ਰਾਮਪੁਰਾ ਫੂਲ,(ਰਜਨੀਸ਼)- ਅੱਜ ਹਸਪਤਾਲ 'ਚ ਫਾਰਮਾਸਿਸਟ ਵੱਲੋਂ ਇਕ 16 ਸਾਲਾ ਬੱਚੀ ਨੂੰ ਇੰਜੈਕਸ਼ਨ ਲਗਾਉਣ ਤੋਂ ਬਾਅਦ ਉਸ ਦੀ ਮੌਤ ਹੋ ਗਈ। ਮ੍ਰਿਤਕਾ ਬਸੰਤੀ ਦੇ ਪਿਤਾ ਹੁਕਮ ਰਾਮ ਵਾਸੀ ਜਵਾਹਰ ਨਗਰ ਨੇ ਦੱਸਿਆ ਕਿ ਉਸ ਦੀ ਪੁੱਤਰੀ ਦਿਲ ਦੇ ਰੋਗ ਤੋਂ ਪੀੜਤ ਸੀ ਅਤੇ ਤਕਰੀਬਨ 8 ਸਾਲ ਤੋਂ ਉਸ ਦਾ ਡੀ. ਐੱਮ. ਸੀ. ਲੁਧਿਆਣਾ ਤੋਂ ਇਲਾਜ ਚੱਲ ਰਿਹਾ ਸੀ ਅਤੇ ਇਲਾਜ ਦੌਰਾਨ ਉਨ੍ਹਾਂ ਦੀ ਪੁੱਤਰੀ ਦੇ ਹਰ ਮਹੀਨੇ ਹਸਪਤਾਲ ਤੋਂ ਇਕ ਇੰਜੈਕਸ਼ਨ ਲੱਗਦਾ ਸੀ।
ਉਸ ਨੇ ਇੰਜੈਕਸ਼ਨ ਲਗਾਉਣ ਵਾਲੇ ਫਾਰਮਾਸਿਸਟ ਬਲਵੰਤ ਸਿੰਘ 'ਤੇ ਲਾਪ੍ਰਵਾਹੀ ਵਰਤਣ ਦੇ ਦੋਸ਼ ਲਾਉਂਦਿਆਂ ਦੱਸਿਆ ਕਿ ਅੱਜ ਜਿਵੇਂ ਹੀ ਉਸ ਨੇ ਉਨ੍ਹਾਂ ਦੀ ਪੁੱਤਰੀ ਨੂੰ ਇੰਜੈਕਸ਼ਨ ਲਗਾਇਆ, ਉਨ੍ਹਾਂ ਦੀ ਪੁੱਤਰੀ ਦੀ ਹਾਲਤ ਵਿਗੜ ਗਈ, ਜਿਸ 'ਤੇ ਡਾਕਟਰਾਂ ਨੇ ਉਸ ਨੂੰ ਬਠਿੰਡਾ ਲਈ ਰੈਫਰ ਕਰ ਦਿੱਤਾ ਪਰ ਉਥੇ ਪਹੁੰਚਣ 'ਤੇ ਪਤਾ ਲੱਗਿਆ ਕਿ ਉਨ੍ਹਾਂ ਦੀ ਪੁੱਤਰੀ ਦੀ ਤਾਂ ਹਸਪਤਾਲ 'ਚ ਹੀ ਮੌਤ ਹੋ ਚੁੱਕੀ ਸੀ। ਮ੍ਰਿਤਕਾ ਦੇ ਪਰਿਵਾਰਕ ਮੈਂਬਰਾਂ ਨੇ ਮ੍ਰਿਤਕਾ ਦੀ ਲਾਸ਼ ਨੂੰ ਹਸਪਤਾਲ ਵਿਚ ਰੱਖ ਕੇ ਨਾਅਰੇਬਾਜ਼ੀ ਕੀਤੀ ਅਤੇ ਉਕਤ ਫਾਰਮਾਸਿਸਟ ਦੇ ਵਿਰੁੱਧ ਕਾਰਵਾਈ ਦੀ ਮੰਗ ਕੀਤੀ।
ਦੂਜੇ ਪਾਸੇ ਸਿਵਲ ਹਸਪਤਾਲ ਦੇ ਐੱਸ. ਐੱਮ. ਓ. ਡਾ. ਅਮਰੀਕ ਸਿੰਘ ਸੰਧੂ ਨੇ ਮ੍ਰਿਤਕਾ ਦੇ ਪਿਤਾ ਦੇ ਦੋਸ਼ਾਂ ਨੂੰ ਸਿਰੇ ਤੋਂ ਖਾਰਿਜ ਕਰਦਿਆਂ ਦੱਸਿਆ ਕਿ ਮ੍ਰਿਤਕਾ ਦਿਲ ਦੇ ਰੋਗ ਤੋਂ ਪੀੜਤ ਸੀ ਅਤੇ ਉਸ ਦਾ ਇਲਾਜ ਕਰਨ ਵਾਲੇ ਡੀ. ਐੱਮ. ਸੀ. ਲੁਧਿਆਣਾ ਦੇ ਡਾਕਟਰਾਂ ਮੁਤਾਬਕ ਉਸ ਨੂੰ ਹਰ ਮਹੀਨੇ 'ਪੈਨਸਲੀਨ' ਦਾ ਇੰਜੈਕਸ਼ਨ ਲੱਗਦਾ ਸੀ, ਜੋ ਮ੍ਰਿਤਕ ਦੇ ਪਰਿਵਾਰ ਵਾਲੇ ਹੀ ਲਿਆਉਂਦੇ ਸੀ। ਉਨ੍ਹਾਂ ਦੱਸਿਆ ਕਿ ਉਕਤ ਇੰਜੈਕਸ਼ਨ ਦਾ ਰੀ-ਐਕਸ਼ਨ ਹੋ ਜਾਣ ਦੀ ਸੰਭਾਵਨਾ ਕਾਰਨ ਉਕਤ ਇੰਜੈਕਸ਼ਨ ਸਿਰਫ ਸਰਕਾਰੀ ਹਸਪਤਾਲ ਵਿਚ ਹੀ ਲਗਾਇਆ ਜਾ ਸਕਦਾ ਹੈ ਅਤੇ ਪਹਿਲਾਂ ਵਾਂਗ ਅੱਜ ਵੀ ਉਕਤ ਫਾਰਮਾਸਿਸਟ ਵੱਲੋਂ ਉਕਤ ਇੰਜੈਕਸ਼ਨ ਲਗਾਇਆ ਗਿਆ ਅਤੇ ਉਕਤ ਇੰਜੈਕਸ਼ਨ ਨੇ ਆਪਣੇ ਸੁਭਾਅ ਅਨੁਸਾਰ ਅੱਜ ਆਪਣਾ ਰੀ-ਐਕਸ਼ਨ ਦਿਖਾ ਦਿੱਤਾ, ਜਿਸ ਕਾਰਨ ਉਕਤ ਬੱਚੀ ਦੀ ਹਾਲਤ ਵਿਗੜ ਗਈ। ਉਪਰੰਤ ਸਾਰੇ ਡਾਕਟਰ ਤੁਰੰਤ ਆਪਣਾ ਕੰਮਕਾਜ ਛੱਡ ਕੇ ਉਕਤ ਬੱਚੀ ਦੇ ਇਲਾਜ ਵਿਚ ਲੱਗ ਗਏ ਪਰ ਉਸ ਦੀ ਹਾਲਤ ਲਗਾਤਾਰ ਵਿਗੜਦੀ ਹੀ ਗਈ ਅਤੇ ਉਨ੍ਹਾਂ ਨੇ ਬਿਨਾਂ ਕਿਸੇ ਦੇਰੀ ਦੇ ਉਕਤ ਬੱਚੀ ਨੂੰ ਰੈਫਰ ਕਰਦਿਆਂ ਉਸ ਨੂੰ ਉਸ ਦੇ ਪਰਿਵਾਰਕ ਮੈਂਬਰਾਂ ਨਾਲ ਸਰਕਾਰੀ ਐਂਬੂਲੈਂਸ ਰਾਹੀਂ ਬਠਿੰਡਾ ਭੇਜ ਦਿੱਤਾ। ਉਨ੍ਹਾਂ ਕਿਹਾ ਕਿ ਜਦ ਬੱਚੀ ਨੂੰ ਬਠਿੰਡਾ ਲਈ ਰੈਫਰ ਕੀਤਾ ਗਿਆ, ਉਦੋਂ ਤੱਕ ਉਹ ਜ਼ਿੰਦਾ ਸੀ ਪਰ ਉਸ ਨੂੰ ਸਾਹ ਲੈਣ ਵਿਚ ਕਾਫੀ ਤਕਲੀਫ ਹੋ ਰਹੀ ਸੀ। ਫਾਰਮਾਸਿਸਟ ਦੇ ਵਿਰੁੱਧ ਕਾਰਵਾਈ ਦੀ ਮੰਗ ਨੂੰ ਲੈ ਕੇ ਨਾਅਰੇਬਾਜ਼ੀ ਕਰਨ 'ਤੇ ਸ਼੍ਰੀ ਸੰਧੂ ਨੇ ਕਿਹਾ ਕਿ ਜਦ ਉਕਤ ਫਾਰਮਾਸਿਸਟ ਨੇ ਕਿਸੇ ਵੀ ਤਰ੍ਹਾਂ ਦੀ ਕੋਈ ਲਾਪ੍ਰਵਾਹੀ ਵਰਤੀ ਹੀ ਨਹੀਂ ਤਾਂ ਉਸ 'ਤੇ ਕਾਰਵਾਈ ਦਾ ਕੋਈ ਸਵਾਲ ਹੀ ਪੈਦਾ ਨਹੀਂ ਹੁੰਦਾ, ਉਨ੍ਹਾਂ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਨਾਅਰੇਬਾਜ਼ੀ ਅਤੇ ਇਸ ਤਰ੍ਹਾਂ ਦੇ ਵਰਤਾਅ ਨਾਲ ਸਟਾਫ ਦਾ ਮਨੋਬਲ ਡਿਗਦਾ ਹੈ। ਸ਼ਹਿਰ ਵਾਸੀਆਂ ਦੇ ਸਮਝਾਉਣ 'ਤੇ ਮ੍ਰਿਤਕ ਦੇ ਪਰਿਵਾਰਕ ਮੈਂਬਰ ਲਾਸ਼ ਨੂੰ ਉਥੋਂ ਲੈ ਗਏ।
ਨਸ਼ਾ ਕਰਨ ਲਈ ਗਰਾਊਂਡ ਖਾਲੀ ਕਰਵਾਉਣ ਵਾਸਤੇ ਕੀਤਾ ਖਿਡਾਰੀਆਂ 'ਤੇ ਹਮਲਾ
NEXT STORY