤੇ ਮਾਨਸਿਕ ਤਸ਼ੱਦਦ ਦਾ ਦੌਰ ਸ਼ੁਰੂ ਹੋ ਜਾਂਦਾ ਸੀ। ਕਈ-ਕਈ ਵਾਰ ਪੰਚਾਇਤੀ ਤੌਰ ’ਤੇ ਵੀ ਧੀ ਨੂੰ ਵੱਸਦੀ ਰੱਖਣ ਲਈ ਤਰਲੇ ਕੀਤੇ ਸਨ। ਉਨ੍ਹਾਂ ਖੁਲਾਸਾ ਕੀਤਾ ਕਿ ਬਦਕਿਸਮਤ ਸਾਢੇ ਚਾਰ ਸਾਲ ਦਾ ਤਜਿੰਦਰਪਾਲ ਸ਼ੂਗਰ ਰੋਗ ਤੋਂ ਪੀੜਤ ਸੀ ਪਰ ਉਸ ਦਾ ਬਾਪ ਤੇ ਹੋਰ ਪਰਿਵਾਰ ਬੱਚੇ ਨੂੰ ਦਵਾਈ ਤੱਕ ਨਹੀਂ ਲੈ ਕੇ ਦਿੰਦੇ ਸਨ। ਉਧਰ ਥਾਣਾ ਮਖੂ ਵਿਖੇ ਵੱਡੀ ਗਿਣਤੀ ’ਚ ਪਹੁੰਚੇ ਪਿੰਕੀ ਦੇ ਪੇਕਾ ਪਰਿਵਾਰ ਨੇ ਦੋਸ਼ੀਆਂ ’ਤੇ ਸਖ਼ਤ ਤੋਂ ਸਖ਼ਤ ਕਾਰਵਾਈ ਕਰਕੇ ਇਨਸਾਫ ਦਿਵਾਉਣ ਦੀ ਮੰਗ ਕੀਤੀ ਹੈ।
ਇਹ ਵੀ ਪੜ੍ਹੋ : ਬਹੁ-ਚਰਚਿਤ ਲਵਪ੍ਰੀਤ ਖ਼ੁਦਕੁਸ਼ੀ ਮਾਮਲਾ, ਕੈਨੇਡਾ ਦੀ ਬੇਅੰਤ ਕੌਰ ਦੇ ਪਰਿਵਾਰ ’ਤੇ 20 ਮਹੀਨਿਆਂ ਬਾਅਦ ਵੱਡੀ ਕਾਰਵਾਈ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।
ਮੋਗਾ ’ਚ ਵਾਪਰੇ ਵੱਖ-ਵੱਖ ਹਾਦਸਿਆਂ ’ਚ ਔਰਤ ਸਮੇਤ 3 ਦੀ ਮੌਤ
NEXT STORY