ਬਠਿੰਡਾ, (ਪਰਮਿੰਦਰ)- ਨਗਰ ਨਿਗਮ ਬਠਿੰਡਾ ਵੱਲੋਂ ਹੁਣ ਫਿਰ ਤੋਂ ਸ਼ਹਿਰ 'ਚ ਨਵੇਂ ਡਸਟਬਿਨ ਲਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾਂ ਵੀ ਨਗਰ ਨਿਗਮ ਵੱਲੋਂ 24 ਲੱਖ ਰੁਪਏ ਦੀ ਲਾਗਤ ਨਾਲ ਸ਼ਹਿਰ 'ਚ 180 ਡਸਟਬਿਨ ਲਾਏ ਗਏ ਸਨ, ਜੋ ਕੁਝ ਹੀ ਸਮੇਂ ਵਿਚ ਚੋਰੀ ਹੋ ਗਏ ਜਾਂ ਮੇਨਟੀਨੈਂਸ ਦੀ ਘਾਟ ਕਾਰਨ ਟੁੱਟ ਗਏ। ਹੁਣ ਫਿਰ ਤੋਂ ਸਵੱਛ ਭਾਰਤ ਮੁਹਿੰਮ ਤਹਿਤ ਨਵੇਂ ਡਸਟਬਿਨ ਲਾਏ ਜਾ ਰਹੇ ਹਨ, ਜਿਸ 'ਚ ਗਿੱਲਾ 'ਤੇ ਸੁੱਕਾ ਕੂੜਾ ਵੱਖ-ਵੱਖ ਪਾਉਣ ਲਈ 2 ਚੈਂਬਰ ਬਣਾਏ ਗਏ ਹਨ। ਜਲਦ ਹੀ ਉਕਤ ਡਸਟਬਿਨ ਸ਼ਹਿਰ ਦੇ ਵੱਖ-ਵੱਖ ਹਿੱਸਿਆਂ 'ਚ ਲਾਏ ਜਾਣਗੇ। ਇਹ ਵੀ ਜ਼ਿਕਰਯੋਗ ਹੈ ਕਿ ਨਗਰ ਨਿਗਮ ਵੱਲੋਂ ਚੋਰੀ ਹੋਏ ਡਸਟਬਿਨਾਂ ਦੇ ਸਬੰਧ ਵਿਚ ਪੁਲਸ ਕੋਲ ਕੋਈ ਸ਼ਿਕਾਇਤ ਵੀ ਦਰਜ ਨਹੀਂ ਕਰਵਾਈ ਗਈ, ਜਿਸ ਕਾਰਨ ਚੋਰੀ ਹੋਏ ਡਸਟਬਿਨਾਂ ਦਾ ਕੋਈ ਸੁਰਾਗ ਨਹੀਂ ਮਿਲ ਸਕਿਆ।
ਡਸਟਬਿਨਾਂ 'ਚੋਂ ਬਾਲਟੀਆਂ ਚੋਰੀ ਹੋਣ ਦਾ ਖਤਰਾ
ਸਵੱਛ ਭਾਰਤ ਮੁਹਿੰਮ ਤਹਿਤ ਨਗਰ ਨਿਗਮ ਵੱਲੋਂ ਹੁਣ 235 ਡਸਟਬਿਨ ਸ਼ਹਿਰ ਵਿਚ ਲਾਏ ਜਾਣਗੇ। ਨਗਰ ਨਿਗਮ ਵਿਚ ਉਕਤ ਡਸਟਬਿਨਾਂ ਦੇ ਸੈਂਪਲ ਪਹੁੰਚ ਗਏ ਹਨ। ਲੋਹੇ ਦੇ ਬਣੇ ਇਨ੍ਹਾਂ ਡਸਟਬਿਨਾਂ ਵਿਚ 2 ਪਲਾਸਟਿਕ ਦੀਆਂ ਬਾਲਟੀਆਂ ਰੱਖੀਆਂ ਜਾਣਗੀਆਂ, ਜਿਨ੍ਹਾਂ ਦੀ ਕੀਮਤ 1300 ਰੁਪਏ ਦੇ ਕਰੀਬ ਹੈ। ਇਨ੍ਹਾਂ 'ਚੋਂ ਇਕ ਬਾਲਟੀ 'ਚ ਗਿੱਲਾ ਕਚਰਾ ਅਤੇ ਦੂਜੇ ਵਿਚ ਸੁੱਕਾ ਕਚਰਾ ਪਾਉਣ ਦੀ ਯੋਜਨਾ ਹੈ। ਇਸ ਵਾਰ ਵੀ ਡਸਟਬਿਨ 'ਚ ਰੱਖੀਆਂ ਜਾਣ ਵਾਲੀਆਂ ਬਾਲਟੀਆਂ ਚੋਰੀ ਹੋਣ ਦੇ ਆਸਾਰ ਹਨ। ਪਿਛਲੀ ਵਾਰ ਦੇ ਤਜਰਬੇ ਨੂੰ ਦੇਖਦਿਆਂ ਨਵੇਂ ਲਾਏ ਜਾ ਰਹੇ ਡਸਟਬਿਨਾਂ ਨੂੰ ਚੋਰੀ ਹੋਣ ਤੋਂ ਬਚਾਉਣਾ ਵੀ ਨਗਰ ਨਿਗਮ ਲਈ ਇਕ ਵੱਡੀ ਚੁਣੌਤੀ ਹੈ। ਨਿਗਮ ਅਧਿਕਾਰੀਆਂ ਦਾ ਕਹਿਣਾ ਹੈ ਕਿ ਪਹਿਲਾਂ ਡਸਟਬਿਨ ਸਟੇਨਲੈਸ ਸਟੀਲ ਦੇ ਹੋਣ ਕਾਰਨ ਚੋਰੀ ਹੋਏ ਸਨ ਪਰ ਇਸ ਵਾਰ ਇਸ ਦਾ ਧਿਆਨ ਰੱਖਿਆ ਗਿਆ ਹੈ।
ਲਾਵਾਰਿਸ ਪਸ਼ੂਆਂ ਨੇ ਵੀ ਤੋੜੇ ਡਸਟਬਿਨ
ਪਹਿਲਾਂ ਲਾਏ ਸਟੇਨਲੈਸ ਸਟੀਲ ਦੇ ਡਸਟਬਿਨਾਂ ਨੂੰ ਲਾਵਾਰਿਸ ਪਸ਼ੂਆਂ ਨੇ ਵੀ ਜੰਮ ਕੇ ਨੁਕਸਾਨ ਪਹੁੰਚਾਇਆ। ਉਕਤ ਡਸਟਬਿਨਾਂ ਵਿਚ ਜਿਵੇਂ ਹੀ ਕਚਰਾ ਸੁੱਟਿਆ ਜਾਣ ਲੱਗਾ ਤਾਂ ਲਾਵਾਰਿਸ ਪਸ਼ੂ ਇਨ੍ਹਾਂ ਵੱਲ ਆਕਰਸ਼ਿਤ ਹੋ ਗਏ। ਪਸ਼ੂਆਂ ਨੇ ਇਨ੍ਹਾਂ ਡਸਟਬਿਨਾਂ 'ਚੋਂ ਕੂੜਾ ਕੱਢਣ ਦੀ ਕੋਸ਼ਿਸ਼ ਕੀਤੀ ਤਾਂ ਜ਼ਿਆਦਾਤਰ ਡਸਟਬਿਨ ਟੁੱਟ ਗਏ। ਇਹ ਡਸਟਬਿਨ ਜ਼ਿਆਦਾ ਮਜ਼ਬੂਤ ਨਹੀਂ ਸਨ। ਪਸ਼ੂਆਂ ਨੇ ਜ਼ਿਆਦਾਤਰ ਡਸਟਬਿਨਾਂ ਨੂੰ ਆਸਾਨੀ ਨਾਲ ਤੋੜ ਦਿੱਤਾ। ਟੁੱਟ ਕੇ ਡਿੱਗੇ ਇਨ੍ਹਾਂ ਡਸਟਬਿਨਾਂ ਨੂੰ ਨਿਗਮ ਵੱਲੋਂ ਸੰਭਾਲਿਆ ਨਹੀਂ ਗਿਆ, ਜਿਸ ਕਾਰਨ ਇਹ ਚੋਰੀ ਹੋ ਗਏ। ਇਸ ਤੋਂ ਇਲਾਵਾ ਇਹ ਡਸਟਬਿਨ ਅਜਿਹੀਆਂ ਥਾਵਾਂ 'ਤੇ ਲਾਏ ਗਏ, ਜਿਥੇ ਲੋਕਾਂ ਦਾ ਸਿੱਧਾ ਧਿਆਨ ਨਹੀਂ ਜਾਂਦਾ ਸੀ। ਇਸ ਕਾਰਨ ਵੀ ਇਨ੍ਹਾਂ ਦਾ ਨੁਕਸਾਨ ਹੋਇਆ।
ਵਿਦਿਆਰਥਣ ਵੱਲੋਂ ਖੁਦਕੁਸ਼ੀ ਕਾਰਨ ਪ੍ਰਿੰਸੀਪਲ ਸਣੇ 3 'ਤੇ ਕੇਸ ਦਰਜ
NEXT STORY