ਲੁਧਿਆਣਾ (ਰਾਜ): ਮਹਾਨਗਰ ਵਿਚ ਬੇਖੌਫ਼ ਘੁੰਮ ਰਹੇ ਸ਼ਾਤਿਰ ਚੋਰਾਂ ਦੇ ਹੌਸਲੇ ਇਸ ਕਦਰ ਬੁਲੰਦ ਹੋ ਚੁੱਕੇ ਹਨ ਕਿ ਹੁਣ ਉਹ ਆਮ ਜਨਤਾ ਤਾਂ ਦੂਰ, ਨਿਆਂ ਦੇ ਰਾਖੇ ਮਾਣਯੋਗ ਜੱਜਾਂ ਦੇ ਘਰਾਂ ਨੂੰ ਵੀ ਨਿਸ਼ਾਨਾ ਬਣਾਉਣ ਤੋਂ ਗੁਰੇਜ਼ ਨਹੀਂ ਕਰ ਰਹੇ। ਲੁਧਿਆਣਾ ਵਿਚ ਤਾਇਨਾਤ ਮਾਣਯੋਗ ਜੱਜ ਅਮਿਤ ਬਖਸ਼ੀ ਦੇ ਸਰਕਾਰੀ ਨਿਵਾਸ ਸਥਾਨ 'ਤੇ ਚੋਰੀ ਹੋਣ ਦਾ ਇਕ ਬਹੁਤ ਹੀ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਵਾਰਦਾਤ ਦੇ ਸਮੇਂ ਜੱਜ ਸਾਹਿਬ ਅਦਾਲਤੀ ਛੁੱਟੀ ਹੋਣ ਕਾਰਨ ਸਟੇਸ਼ਨ ਲੀਵ 'ਤੇ ਗਏ ਹੋਏ ਸਨ। ਜਦੋਂ ਵਾਪਸ ਆ ਕੇ ਦੇਖਿਆ ਤਾਂ ਘਰ ਵਿਚ ਚੋਰੀ ਹੋ ਚੁੱਕੀ ਸੀ। ਥਾਣਾ ਸਰਾਭਾ ਨਗਰ ਦੀ ਪੁਲਸ ਨੇ ਜੱਜ ਸਾਹਿਬ ਦੇ ਗੰਨਮੈਨ ਦੇ ਬਿਆਨਾਂ ਦੇ ਆਧਾਰ 'ਤੇ ਅਣਪਛਾਤੇ ਚੋਰਾਂ ਖ਼ਿਲਾਫ਼ ਕੇਸ ਦਰਜ ਕਰਕੇ ਸਰਗਰਮੀ ਨਾਲ ਭਾਲ ਸ਼ੁਰੂ ਕਰ ਦਿੱਤੀ ਹੈ।
ਪੁਲਸ ਨੂੰ ਦਿੱਤੇ ਆਪਣੇ ਬਿਆਨਾਂ ਵਿਚ ਮੁਦਈ ਗੰਨਮੈਨ ਸਿਕੰਦਰ ਪਾਲ ਨੇ ਦੱਸਿਆ ਕਿ ਉਹ ਮਾਣਯੋਗ ਜੱਜ ਅਮਿਤ ਬਖਸ਼ੀ ਦੇ ਨਾਲ ਬਤੌਰ ਸੁਰੱਖਿਆ ਕਰਮੀ ਤਾਇਨਾਤ ਹੈ। ਬੀਤੀ 27 ਜੂਨ ਨੂੰ ਕੋਰਟ ਦੀ ਛੁੱਟੀ ਹੋਣ ਕਾਰਨ ਜੱਜ ਸਾਹਿਬ ਆਪਣੀ ਸਟੇਸ਼ਨ ਲੀਵ ਲੈ ਕੇ ਸ਼ਹਿਰ ਤੋਂ ਬਾਹਰ ਗਏ ਹੋਏ ਸਨ। ਇਸ ਤੋਂ ਅਗਲੇ ਦਿਨ ਯਾਨੀ 28 ਜੂਨ ਨੂੰ ਜੱਜ ਸਾਹਿਬ ਦਾ ਉਸ ਕੋਲ ਫੋਨ ਆਇਆ ਅਤੇ ਉਨ੍ਹਾਂ ਨੇ ਘਰ ਦਾ ਚੱਕਰ ਲਗਾਉਣ ਲਈ ਕਿਹਾ। ਜਦੋਂ ਸਿਕੰਦਰ ਪਾਲ ਕੋਠੀ 'ਤੇ ਪਹੁੰਚਿਆ ਅਤੇ ਅੰਦਰ ਜਾ ਕੇ ਦੇਖਿਆ ਤਾਂ ਕਮਰਿਆਂ ਦੇ ਤਾਲੇ ਟੁੱਟੇ ਹੋਏ ਸਨ ਅਤੇ ਘਰ ਦਾ ਸਾਰਾ ਕੀਮਤੀ ਸਮਾਨ ਚਾਰੇ ਪਾਸੇ ਖਿੱਲਰਿਆ ਪਿਆ ਸੀ। ਉਸ ਨੇ ਤੁਰੰਤ ਇਸ ਚੋਰੀ ਦੀ ਸੂਚਨਾ ਜੱਜ ਸਾਹਿਬ ਨੂੰ ਦਿੱਤੀ।
ਜਾਂਚ ਦੌਰਾਨ ਸਾਹਮਣੇ ਆਇਆ ਕਿ ਅਣਪਛਾਤੇ ਚੋਰ ਘਰ ਦੇ ਤਾਲੇ ਤੋੜ ਕੇ ਅੰਦਰੋਂ ਤਕਰੀਬਨ 40 ਹਜ਼ਾਰ ਰੁਪਏ ਕੀਮਤ ਦਾ ਸਾਈਕਲ (ਕੀਮਤ ਕਰੀਬ 40,000 ਰੁਪਏ), 10 ਗ੍ਰਾਮ ਵਜ਼ਨੀ ਚਾਂਦੀ ਦਾ ਇਕ ਸਿੱਕਾ ਅਤੇ ਅਲਮਾਰੀ ਵਿਚ ਰੱਖੀ ਕਰੀਬ 2,000 ਰੁਪਏ ਦੀ ਨਕਦੀ ਲੈ ਕੇ ਫ਼ਰਾਰ ਹੋ ਗਏ ਹਨ। ਇਕ ਮਾਣਯੋਗ ਨਿਆਂਇਕ ਅਧਿਕਾਰੀ ਦੇ ਸਰਕਾਰੀ ਨਿਵਾਸ ਸਥਾਨ 'ਤੇ ਹੋਈ ਇਸ ਚੋਰੀ ਤੋਂ ਬਾਅਦ ਲੁਧਿਆਣਾ ਪੁਲਸ ਮਹਿਕਮੇ ਵਿਚ ਹੜਕੰਪ ਮਚ ਗਿਆ ਹੈ। ਸੂਚਨਾ ਮਿਲਦੇ ਹੀ ਸਥਾਨਕ ਪੁਲਸ ਦੇ ਆਲਾ ਅਧਿਕਾਰੀ ਅਤੇ ਸੀ.ਆਈ.ਏ. (CIA) ਸਟਾਫ਼ ਦੀਆਂ ਫੋਰੈਂਸਿਕ ਟੀਮਾਂ ਡੌਗ ਸਕੁਐਡ ਦੇ ਨਾਲ ਮੌਕੇ 'ਤੇ ਪਹੁੰਚੀਆਂ ਅਤੇ ਉਂਗਲਾਂ ਦੇ ਨਿਸ਼ਾਨਾਂ ਦੇ ਨਮੂਨੇ ਲਏ। ਪੁਲਸ ਕੋਠੀ ਦੇ ਆਲੇ-ਦੁਆਲੇ ਦੇ ਵੀ.ਆਈ.ਪੀ. ਰੂਟ 'ਤੇ ਲੱਗੇ ਸਾਰੇ ਸੀ.ਸੀ.ਟੀ.ਵੀ. (CCTV) ਕੈਮਰਿਆਂ ਦੀ ਫੁਟੇਜ ਨੂੰ ਬਾਰੀਕੀ ਨਾਲ ਖੰਗਾਲ ਰਹੀ ਹੈ ਤਾਂ ਜੋ ਜਲਦੀ ਤੋਂ ਜਲਦੀ ਚੋਰਾਂ ਨੂੰ ਕਾਬੂ ਕੀਤਾ ਜਾ ਸਕੇ।
ਤੇਜ਼ ਰਫ਼ਤਾਰ ਆਲਟੋ ਕਾਰ ਨੇ ਢਾਹਿਆ ਕਹਿਰ! ਜ਼ੋਰਦਾਰ ਟੱਕਰ ਮਗਰੋਂ ਬਜ਼ੁਰਗ ਦੀ ਮੌਤ
NEXT STORY