ਬਰਨਾਲਾ, (ਵਿਵੇਕ ਸਿੰਧਵਾਨੀ, ਰਵੀ)— ਸਵੱਛ ਭਾਰਤ ਮੁਹਿੰਮ ਦਾ ਅਸਰ ਬਰਨਾਲਾ ਸ਼ਹਿਰ ਤੋਂ ਕੋਹਾਂ ਦੂਰ ਹੈ। ਇਸ ਦੀ ਮਿਸਾਲ ਬਰਨਾਲਾ ਦੇ ਸਾਬਕਾ ਵਿਧਾਇਕ ਮਰਹੂਮ ਮਲਕੀਤ ਸਿੰਘ ਕੀਤੂ ਦੀ ਕੋਠੀ ਦੇ ਅੱਗਿਓਂ ਲੰਘਦੀ ਸੜਕ 'ਤੇ ਸ਼ਰੇਆਮ ਮਿਲਦੀ ਹੈ, ਜਿਥੇ ਸੀਵਰੇਜ ਦਾ ਗੰਦਾ ਪਾਣੀ ਸੜਕਾਂ 'ਤੇ ਆ ਕੇ ਨਹਿਰ ਦਾ ਰੂਪ ਧਾਰਨ ਕਰ ਚੁੱਕਾ ਹੈ। ਨਾਲੀਆਂ ਵੀ ਸੀਵਰੇਜ ਦੇ ਗੰਦੇ ਪਾਣੀ ਨਾਲ ਭਰੀਆਂ ਹੋਈਆਂ ਹਨ ਤੇ ਬੀਮਾਰੀਆਂ ਨੂੰ ਸੱਦਾ ਦੇ ਰਹੀਆਂ ਹਨ, ਜਿਸ ਤੋਂ ਦੁਖੀ ਹੋ ਕੇ ਵਾਰਡ ਨੰਬਰ 11 ਅਤੇ 12 ਦੇ ਵਸਨੀਕਾਂ ਵੱਲੋਂ ਸੜਕ 'ਤੇ ਜਾਮ ਲਾ ਕੇ ਪ੍ਰਸ਼ਾਸਨ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ। ਮੌਕੇ 'ਤੇ ਪਹੁੰਚੇ ਕੌਂਸਲਰ ਵਿਨੋਦ ਚੋਬਰ ਨੇ ਕਿਹਾ ਕਿ ਇਸ ਸਬੰਧੀ ਅਸੀਂ ਨਗਰ ਕੌਂਸਲ ਬਰਨਾਲਾ ਦੇ ਕਾਰਜਸਾਧਕ ਅਫਸਰ ਨੂੰ ਕਈ ਵਾਰ ਮਿਲ ਚੁੱਕੇ ਹਾਂ। ਉਹ ਇਹ ਕਹਿ ਕੇ ਆਪਣਾ ਪੱਲਾ ਝਾੜ ਦਿੰਦੇ ਹਨ ਕਿ ਸੀਵਰੇਜ ਬੋਰਡ ਦਾ ਕੰਮ ਹੈ। ਸੀਵਰੇਜ ਬੋਰਡ ਦੇ ਅਧਿਕਾਰੀ ਇਹ ਕਹਿ ਕੇ ਪਾਸਾ ਵੱਟ ਲੈਂਦੇ ਹਨ ਕਿ ਜਦੋਂ ਸਾਨੂੰ ਨਗਰ ਕੌਂਸਲ ਪੈਸੇ ਜਮ੍ਹਾ ਕਰਵਾ ਦੇਵੇਗਾ ਤਾਂ ਅਸੀਂ ਸੀਵਰੇਜ ਦੀ ਸਫਾਈ ਕਰਵਾ ਦਿਆਂਗੇ। ਇਹ ਸੜਕ ਵਾਰਡ ਨੰਬਰ 11 ਅਤੇ 12 ਦੇ ਵਿਚਕਾਰ ਦੀ ਲੰਘਦੀ ਹੈ। ਗੱਲਬਾਤ ਕਰਦਿਆਂ ਸਾਬਕਾ ਕੌਂਸਲਰ ਜੱਗਾ ਸਿੰਘ, ਮਲਕੀਤ ਸਿੰਘ ਮੀਤਾ ਠੇਕੇਦਾਰ, ਅਮਨਦੀਪ ਸਿੰਘ, ਅਮਰਜੀਤ ਸਿੰਘ, ਪ੍ਰੇਮ ਲਤਾ, ਮਲਕੀਤ ਕੌਰ, ਸੁਨੀਤਾ ਰਾਣੀ ਨੇ ਕਿਹਾ ਕਿ ਸੜਕ 'ਤੇ ਗੰਦਾ ਪਾਣੀ ਜਮ੍ਹਾ ਹੋਣ ਕਾਰਨ ਸੜਕ ਵੀ ਟੁੱਟਣੀ ਸ਼ੁਰੂ ਹੋ ਗਈ ਹੈ। ਬਰਸਾਤੀ ਮੌਸਮ 'ਚ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਇਹ ਗੰਦਾ ਪਾਣੀ ਸਾਡੀਆਂ ਰਸੋਈਆਂ ਤੱਕ ਵੀ ਪਹੁੰਚ ਜਾਂਦਾ ਹੈ, ਜਿਸ ਕਾਰਨ ਸੜਕ ਹਾਦਸਿਆਂ ਦਾ ਖਤਰਾ ਬਣਿਆ ਰਹਿੰਦਾ ਹੈ ਅਤੇ ਸਕੂਲੀ ਵਿਦਿਆਰਥੀ ਵੀ ਪ੍ਰੇਸ਼ਾਨ ਹੁੰਦੇ ਹਨ।
ਇਸ ਮੌਕੇ ਕਾਲਾ ਚੱਕੀ ਵਾਲਾ, ਗੋਗੀ ਚੱਕੀ ਵਾਲਾ, ਮਨਦੀਪ ਸਿੰਘ, ਭੁਪਿੰਦਰ ਸਿੰਘ ਨੋਨੀ, ਸਤਨਾਮ ਸਿੰਘ, ਇੰਦਰਜੀਤ ਕੌਰ, ਬਿਮਲਾ ਦੇਵੀ, ਪਰਮਜੀਤ ਕੌਰ, ਗੁਰਦੇਵ ਕੌਰ ਅਤੇ ਜਸਵਿੰਦਰ ਕੌਰ ਆਦਿ ਨੇ ਵੀ ਰੋਸ ਪ੍ਰਗਟ ਕੀਤਾ।
ਸੀ. ਬੀ. ਐੱਸ. ਈ. ਬੋਰਡ ਦੀ ਪ੍ਰੀਖਿਆ ਸ਼ੁਰੂ, ਦੋਸਤ ਕਿਹੋ ਜਿਹਾ ਹੋਇਆ ਪੇਪਰ
NEXT STORY