ਧਰਮਕੋਟ/ਮੋਗਾ (ਪਵਨ/ਗੋਪੀ) - ਪੰਜਾਬ ਸੂਬੇ 'ਚ ਸੱਤਾਧਾਰੀ ਕਾਂਗਰਸ ਪਾਰਟੀ ਲਈ ਮੁੱਛ ਦਾ ਸਵਾਲ ਬਣੀਆਂ ਮਿਊਂਸੀਪਲ ਚੋਣਾਂ ਦੌਰਾਨ ਬੇਸ਼ੱਕ ਮੁੱਖ ਮੰਤਰੀ ਪੰਜਾਬ ਵੱਲੋਂ ਲੋਕਤੰਤਰਿਕ ਢੰਗ ਨਾਲ ਚੋਣਾਂ ਕਰਵਾਉਣ ਦਾ ਐਲਾਨ ਕੀਤਾ ਗਿਆ ਪਰ ਹੇਠਲੇ ਪੱਧਰ 'ਤੇ ਰਾਜ ਨੇਤਾਵਾਂ ਵੱਲੋਂ ਆਪਣੀ ਪੈਠ ਬਰਕਰਾਰ ਰੱਖਣ ਲਈ ਚੋਣਾਂ ਜਿੱਤਣ ਦੇ ਮਨਸ਼ੇ ਨਾਲ ਹਰ ਹਰਬਾ ਵਰਤਿਆ ਜਾ ਰਿਹਾ ਹੈ। ਮੋਗਾ ਜ਼ਿਲੇ 'ਚ ਨਗਰ ਕੌਂਸਲ ਧਰਮਕੋਟ, ਨਗਰ ਕੌਂਸਲ ਬਾਘਾਪੁਰਾਣਾ ਅਤੇ ਨਗਰ ਪੰਚਾਇਤ ਫਤਿਹਗੜ੍ਹ ਪੰਜਤੂਰ ਦੀ ਚੋਣ ਸੱਤਾਧਾਰੀ ਪਾਰਟੀ ਲਈ ਇੱਜ਼ਤ ਦਾ ਸਵਾਲ ਬਣੀ ਹੋਈ ਹੈ।
ਨਗਰ ਕੌਂਸਲ ਧਰਮਕੋਟ ਦੀ ਹੋਣ ਵਾਲੀ ਚੋਣ ਪਹਿਲੇ ਦਿਨ ਤੋਂ ਵਿਵਾਦਾਂ 'ਚ ਫੱਸੀ ਹੋਈ ਹੈ, ਬੀਤੇ ਕੱਲ ਸਾਬਕਾ ਮੰਤਰੀ ਜਥੇਦਾਰ ਤੋਤਾ ਸਿੰਘ ਦੀ ਅਗਵਾਈ ਹੇਠ ਕੌਂਸਲ ਪ੍ਰਸ਼ਾਸਨ ਖਿਲਾਫ ਅਕਾਲੀ ਆਗੂਆਂ ਤੇ ਵਰਕਰਾਂ ਨੇ ਨਾਅਰੇਬਾਜ਼ੀ ਕੀਤੀ ਸੀ। ਅੱਜ ਫਿਰ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ 'ਤੇ ਚੋਣ ਲੜਨ ਵਾਲੇ ਉਮੀਦਵਾਰਾਂ ਨੂੰ 'ਨੋ ਡਿਊ' ਸਰਟੀਫਿਕੇਟ ਨਾ ਮਿਲਣ 'ਤੇ ਹਾਹਾਕਾਰ ਮਚੀ ਹੋਈ ਹੈ। ਅਕਾਲੀ ਆਗੂਆਂ ਦਾ ਦੋਸ਼ ਹੈ ਕਿ ਆਪਣੀ ਹਾਰ ਦੀ ਬੁਖਲਾਹਟ 'ਚ ਹਲਕਾ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਦੀ ਸ਼ਹਿ 'ਤੇ ਕਾਂਗਰਸੀ ਆਗੂ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਧੱਕੇਸ਼ਾਹੀ ਲਈ ਮਜਬੂਰ ਕਰ ਰਹੇ ਹਨ।
ਸੱਤਾਧਾਰੀ ਪਾਰਟੀ ਦੇ ਵਿਰੋਧ 'ਚ ਚੋਣ ਲੜਨ ਵਾਲੇ ਵਿਰੋਧੀ ਉਮੀਦਵਾਰਾਂ ਵੱਲੋਂ ਅੱਜ ਤੱਕ 'ਨੋ ਡਿਊ' ਸਰਟੀਫਿਕੇਟ ਨਾ ਮਿਲਣ ਕਰ ਕੇ ਕਾਂਗਰਸ ਸਰਕਾਰ ਤੇ ਨਗਰ ਕੌਂਸਲ ਦੇ ਕਾਰਜਸਾਧਕ ਅਫ਼ਸਰ ਵਿਰੁੱਧ ਜ਼ਬਰਦਸਤ ਰੋਸ ਪ੍ਰਦਰਸ਼ਨ ਕੀਤਾ ਗਿਆ। ਰੋਸ ਜ਼ਾਹਿਰ ਕਰਦਿਆਂ ਸਾਬਕਾ ਵਿਧਾਇਕ ਬਲਦੇਵ ਸਿੰਘ ਭੱਟੀ, ਸਾਬਕਾ ਪ੍ਰਧਾਨ ਗੁਰਮੇਲ ਸਿੰਘ ਸਿੱਧੂ, ਯੂਥ ਅਕਾਲੀ ਆਗੂ ਪਰਮਿੰਦਰ ਡਿੰਪਲ, ਸਾਬਕਾ ਸਰਪੰਚ ਨਛੱਤਰ ਸਿੰਘ ਢੋਲਣੀਆਂ ਅਤੇ ਹਰਪ੍ਰੀਤ ਸਿੰਘ ਰਿੱਕੀ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ-ਭਾਜਪਾ ਦੀ ਸਰਕਾਰ ਵੱਲੋਂ ਪਿਛਲੇ 10 ਸਾਲਾਂ ਦੌਰਾਨ ਕੀਤੇ ਰਿਕਾਰਡ ਤੋੜ ਵਿਕਾਸ ਕਰ ਕੇ ਧਰਮਕੋਟ ਸ਼ਹਿਰ ਦੇ ਲੋਕ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਜਿਤਾਉਣਾ ਚਾਹੁੰਦੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰੀ ਤੰਤਰ ਪੂਰੀ ਤਰ੍ਹਾਂ ਕਾਂਗਰਸੀ ਆਗੂਆਂ ਦਾ ਪੱਖ ਪੂਰ ਰਿਹਾ ਹੈ। ਉਨ੍ਹਾਂ ਚਿਤਾਵਨੀ ਭਰੇ ਸ਼ਬਦਾਂ 'ਚ ਕਿਹਾ ਕਿ ਜੇਕਰ ਧੱਕੇਸ਼ਾਹੀ ਬੰਦ ਨਾ ਕੀਤੀ ਗਈ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ।
ਵਿਆਹ ਦਾ ਝਾਂਸਾ ਦੇ ਲੜਕੀ ਨੂੰ ਵਰਗਲਾਉਣ ਵਾਲੇ ਨੌਜਵਾਨ ਖਿਲਾਫ ਮੁਕੱਦਮਾ ਦਰਜ
NEXT STORY