ਜਲੰਧਰ/ਚੰਡੀਗੜ੍ਹ (ਧਵਨ) – ਪੰਜਾਬ ’ਚ ਸੜਕ ਸੁਰੱਖਿਆ ਫੋਰਸ ਹਾਈਵੇ ’ਤੇ ਜ਼ਿੰਦਗੀਆਂ ਨੂੰ ਬਚਾਉਣ ’ਚ ਸਫਲ ਹੋ ਰਹੀ ਹੈ। ਮੁੱਖ ਮੰਤਰੀ ਭਗਵੰਤ ਮਾਨ ਦੇ ਇਸ ਡ੍ਰੀਮ ਪ੍ਰਾਜੈਕਟ ਨੇ ਰੰਗ ਵਿਖਾਉਣਾ ਸ਼ੁਰੂ ਕਰ ਦਿੱਤਾ ਹੈ। ਮੁੱਖ ਮੰਤਰੀ ਨੇ ਪਿਛਲੇ ਦਿਨੀਂ ਜਲੰਧਰ ’ਚ ਇਸ ਫੋਰਸ ਦਾ ਗਠਨ ਕਰਦਿਆਂ ਇਸ ਨੂੰ ਹਰੀ ਝੰਡੀ ਵਿਖਾ ਕੇ ਰਵਾਨਾ ਕੀਤਾ ਸੀ। ਇਸ ਨੂੰ ਹਾਈਵੇ ’ਤੇ ਤਾਇਨਾਤ ਕੀਤਾ ਗਿਆ ਹੈ।
ਸੜਕ ਸੁਰੱਖਿਆ ਫੋਰਸ (ਐੱਸ. ਐੱਸ. ਐੱਫ.) ਨੇ ਪਿਛਲੇ ਕੁਝ ਦਿਨਾਂ ’ਚ ਹਾਈਵੇ ’ਤੇ ਹੋਏ ਹਾਦਸਿਆਂ ’ਚ ਜ਼ਖਮੀ ਲੋਕਾਂ ਨੂੰ ਤੁਰੰਤ ਹਸਪਤਾਲ ਪਹੁੰਚਾ ਕੇ ਉਨ੍ਹਾਂ ਦੀਆਂ ਜਾਨਾਂ ਬਚਾਈਆਂ ਹਨ। ਬੀਤੀ ਰਾਤ ਵੀ ਪਟਿਆਲਾ ’ਚ ਅਜਿਹਾ ਇਕ ਸੜਕ ਹਾਦਸਾ ਹੋਇਆ, ਜਿਸ ਵਿਚ ਮੋਟਰਸਾਈਕਲ ਸਵਾਰ ਇਕ ਕਾਰ ਨਾਲ ਟਕਰਾ ਕੇ ਜ਼ਖਮੀ ਹੋ ਗਿਆ ਸੀ। ਉਸ ਨੂੰ ਸੜਕ ਸੁਰੱਖਿਆ ਫੋਰਸ ਦੇ ਜਵਾਨਾਂ ਨੇ ਤੁਰੰਤ ਹਸਪਤਾਲ ਪਹੁੰਚਾ ਕੇ ਉਸ ਦੀ ਜਾਨ ਬਚਾਈ।
ਪੰਜਾਬ ਦੇ ਡੀ. ਜੀ. ਪੀ. ਗੌਰਵ ਯਾਦਵ ਨੇ ਕਿਹਾ ਕਿ ਪੰਜਾਬ ਪੁਲਸ ਦਾ ਮਕਸਦ ਜਿੱਥੇ ਸੂਬੇ ਵਿਚ ਕਾਨੂੰਨ ਵਿਵਸਥਾ ਦੀ ਸਥਿਤੀ ਨੂੰ ਕੰਟਰੋਲ ਵਿਚ ਰੱਖਦੇ ਹੋਏ ਅਪਰਾਧਾਂ ’ਤੇ ਕਾਬੂ ਪਾਉਣਾ ਹੈ, ਉੱਥੇ ਹੀ ਸੜਕ ਹਾਦਸਿਆਂ ਵਿਚ ਹੋਣ ਵਾਲੀਆਂ ਮੌਤਾਂ ਨੂੰ ਰੋਕਣਾ ਵੀ ਹੈ।
ਉਨ੍ਹਾਂ ਦੱਸਿਆ ਕਿ ਸੜਕ ਸੁਰੱਖਿਆ ਫੋਰਸ 24 ਘੰਟੇ ਆਪਣੀ ਡਿਊਟੀ ਨਿਭਾਅ ਰਹੀ ਹੈ। ਉਸ ਨਾਲ ਕੋਈ ਵੀ ਸੰਪਰਕ ਕਰ ਸਕਦਾ ਹੈ ਅਤੇ ਸੂਚਨਾ ਮਿਲਦਿਆਂ ਹੀ ਫੋਰਸ ਦੇ ਜਵਾਨ ਮੌਕੇ ’ਤੇ ਪਹੁੰਚ ਕੇ ਆਪਣਾ ਕੰਮ ਸ਼ੁਰੂ ਕਰ ਦਿੰਦੇ ਹਨ। ਸੂਬੇ ਵਿਚ ਸੜਕ ਸੁਰੱਖਿਆ ਫੋਰਸ ਦੇ ਜਵਾਨਾਂ ਨੂੰ ਪੰਜਾਬ ਪੁਲਸ ਨੇ ਖਾਸ ਤੌਰ ’ਤੇ ਨਵੀਆਂ ਗੱਡੀਆਂ ਮੁਹੱਈਆ ਕਰਵਾਈਆਂ ਹਨ।
CM ਮਾਨ ਅੱਜ ਸੂਬਾ ਵਾਸੀਆਂ ਨੂੰ ਸਮਰਪਿਤ ਕਰਨਗੇ ਗੁਰੂ ਅਮਰਦਾਸ ਥਰਮਲ ਪਲਾਂਟ
NEXT STORY