ਲੁਧਿਆਣਾ (ਰਾਜ): ਮਾਮੂਲੀ ਪੈਸਿਆਂ ਦੀ ਖਾਤਰ ਲੋਕ ਕਿਸ ਤਰ੍ਹਾਂ ਆਪਣਿਆਂ ਦਾ ਭਰੋਸਾ ਕਤਲ ਕਰ ਦਿੰਦੇ ਹਨ, ਇਸ ਦੀ ਇਕ ਬੇਹੱਦ ਹੈਰਾਨ ਕਰਨ ਵਾਲੀ ਮਿਸਾਲ ਸਾਹਮਣੇ ਆਈ ਹੈ। ਜਿਸ ਨੌਕਰਾਣੀ ਨੂੰ ਪਰਿਵਾਰ ਨੇ ਆਪਣੇ ਘਰ ਦੀ ਜ਼ਿੰਮੇਵਾਰੀ ਸੌਂਪੀ ਹੋਈ ਸੀ, ਉਸੇ ਨੇ ਪਿੱਠ ਪਿੱਛੇ ਅਜਿਹਾ ਹੱਥ ਮਾਰਿਆ ਕਿ ਪੂਰੇ ਪਰਿਵਾਰ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਘਰ ਵਿਚ ਸਾਫ਼-ਸਫਾਈ ਦਾ ਕੰਮ ਕਰਨ ਵਾਲੀ ਜੋਤੀ ਨਾਂ ਦੀ ਮਹਿਲਾ ਨੇ ਬੜੀ ਹੀ ਚਾਲਾਕੀ ਨਾਲ ਲੱਖਾਂ ਦੇ ਸੋਨੇ ਦੇ ਗਹਿਣਿਆਂ ਅਤੇ ਇਕ ਮਹਿੰਗੇ ਆਈਫੋਨ 'ਤੇ ਹੱਥ ਸਾਫ਼ ਕਰ ਦਿੱਤਾ। ਵਾਰਦਾਤ ਨੂੰ ਅੰਜਾਮ ਦੇ ਕੇ ਮੁਲਜ਼ਮ ਮਹਿਲਾ ਬੜੀ ਹੀ ਚਲਾਕੀ ਨਾਲ ਫਰਾਰ ਹੋ ਗਈ, ਜਿਸ ਦੀ ਭਾਲ ਵਿਚ ਹੁਣ ਥਾਣਾ ਸਲੇਮ ਟਾਬਰੀ ਦੀ ਪੁਲਸ ਛਾਪੇਮਾਰੀ ਕਰ ਰਹੀ ਹੈ।
ਸ਼ਿਕਾਇਤਕਰਤਾ ਅਮਨਿੰਦਰ ਸਿੰਘ ਅਨੁਸਾਰ ਮੁਲਜ਼ਮ ਜੋਤੀ ਰੋਜ਼ਾਨਾ ਵਾਂਗ 17 ਅਪ੍ਰੈਲ ਨੂੰ ਵੀ ਉਨ੍ਹਾਂ ਦੇ ਘਰ ਆਈ ਅਤੇ ਕੰਮ ਖ਼ਤਮ ਕਰਕੇ ਸ਼ਾਮ ਕਰੀਬ ਸੱਤ ਵਜੇ ਚਲੀ ਗਈ। ਪਰਿਵਾਰ ਨੂੰ ਭਿਣਕ ਤੱਕ ਨਹੀਂ ਸੀ ਕਿ ਉਹ ਕੰਮ ਖਤਮ ਕਰਕੇ ਨਹੀਂ, ਸਗੋਂ ਪੂਰੇ ਘਰ ਨੂੰ ਕੰਗਾਲ ਕਰਕੇ ਜਾ ਰਹੀ ਹੈ। ਕੁਝ ਹੀ ਦੇਰ ਬਾਅਦ ਜਦੋਂ ਪਰਿਵਾਰ ਦੀ ਨਜ਼ਰ ਆਪਣੀ ਲਾਡਲੀ ਧੀ ਦੇ ਹੱਥ 'ਤੇ ਪਈ, ਤਾਂ ਸਭ ਦੇ ਹੋਸ਼ ਉੱਡ ਗਏ। ਮਾਸੂਮ ਦੇ ਸੱਜੇ ਹੱਥ ਵਿਚ ਚਮਕਦਾ ਪੰਜ ਗ੍ਰਾਮ ਸੋਨੇ ਦਾ ਕੜਾ ਗਾਇਬ ਸੀ। ਘਰ ਵਿਚ ਹੜਕੰਪ ਮਚ ਗਿਆ ਅਤੇ ਤੁਰੰਤ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਖੰਗਾਲੀ ਗਈ। ਜਿਵੇਂ ਹੀ ਸਕ੍ਰੀਨ 'ਤੇ ਨੌਕਰਾਣੀ ਦੀਆਂ ਸ਼ੱਕੀ ਹਰਕਤਾਂ ਸਾਹਮਣੇ ਆਈਆਂ, ਪਰਿਵਾਰ ਦਾ ਸ਼ੱਕ ਯਕੀਨ ਵਿਚ ਬਦਲ ਗਿਆ।
ਸੀ.ਸੀ.ਟੀ.ਵੀ. ਵਿਚ ਨੌਕਰਾਣੀ ਦੀ ਹਰਕਤ ਦੇਖਣ ਤੋਂ ਬਾਅਦ ਜਦੋਂ ਪਰਿਵਾਰ ਨੇ ਘਰ ਦੇ ਅੰਦਰ ਰੱਖੀਆਂ ਅਲਮਾਰੀਆਂ ਦੀ ਜਾਂਚ ਕੀਤੀ, ਤਾਂ ਪਤਾ ਲੱਗਾ ਕਿ ਸ਼ਾਤਰ ਚੋਰਨੀ ਨੇ ਸਿਰਫ਼ ਬੱਚੀ ਦਾ ਕੜਾ ਹੀ ਨਹੀਂ ਉਤਾਰਿਆ ਸੀ, ਸਗੋਂ ਅਲਮਾਰੀਆਂ ਦੇ ਲਾਕਰ ਤੋੜ ਕੇ ਸੋਨੇ ਦੇ ਗਹਿਣੇ ਵੀ ਚੋਰੀ ਕਰ ਲਏ ਹਨ। ਅਲਮਾਰੀਆਂ ਵਿਚੋਂ ਦੋ ਕੀਮਤੀ ਸੋਨੇ ਦੀਆਂ ਚੈਨਾਂ, ਇਕ ਚਮਕਦਾ ਸੋਨੇ ਦਾ ਸੈੱਟ, ਦੋ ਸੋਨੇ ਦੀਆਂ ਚੂੜੀਆਂ, ਇਕ ਹੋਰ ਸੋਨੇ ਦਾ ਕੜਾ, ਸੋਨੇ ਦੀ ਅੰਗੂਠੀ ਅਤੇ ਮਾਂਗ ਦਾ ਟਿੱਕਾ ਗਾਇਬ ਸੀ। ਇੰਨਾ ਹੀ ਨਹੀਂ, ਉਹ ਕੰਨਾਂ ਵਿਚ ਪਾਉਣ ਵਾਲੇ ਸੋਨੇ ਦੇ ਕਾਂਟਿਆਂ ਦੀ ਜੋੜੀ ਸਮੇਤ ਛੋਟੇ-ਵੱਡੇ ਸੋਨੇ ਦੇ ਟਾਪਸ ਦੇ ਦੋਵੇਂ ਜੋੜੇ ਅਤੇ ਉੱਥੇ ਰੱਖਿਆ ਇਕ ਮਹਿੰਗਾ ਐਪਲ ਆਈਫੋਨ-12 ਪ੍ਰੋ ਵੀ ਆਪਣੇ ਨਾਲ ਲੈ ਗਈ। ਪੁਲਸ ਨੇ ਸ਼ਿਕਾਇਤ ਦੇ ਆਧਾਰ 'ਤੇ ਮਾਮਲਾ ਦਰਜ ਕਰ ਲਿਆ ਹੈ ਅਤੇ ਮੁਲਜ਼ਮ ਮਹਿਲਾ ਦੀ ਭਾਲ ਕੀਤੀ ਜਾ ਰਹੀ ਹੈ।
ਸੁਖਬੀਰ ਬਾਦਲ ਵਲੋਂ 55 ਵਿਧਾਨ ਸਭਾ ਹਲਕਿਆਂ 'ਚ ਹਲਕਾ ਪ੍ਰਧਾਨਾਂ ਦਾ ਐਲਾਨ, ਜਾਰੀ ਹੋਈ ਸੂਚੀ
NEXT STORY