ਡੇਰਾਬੱਸੀ, (ਅਨਿਲ)- ਸੋਮਵਾਰ ਸ਼ਾਮ ਨੂੰ ਡੇਰਾਬੱਸੀ ਦੇ ਮੇਨ ਬਾਜ਼ਾਰ 'ਚ ਇਕ ਕਿਤਾਬਾਂ ਦੀ ਦੁਕਾਨ 'ਚੋਂ ਚੋਰੀ ਕਰਦੀ ਇਕ 25 ਸਾਲਾ ਔਰਤ ਸੀ. ਸੀ. ਟੀ. ਵੀ. ਕੈਮਰੇ 'ਚ ਕੈਦ ਹੋ ਗਈ। ਉਸ ਨੇ ਕੁਝ ਮਿੰਟਾਂ ਦੇ ਅੰਦਰ ਹੀ ਇਸ ਦੁਕਾਨ ਤੋਂ ਦੋ ਵਾਰ ਸਾਮਾਨ ਚੋਰੀ ਕੀਤਾ।'ਮੰਗਲ ਸੈਨ ਵੇਦ ਪ੍ਰਕਾਸ਼ ਜੈਨ ਦੁਕਾਨ' ਦੇ ਮਾਲਿਕ ਸ਼ੁਭਮ ਜੈਨ ਨੇ ਦੱਸਿਆ ਕਿ 2 ਅਕਤੂਬਰ ਸ਼ਾਮ ਸਮੇਂ ਉਸ ਦੇ ਪਿਤਾ ਦੁਕਾਨ 'ਤੇ ਬੈਠੇ ਸਨ। ਕੁਝ ਸਮੇਂ ਬਾਅਦ ਜਦੋਂ ਉਹ ਦੁਕਾਨ 'ਤੇ ਆਇਆ ਤਾਂ ਕਾਊਂਟਰ 'ਤੇ ਰੱਖੇ ਦੋ 'ਸਪਿੰਨਰ' ਖਿਡੌਣੇ ਗਾਇਬ ਸਨ। ਪਿਤਾ ਜੀ ਨੇ ਵੀ ਉਹ ਖਿਡੌਣੇ ਨਹੀਂ ਸਨ ਵੇਚੇ। ਦੁਕਾਨ 'ਚ ਲੱਗੇ ਸੀ. ਸੀ. ਟੀ. ਵੀ. ਕੈਮਰੇ ਦੀ ਫੁਟੇਜ ਵੇਖੀ ਤਾਂ ਕਰੀਬ ਸਵਾ 6 ਵਜੇ ਇਕ ਔਰਤ ਕੋਈ ਸਾਮਾਨ ਖਰੀਦਣ ਦੇ ਬਹਾਨੇ ਉਥੋਂ ਸਮਾਨ ਚੋਰੀ ਕਰਨ ਉਪਰੰਤ ਕੁਝ ਹੀ ਮਿੰਟਾਂ ਬਾਅਦ ਮੁੜ ਆਈ ਤੇ ਫਿਰ ਸਾਮਾਨ ਚੋਰੀ ਕਰਨ 'ਚ ਸਫਲ ਰਹੀ।
ਨੇੜਲੇ ਦੁਕਾਨਦਾਰਾਂ ਨੂੰ ਫੁਟੇਜ ਦਿਖਾਈ ਗਈ ਤਾਂ ਉਸ ਦੀ ਪਛਾਣ ਕੋਲਕਾਤਾ ਵਾਸੀ ਸੀਮਾ ਪਤਨੀ ਚੰਦਨ ਵਾਸੀ ਰੌਣੀ ਮੁਹੱਲਾ, ਡੇਰਾਬੱਸੀ ਵਿਖੇ ਕਿਰਾਏਦਾਰ ਵਜੋਂ ਹੋਈ। ਉਹ ਆਪਣੇ ਪਤੀ ਨਾਲ ਕਿਰਾਏ ਦੇ ਮਕਾਨ 'ਚ ਰਹਿੰਦੀ ਹੈ ਤੇ ਪਹਿਲਾਂ ਵੀ ਕਈ ਵਾਰ ਚੋਰੀ ਕਰਦਿਆਂ ਫੜੀ ਜਾ ਚੁੱਕੀ ਹੈ। ਸ਼ੁਭਮ ਨੇ ਦੱਸਿਆ ਕਿ ਉਹ ਆਪਣੇ ਇਕ ਸਾਥੀ ਨਾਲ ਤੁਰੰਤ ਉਸ ਦੇ ਘਰ ਗਿਆ ਤੇ ਚੋਰੀ ਕਰਨ ਬਾਰੇ ਪੁੱਛਿਆ ਤਾਂ ਪਹਿਲਾਂ ਤਾਂ ਉਸ ਨੇ ਸਾਫ ਮਨ੍ਹਾ ਕਰ ਦਿੱਤਾ ਪਰ ਪੁਲਸ ਕੋਲ ਰਿਪੋਰਟ ਦਰਜ ਕਰਵਾਏ ਜਾਣ ਬਾਰੇ ਸੁਣ ਕੇ ਉਹ ਘਬਰਾ ਗਈ। ਪੁਲਸ ਦੇ ਡਰ ਕਾਰਨ ਉਹ ਕੁਝ ਦੇਰ ਬਾਅਦ ਦੁਕਾਨ 'ਤੇ ਆ ਕੇ ਚੋਰੀ ਕੀਤਾ ਸਾਮਾਨ ਵਾਪਿਸ ਕਰ ਗਈ।
ਨਾਜਾਇਜ਼ ਸ਼ਰਾਬ ਸਮੇਤ ਕਾਬੂ
NEXT STORY