ਭਗਤਾ ਭਾਈ (ਜ. ਬ)-ਸ਼ਹਿਰ ਦੇ ਇਤਿਹਾਸਕ ਅਸਥਾਨ ਭੂਤਾਂ ਵਾਲੇ ਖੂਹ ਉਪਰ ਲਾਏ ਹੋਏ ਗੋਲਕ ਉੱਪਰ ਬੀਤੀ ਰਾਤ ਚੋਰਾਂ ਨੇ ਹੱਥ ਸਾਫ ਕਰਦਿਆਂ ਹਜ਼ਾਰਾਂ ਰੁਪਏ ਉਡਾ ਲਏੇ। ਜਾਣਕਾਰੀ ਅਨੁਸਾਰ ਬੀਤੀ ਰਾਤ ਕੁਝ ਅਣਪਛਾਤੇ ਆਦਮੀਆਂ ਨੇ ਬੇਖੌਫ ਹੋ ਕੇ ਇਸ ਘਟਨਾ ਨੂੰ ਅੰਜਾਮ ਦਿੱਤਾ ਅਤੇ ਪਿਛਲੇ ਕਰੀਬ ਇਕ ਮਹੀਨੇ ਦੀ ਇਕੱਤਰ ਹੋਈ ਰਾਸ਼ੀ ਲੁੱਟ ਕੇ ਲੈ ਗਏ। ਇਸ ਚੋਰੀ ਦਾ ਪਤਾ ਅੱਜ ਤੜਕਸਾਰ ਇਸ ਖੂਹ ਦੀ ਸੇਵਾ ਕਰਨ ਆਏ ਸੇਵਾਦਾਰਾਂ ਨੂੰ ਲੱਗਾ, ਜਿਨ੍ਹਾਂ ਨੇ ਇਸ ਦੀ ਸੂਚਨਾ ਖੂਹ ਕਮੇਟੀ ਦੇ ਪ੍ਰਧਾਨ ਅਮਰਜੀਤ ਸਿੰਘ ਨੂੰ ਦਿੱਤੀ। ਜ਼ਿਕਰਯੋਗ ਹੈ ਕਿ ਖੂਹ ਕਮੇਟੀ ਵੱਲੋਂ ਹਰ ਮਹੀਨੇ 4 ਜਾਂ 5 ਤਰੀਕ ਨੂੰ ਗੋਲਕ ਖੋਲ੍ਹਿਆ ਜਾਂਦਾ ਹੈ ਪਰ ਚੋਰਾਂ ਨੇ ਗਿਣੀ-ਮਿੱਥੀ ਸਾਜ਼ਿਸ਼ ਤਹਿਤ ਇਸ ਤੋਂ ਇਕ ਰਾਤ ਪਹਿਲਾਂ ਹੀ ਇਸ ਘਟਨਾ ਨੂੰ ਅੰਜਾਮ ਦੇ ਦਿੱਤਾ। ਮੌਕੇ 'ਤੇ ਹਾਜ਼ਰ ਲੋਕਾਂ ਮੁਤਾਬਕ ਨਵੇਂ ਸਾਲ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਹਾੜੇ ਕਾਰਨ ਇਸ ਵਾਰ ਦਾ ਚੜ੍ਹਾਵਾ ਪਿਛਲੇ ਮਹੀਨਿਆਂ ਤੋਂ ਕਿਤੇ ਜ਼ਿਆਦਾ ਹੋਣ ਦੀ ਉਮੀਦ ਸੀ। ਗੁਰਦੁਆਰਾ ਪਾਤਸ਼ਾਹੀ ਛੇਵੀਂ ਅਤੇ ਦਸਵੀਂ ਦੇ ਬਿਲਕੁਲ ਨਾਲ ਲੱਗਦੇ ਇਤਿਹਾਸਕ ਭੂਤਾਂ ਵਾਲੇ ਖੂਹ ਵਜੋਂ ਜਾਣੇ ਜਾਂਦੇ ਪ੍ਰਾਚੀਨ ਸਥਲ ਦੀ ਵਾਗਡੋਰ ਸ਼ਹਿਰ ਦੀ ਖੂਹ ਕਮੇਟੀ ਦੇ ਹੱਥਾਂ 'ਚ ਹੈ।
ਸ਼ਹਿਰ ਵਿਚ ਲਗਾਤਾਰ ਅਪਰਾਧਿਕ ਘਟਨਾਵਾਂ ਹੋ ਰਹੀਆਂ ਹਨ ਅਤੇ ਲੱਖਾਂ ਰੁਪਏ ਦੀ ਲਾਗਤ ਨਾਲ ਲਾਏ ਗਏ ਕੈਮਰਿਆਂ ਨੂੰ ਠੀਕ ਕਰਵਾਉਣ 'ਚ ਕੋਈ ਦਿਲਚਸਪੀ ਨਹੀਂ ਦਿਖਾਈ। ਮੌਕੇ 'ਤੇ ਹਾਜ਼ਰ ਲੋਕਾਂ ਨੇ ਦੋਸ਼ ਲਾਇਆ ਕਿ ਭਾਵੇਂ ਭੂਤਾਂ ਵਾਲੇ ਖੂਹ ਦੀ ਨਿਗਰਾਨੀ ਲਈ ਵੀ ਨਗਰ ਪੰਚਾਇਤ ਵੱਲੋਂ ਤਿੰਨ ਕੈਮਰੇ ਲਾਏ ਗਏ ਹਨ ਪਰ ਹੈਰਾਨੀ ਦੀ ਗੱਲ ਹੈ ਕਿ ਇਸ ਦੀ ਰਿਕਾਰਡਿੰਗ ਬਾਕਸ 'ਚ ਹਾਰਡ ਡਿਸਕ ਹੀ ਨਹੀਂ ਲਾਈ ਗਈ। ਇਸ ਦਾ ਪਤਾ ਲੱਗਣ ਅਤੇ ਆਪਣੇ ਉੱਪਰ ਕਾਰਵਾਈ ਦੇ ਡਰੋਂ ਇਨ੍ਹਾਂ ਕੈਮਰਿਆਂ ਦੀ ਸਾਂਭ-ਸੰਭਾਲ ਲਈ ਜ਼ਿੰਮੇਵਾਰ ਠੇਕੇਦਾਰ ਵੱਲੋਂ ਕਾਹਲੀ ਨਾਲ ਇਸ ਬਾਕਸ 'ਚ ਹਾਰਡ ਡਿਸਕ ਪਾ ਦਿੱਤੀ ਗਈ।
ਇਸ ਸਬੰਧੀ ਜਦ ਨਗਰ ਪੰਚਾਇਤ ਦੇ ਪ੍ਰਧਾਨ ਰਕੇਸ਼ ਕੁਮਾਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਸ ਬਾਕਸ 'ਚ ਪਹਿਲੀ ਹਾਰਡ ਡਿਸਕ ਪਿਛਲੇ ਸਮੇਂ ਦੌਰਾਨ ਮਚ ਗਈ ਸੀ ਅਤੇ ਅੱਜ ਉਨ੍ਹਾਂ ਨਵੀਂ ਪਵਾ ਦਿੱਤੀ ਹੈ। ਮਚੀ ਹੋਈ ਹਾਰਡ ਡਿਸਕ ਅਤੇ ਪਿਛਲੇ ਸਮੇਂ ਬਿਨਾਂ ਹਾਰਡ ਡਿਸਕ ਤੋਂ ਚੱਲ ਰਹੇ ਰਿਕਾਰਡਿੰਗ ਬਾਕਸ ਬਾਰੇ ਉਨ੍ਹਾਂ ਕੋਈ ਜਵਾਬ ਨਹੀਂ ਦਿੱਤਾ। ਜ਼ਿਕਰਯੋਗ ਹੈ ਕਿ ਸ਼ਹਿਰ ਵਿਚ ਲੱਖਾਂ ਰੁਪਏ ਦੀ ਲਾਗਤ ਨਾਲ ਕੈਮਰੇ ਲਾਏ ਗਏ ਹਨ ਅਤੇ ਕੈਮਰੇ ਲਾਏ ਜਾਣ ਸਮੇਂ ਨਗਰ ਪੰਚਾਇਤ ਵੱਲੋਂ ਇਨ੍ਹਾਂ ਦਾ ਵਧ-ਚੜ੍ਹ ਕੇ ਪ੍ਰਚਾਰ ਕੀਤਾ ਗਿਆ ਸੀ ਪਰ ਯੋਗ ਸਾਂਭ-ਸੰਭਾਲ ਦੀ ਘਾਟ ਕਾਰਨ ਇਹ ਕੈਮਰੇ ਸਿਰਫ ਸਫੈਦ ਹਾਥੀ ਬਣ ਕੇ ਰਹਿ ਗਏ ਹਨ। ਪੁਲਸ ਨੇ ਅਣਪਛਾਤੇ ਵਿਅਕਤੀਆਂ ਵਿਰੁੱਧ ਮੁਕੱਦਮਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਸਜ਼ਾ ਕੱਟ ਚੁੱਕੇ ਨੌਜਵਾਨਾਂ ਦੇ ਖੁਲਾਸੇ, ਜੇਲਾਂ ਦੀ ਖੋਲ੍ਹੀ ਪੋਲ
NEXT STORY