ਫਿਰੋਜ਼ਪੁਰ(ਕੁਮਾਰ)—ਫਿਰੋਜ਼ਪੁਰ ਸ਼ਹਿਰ ਦੇ ਪਟਵਾਰੀ ਦਫਤਰ 'ਚੋਂ ਕੁਝ ਦਿਨ ਪਹਿਲਾਂ ਮਾਲ ਵਿਭਾਗ ਦਾ ਮਹੱਤਵਪੂਰਨ ਸਰਕਾਰੀ ਰਿਕਾਰਡ ਚੋਰੀ ਹੋਣ ਦੇ ਬਾਅਦ ਹੁਣ ਅਟਾਰੀ ਬਲਾਕ ਦੇ 6 ਪਿੰਡਾਂ ਦਾ ਰਿਕਾਰਡ ਵੀ ਚੋਰੀ ਹੋ ਗਿਆ ਹੈ। ਬੇਸ਼ੱਕ ਇਹ ਰਿਕਾਰਡ ਮਾਲ ਵਿਭਾਗ ਦੇ ਕੰਪਿਊਟਰਾਂ ਵਿਚ ਵੀ ਸੇਵ ਰੱਖਿਆ ਗਿਆ ਹੈ, ਫਿਰ ਵੀ ਜ਼ਿਲਾ ਫਿਰੋਜ਼ਪੁਰ ਪ੍ਰਸ਼ਾਸਨ ਦੇ ਉੱਚ ਅਧਿਕਾਰੀ ਚੋਰੀ ਦੀਆਂ ਇਨ੍ਹਾਂ ਘਟਨਾਵਾਂ ਨੂੰ ਬੜੀ ਗੰਭੀਰਤਾ ਨਾਲ ਲੈ ਰਹੇ ਹਨ ਅਤੇ ਪੁਲਸ ਵੱਲੋਂ ਬੜੀ ਗੰਭੀਰਤਾ ਨਾਲ ਇਨ੍ਹਾਂ ਘਟਨਾਵਾਂ ਦੀ ਜਾਂਚ ਕੀਤੀ ਜਾ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੁਲਸ ਨੇ ਇਕ ਕਬਾੜੀ ਦੀ ਦੁਕਾਨ 'ਚੋਂ ਫਿਰੋਜ਼ਪੁਰ ਸ਼ਹਿਰ ਦਾ ਅਤੇ ਅਟਾਰੀ ਬਲਾਕ ਦੇ ਪਿੰਡਾਂ ਦੇ ਚੋਰੀ ਹੋਏ ਰਿਕਾਰਡ 'ਚੋਂ ਕੁਝ ਰਿਕਾਰਡ ਬਰਾਮਦ ਕਰ ਲਿਆ ਹੈ। ਦੱਸਿਆ ਜਾਂਦਾ ਹੈ ਕਿ ਚੋਰੀ ਦੀਆਂ ਇਨ੍ਹਾਂ ਘਟਨਾਵਾਂ ਦੇ ਤੁਰੰਤ ਬਾਅਦ ਤਹਿਸੀਲਦਾਰ ਫਿਰੋਜ਼ਪੁਰ ਨੇ ਸਮੂਹ ਕਬਾੜੀਆਂ ਨੂੰ ਬੁਲਾ ਕੇ ਉਨ੍ਹਾਂ ਨੂੰ ਕਿਹਾ ਸੀ ਕਿ ਜੇਕਰ ਕੋਈ ਵਿਅਕਤੀ ਉਨ੍ਹਾਂ ਦੇ ਕੋਲ ਅਜਿਹਾ ਰਿਕਾਰਡ ਵੇਚਣ ਆਉਂਦਾ ਹੈ ਤਾਂ ਉਹ ਅਜਿਹੇ ਵਿਅਕਤੀ ਤੋਂ ਉਸਦੇ ਆਧਾਰ ਕਾਰਡ ਦੀ ਕਾਪੀ ਜ਼ਰੂਰ ਲੈਣ ਅਤੇ ਕਬਾੜੀ ਨੇ ਅਜਿਹਾ ਹੀ ਕੀਤਾ।
ਚੋਰਾਂ ਦੀ ਗ੍ਰਿਫਤਾਰੀ ਲਈ ਛਾਪਾਮਾਰੀ ਜਾਰੀ
ਜਾਣਕਾਰੀ ਅਨੁਸਾਰ ਸਬੰਧਤ ਕਬਾੜੀ ਨੇ ਪੁਲਸ ਨੂੰ ਸਰਕਾਰੀ ਰਿਕਾਰਡ ਵੇਚ ਕੇ ਗਏ ਵਿਅਕਤੀਆਂ ਦੇ ਆਧਾਰ ਦੀ ਕਾਪੀ ਪੁਲਸ ਨੂੰ ਦੇ ਦਿੱਤੀ ਹੈ ਅਤੇ ਪੁਲਸ ਵੱਲੋਂ ਉਨ੍ਹਾਂ ਨੂੰ ਗ੍ਰਿਫਤਾਰ ਕਰਨ ਦੇ ਲਈ ਛਾਪਾਮਾਰੀ ਕੀਤੀ ਜਾ ਰਹੀ ਹੈ। ਪੁਲਸ ਨੇ ਦਾਅਵਾ ਕੀਤਾ ਹੈ ਕਿ ਸਰਕਾਰੀ ਰਿਕਾਰਡ ਚੋਰੀ ਕਰਨ ਵਾਲਿਆਂ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ।
ਨੌਜਵਾਨ ਨੇ ਰੇਲ-ਗੱਡੀ ਹੇਠਾਂ ਆ ਕੇ ਕੀਤੀ ਆਤਮ-ਹੱਤਿਆ
NEXT STORY