ਕੋਟਕਪੂਰਾ, (ਨਰਿੰਦਰ)- ਕੌਮੀ ਰਾਜ ਮਾਰਗ ਨੰ. 54 'ਤੇ ਲੋਕ ਨਿਰਮਾਣ ਵਿਭਾਗ ਵੱਲੋਂ ਲਾਏ ਗਏ ਅਨੇਕਾਂ ਬੋਰਡਾਂ ਉਪਰ ਪੰਜਾਬੀ ਭਾਸ਼ਾ ਨੂੰ ਸਭ ਤੋਂ ਹੇਠਾਂ ਲਿਖਣ ਦੇ ਖਿਲਾਫ਼ ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਵਾਲਿਆਂ ਵਿਚ ਪਾਏ ਗਏ ਰੋਸ ਅਤੇ ਪੰਜਾਬੀ ਭਾਸ਼ਾ ਨੂੰ ਮਾਣ-ਸਤਿਕਾਰ ਦਿਵਾਉਣ ਲਈ ਕੀਤੇ ਜਾ ਰਹੇ ਯਤਨਾਂ ਨੂੰ ਬੂਰ ਪੈਣਾ ਸ਼ੁਰੂ ਹੋ ਗਿਆ ਹੈ ਅਤੇ ਵਿਭਾਗ ਵੱਲੋਂ ਇਨ੍ਹਾਂ ਬੋਰਡਾਂ ਨੂੰ ਨਵੇਂ ਸਿਰਿਓਂ ਲਿਖਣ ਦੀ ਕਵਾਇਦ ਸ਼ੁਰੂ ਕਰ ਦਿੱਤੀ ਗਈ ਹੈ।
ਮੁੱਖ ਮੰਤਰੀ ਪੰਜਾਬ ਦੇ ਦਫਤਰ ਵੱਲੋਂ ਵੀ ਸਕੱਤਰ ਲੋਕ ਨਿਰਮਾਣ ਵਿਭਾਗ ਨੂੰ ਜਾਰੀ ਪੱਤਰ ਰਾਹੀਂ ਲਿਖਿਆ ਗਿਆ ਹੈ ਕਿ ਕੌਮੀ ਰਾਜ ਮਾਰਗ ਨੰ. 54 'ਤੇ ਪੰਜਾਬੀ ਮਾਂ ਬੋਲੀ ਦੇ ਸਤਿਕਾਰ ਸਬੰਧੀ ਆਈਆਂ ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਜਾਵੇ।
ਵਰਣਨ ਯੋਗ ਹੈ ਕਿ ਭਾਈ ਘਨ੍ਹੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਚੰਦਬਾਜਾ ਨੇ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਨੂੰ ਪੱਤਰ ਲਿਖ ਕੇ ਕੌਮੀ ਰਾਜ ਮਾਰਗ 'ਤੇ ਮਾਂ ਬੋਲੀ ਪੰਜਾਬੀ ਨਾਲ ਹੋ ਰਿਹਾ ਵਿਤਕਰਾ ਬੰਦ ਕਰਨ ਲਈ ਬੇਨਤੀ ਕੀਤੀ ਸੀ। ਜਾਣਕਾਰੀ ਅਨੁਸਾਰ ਹੁਣ ਕੌਮੀ ਰਾਜ ਮਾਰਗ ਦੇ ਕਈ ਹਿੱਸਿਆਂ 'ਚ ਪੰਜਾਬੀ ਨੂੰ ਉਪਰ ਲਿਖ ਕੇ ਹੇਠਾਂ ਅੰਗਰੇਜ਼ੀ ਭਾਸ਼ਾ ਲਿਖੀ ਗਈ ਹੈ ਅਤੇ ਹਿੰਦੀ ਨੂੰ ਬਿਲਕੁਲ ਹੀ ਖਤਮ ਕਰ ਦਿੱਤਾ ਗਿਆ ਹੈ ਪਰ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਅਨੁਸਾਰ ਸਰਕਾਰ ਤੇ ਵਿਭਾਗ ਦੀਆਂ ਹਦਾਇਤਾਂ ਮੁਤਾਬਕ ਪੰਜਾਬੀ ਨੂੰ ਪਹਿਲੇ ਨੰਬਰ 'ਤੇ ਲਿਖਣ ਦੀ ਸਹਿਮਤੀ ਤਾਂ ਹੈ ਪਰ ਉਕਤ ਮਾਰਗ 'ਤੇ ਵਿਭਾਗ ਨੇ ਅਜੇ ਤੱਕ ਇਕ ਵੀ ਬੋਰਡ ਅਜਿਹਾ ਨਹੀਂ ਲਾਇਆ ਹੈ। ਅਧਿਕਾਰੀ ਇਹ ਵੀ ਮੰਨਦੇ ਹਨ ਕਿ ਵਿਭਾਗ ਵੱਲੋਂ ਪੰਜਾਬ ਭਰ 'ਚੋਂ ਲੰਘਦੇ ਇਸ ਰਸਤੇ 'ਤੇ ਪੰਜਾਬੀ ਨੂੰ ਪਹਿਲੇ ਨੰਬਰ 'ਤੇ ਰੱਖਣ ਲਈ ਬਕਾਇਦਾ ਯਤਨ ਸ਼ੁਰੂ ਕਰ ਦਿੱਤੇ ਗਏ ਹਨ। ਪੰਜਾਬੀ ਵਿਚ ਲਾਏ ਇਹ ਬੋਰਡ ਕਿਸ ਵੱਲੋਂ ਲਾਏ ਗਏ ਹਨ, ਇਸ ਬਾਰੇ ਕੁਝ ਸਪੱਸ਼ਟ ਪਤਾ ਨਹੀਂ ਲੱਗ ਸਕਿਆ।
ਜ਼ਿਕਰਯੋਗ ਹੈ ਕਿ ਭਾਈ ਘਨੱ੍ਹਈਆ ਸੁਸਾਇਟੀ ਤੇ ਹੋਰ ਪੰਜਾਬੀ ਪ੍ਰੇਮੀਆਂ ਦੇ ਸੰਘਰਸ਼ ਨੇ ਪੰਜਾਬੀ ਦੇ ਹੱਕ 'ਚ ਮਾਹੌਲ ਬਣਾਉਣਾ ਆਰੰਭ ਕਰ ਦਿੱਤਾ। ਇਸ ਸਬੰਧੀ ਫਰੀਦਕੋਟ ਵਿਖੇ ਸੁਸਾਇਟੀ ਵੱਲੋਂ ਪੰਜਾਬੀ ਦੇ ਉੱਘੇ ਵਿਦਵਾਨਾਂ ਨੂੰ ਬੁਲਾ ਕੇ ਕਰਵਾਏ ਗਏ ਮਾਂ ਬੋਲੀ ਸਤਿਕਾਰ ਸਮਾਗਮ ਦੀ ਗੂੰਜ ਵੀ ਦੁਨੀਆ ਦੇ ਕੋਨੇ-ਕੋਨੇ ਤੱਕ ਪਹੁੰਚੀ, ਜਿਸ ਵਿਚ ਜਸਵੰਤ ਸਿੰਘ ਕੰਵਲ, ਸਤਨਾਮ ਸਿੰਘ ਮਾਣਕ, ਡਾ. ਹਰਜਿੰਦਰ ਸਿੰਘ ਵਾਲੀਆ, ਹਰਪਾਲ ਸਿੰਘ ਪੰਨੂੰ ਅਤੇ ਡਾ. ਭੀਮਇੰਦਰ ਸਿੰਘ ਨੇ ਮਾਂ ਬੋਲੀ ਦੇ ਹੱਕ 'ਚ ਦਲੀਲਾਂ ਦਿੰਦਿਆਂ ਹਰ ਤਰ੍ਹਾਂ ਦੇ ਸਹਿਯੋਗ ਦਾ ਐਲਾਨ ਕੀਤਾ।
ਕੀ ਕਹਿੰਦੇ ਹਨ ਸਮਾਜਸੇਵੀ
ਭਾਈ ਘਨੱ੍ਹਈਆ ਕੈਂਸਰ ਰੋਕੋ ਸੁਸਾਇਟੀ ਦੇ ਸੰਸਥਾਪਕ ਗੁਰਪ੍ਰੀਤ ਸਿੰਘ ਚੰਦਬਾਜਾ ਨੇ ਦੱਸਿਆ ਕਿ ਮਾਂ ਬੋਲੀ ਨਾਲ ਹੋ ਰਹੇ ਵਿਤਕਰੇ ਸਬੰਧੀ ਸਰਕਾਰ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਪਹਿਲਾਂ ਬੇਨਤੀ ਪੱਤਰ ਲਿਖੇ ਗਏ ਤੇ ਫਿਰ ਕਾਨੂੰਨੀ ਨੋਟਿਸ ਵੀ ਭੇਜੇ ਗਏ। ਉਨ੍ਹਾਂ ਕਿਹਾ ਕਿ ਜੇਕਰ ਅਜੇ ਵੀ ਸੁਣਵਾਈ ਨਾ ਹੋਈ ਤਾਂ ਪਹਿਲਾਂ ਪੀ. ਡਬਲਯੂ. ਡੀ. ਮੰਤਰੀ ਰਜ਼ੀਆ ਸੁਲਤਾਨਾ ਨੂੰ ਮਿਲਣ ਤੋਂ ਇਲਾਵਾ ਮਾਣਯੋਗ ਅਦਾਲਤ 'ਚ ਪਟੀਸ਼ਨ ਪਾਉਣ ਤੋਂ ਵੀ ਗੁਰੇਜ਼ ਨਹੀਂ ਕੀਤਾ ਜਾਵੇਗਾ।
ਕੀ ਕਹਿੰਦੇ ਹਨ ਅਧਿਕਾਰੀ
ਇਸ ਸਬੰਧੀ ਪੀ. ਡਬਲਯੂ. ਡੀ. ਬੀ. ਐਂਡ. ਆਰ. ਦੇ ਐਕਸੀਅਨ ਅੰਗਰੇਜ ਸਿੰਘ ਨੇ ਕਿਹਾ ਕਿ ਵਿਭਾਗ ਵੱਲੋਂ ਪੰਜਾਬੀ ਨੂੰ ਪਹਿਲੇ ਨੰਬਰ 'ਤੇ ਰੱਖਣ ਵਾਲੇ ਬੋਰਡ ਤਿਆਰ ਕਰਨ ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ ਪਰ ਵੱਡੀ ਗਿਣਤੀ ਵਿਚ ਇਹ ਨਵੇਂ ਬੋਰਡ ਲਿਖਣ ਅਤੇ ਲਾਉਣ 'ਚ ਦੋ ਮਹੀਨਿਆਂ ਦੇ ਕਰੀਬ ਸਮਾਂ ਵੀ ਲੱਗ ਸਕਦਾ ਹੈ। ਕੌਮੀ ਰਾਜ ਮਾਰਗ 'ਤੇ ਲੱਗੇ ਬੋਰਡਾਂ ਪ੍ਰਤੀ ਅਣਜਾਣਤਾ ਪ੍ਰਗਟ ਕਰਦੇ ਹੋਏ ਉਨ੍ਹਾਂ ਕਿਹਾ ਕਿ ਵਾਹਨ ਚਾਲਕਾਂ ਲਈ ਦਿਸ਼ਾ-ਨਿਰਦੇਸ਼ ਦੇਣ ਵਾਲੇ ਬੋਰਡ ਲੱਗਣੇ ਬਹੁਤ ਜ਼ਰੂਰੀ ਹਨ, ਇਸ ਲਈ ਨਵੇਂ ਬੋਰਡ ਬਣਨ ਤੋਂ ਪਹਿਲਾਂ ਪੁਰਾਣਿਆਂ ਨੂੰ ਉਤਾਰਿਆ ਨਹੀਂ ਜਾ ਸਕਦਾ।
ਮੁਹੱਲੇ 'ਚ ਕੂੜੇ ਦਾ ਡੰਪ ਪੁੱਟਣ 'ਤੇ ਹੰਗਾਮਾ
NEXT STORY