ਜਗਰਾਓਂ, (ਜਸਬੀਰ ਸ਼ੇਤਰਾ)– ਮਿਆਦ ਪੁਗਾ ਚੁੱਕੀਆਂ ਤੇ ਘਟੀਆ ਵਸਤਾਂ ਦੀ ਵਿਕਰੀ ਇਲਾਕੇ ਭਰ 'ਚ ਧੜੱਲੇ ਨਾਲ ਜਾਰੀ ਹੈ। ਵਿਦੇਸ਼ੀ ਕੰਪਨੀ ਦੇ ਮਹਿੰਗੇ ਭਾਅ ਦੇ ਦੋ ਸਾਲ ਪੁਰਾਣੇ ਬਿਸਕੁੱਟ ਵੇਚਣ ਨੂੰ ਲੈ ਕੇ ਹੰਗਾਮਾ ਖੜ੍ਹਾ ਹੋਣ ਨਾਲ ਇਹ ਮਾਮਲਾ ਰੌਸ਼ਨੀ 'ਚ ਵਧੇਰੇ ਉਜਾਗਰ ਹੋ ਗਿਆ ਹੈ। ਸਿਹਤ ਵਿਭਾਗ ਸਮੇਂ-ਸਮੇਂ 'ਤੇ ਘਟੀਆ ਤੇ ਮਿਆਦ ਪੁਗਾ ਚੁੱਕੀਆਂ ਵਸਤਾਂ ਖ਼ਿਲਾਫ਼ ਮੁਹਿੰਮ ਵਿੱਢਦਾ ਰਹਿੰਦਾ ਹੈ ਪਰ ਇਸ ਦੇ ਬਾਵਜੂਦ ਬਿਨਾਂ ਡਰ ਤੋਂ ਅਜਿਹੀਆਂ ਵਸਤਾਂ ਦੀ ਵਿਕਰੀ ਤੋਂ ਮੁਹਿੰਮ ਖਾਨਾਪੂਰਤੀ ਜਾਪਣ ਲੱਗੀ ਹੈ।
ਸਚਿਨ ਕੁਮਾਰ ਤੇ ਰੋਹਿਤ ਗੋਇਲ ਨੇ ਜਕਾਰਤਾ (ਇੰਡੋਨੇਸ਼ੀਆ) ਦੇ ਬਣੇ ਹੋਏ ਬਿਸਕੁੱਟਾਂ ਦਾ ਡੱਬਾ ਦਿਖਾਉਂਦੇ ਹੋਏ ਦੱਸਿਆ ਕਿ ਉਨ੍ਹਾਂ ਬੀਤੇ ਕੱਲ ਸ਼ਹਿਰ ਵਿਚਲੀ ਇਕ ਪ੍ਰਸਿੱਧ ਤੇ ਵੱਡੀ ਬੇਕਰੀ ਦੀ ਦੁਕਾਨ ਤੋਂ ਇਹ ਖਰੀਦਿਆ ਸੀ। ਸਚਿਨ ਕੁਮਾਰ ਡੱਬਾ ਜਦੋਂ ਘਰ ਲਿਆਇਆ ਤਾਂ ਉਸ ਦੇ ਹੇਠਾਂ ਬਣਨ ਦਾ ਸਾਲ 2015 ਸੀ, ਜਦਕਿ ਹੇਠਾਂ ਮਿਆਦ ਵਾਲਾ ਮਹੀਨਾ ਤੇ ਸਾਲ ਖੁਰਚ ਕੇ ਮਿਟਾਏ ਹੋਏ ਸਨ ਪਰ ਉਪਰ ਇਕ ਥਾਂ ਬਣਨ ਤੋਂ 12 ਮਹੀਨਿਆਂ ਦੇ ਅੰਦਰ ਵਰਤਣ ਦੀ ਹਦਾਇਤ ਨੂੰ ਮਿਟਾਉਣਾ ਦੁਕਾਨਦਾਰ ਭੁੱਲ ਗਿਆ। ਇਸ ਤੋਂ ਸਾਫ ਹੋਇਆ ਕਿ ਬਿਸਕੁੱਟ ਇਕ ਸਾਲ ਪਹਿਲਾਂ ਹੀ ਖਰਾਬ ਹੋ ਕੇ ਖਾਣਯੋਗ ਨਹੀਂ ਰਹੇ ਹਨ। ਇਹ ਪਰਿਵਾਰ ਜਦੋਂ ਸ਼ਿਕਾਇਤ ਲੈ ਕੇ ਦੁਕਾਨਦਾਰ ਕੋਲ ਗਿਆ ਤਾਂ ਉਨ੍ਹਾਂ ਗਲਤੀ ਮੰਨਣ ਦੀ ਥਾਂ ਕਿਹਾ ਕਿ ਕੰਪਨੀ ਵੱਲੋਂ ਹੀ ਇਹ ਮਾਲ ਆਇਆ ਹੈ। ਹੰਗਾਮਾ ਵਧਦਾ ਦੇਖ ਦੁਕਾਨਦਾਰ ਨੇ ਬਦਲੇ 'ਚ ਹੋਰ ਸਾਮਾਨ ਲੈਣ ਦੀ ਪੇਸ਼ਕਸ਼ ਕੀਤੀ। ਬਾਅਦ 'ਚ ਰੋਹਿਤ ਗੋਇਲ ਨੇ ਇਕ ਨੌਜਵਾਨ ਨੂੰ ਭੇਜ ਕੇ ਉਸੇ ਕਿਸਮ ਦਾ ਹੋਰ ਡੱਬਾ ਮੰਗਵਾਇਆ ਜੋ ਦੇਸ਼ ਵਿਚਲੀ ਕੰਪਨੀ ਦਾ ਦਿੱਤਾ ਗਿਆ। ਇਸ 450 ਰੁਪਏ ਦੇ ਡੱਬੇ ਦਾ ਬਕਾਇਦਾ ਬਿੱਲ ਵੀ ਲਿਆ ਗਿਆ। ਹੈਰਾਨੀ ਦੀ ਗੱਲ ਇਹ ਸੀ ਕਿ ਇਸ ਦੀ ਮਿਆਦ ਵੀ ਪਹਿਲੀ ਅਗਸਤ ਨੂੰ ਲੰਘ ਚੁੱਕੀ ਸੀ। ਉਨ੍ਹਾਂ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਦੇ ਉਕਤ ਦੁਕਾਨਦਾਰ ਸਮੇਤ ਅਣਗਹਿਲੀ ਵਰਤਣ ਵਾਲੇ ਹੋਰਨਾਂ ਦੁਕਾਨਦਾਰਾਂ ਖ਼ਿਲਾਫ਼ ਬਣਦੀ ਕਾਰਵਾਈ ਦੀ ਮੰਗ ਕੀਤੀ। ਦੁਕਾਨਦਾਰ ਨੇ ਸੰਪਰਕ ਕਰਨ 'ਤੇ ਕਿਹਾ ਕਿ ਮਿਆਦ ਲੰਘੇ ਬਿਸਕੁੱਟਾਂ ਵਾਲਾ ਗਲਤੀ ਨਾਲ ਇਕ ਡੱਬਾ ਪਿਆ ਰਹਿ ਗਿਆ ਸੀ, ਜੋ ਗਾਹਕ ਨੇ ਜ਼ਿੱਦ ਕਰ ਕੇ ਲਿਆ। ਸਿਵਲ ਹਸਪਤਾਲ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਸੁਖਜੀਵਨ ਕੱਕੜ ਨੇ ਕਿਹਾ ਕਿ ਲਿਖਤ ਸ਼ਿਕਾਇਤ ਮਿਲਣ 'ਤੇ ਉਹ ਫੂਡ ਇੰਸਪੈਕਟਰ ਨੂੰ ਕਾਰਵਾਈ ਲਈ ਭੇਜਣਗੇ। ਉਨ੍ਹਾਂ ਦੁਕਾਨਦਾਰਾਂ ਨੂੰ ਘਟੀਆ ਤੇ ਮਿਆਦ ਪੁਗਾ ਚੁੱਕੀਆਂ ਵਸਤਾਂ ਵੇਚਣ ਤੋਂ ਵਰਜਿਆ। ਵੇਰਵਿਆਂ ਅਨੁਸਾਰ ਕਈ ਥਾਵਾਂ 'ਤੇ ਘਟੀਆ ਤੇ ਮਿਆਦ ਪੁਗਾ ਚੁੱਕੀਆਂ ਵਸਤਾਂ ਦੀ ਵਿਕਰੀ ਹੋ ਰਹੀ ਹੈ।
ਸਫਾਈ ਕਰਮਚਾਰੀਆਂ ਵੱਲੋਂ ਨਗਰ ਨਿਗਮ ਦਾ ਗੇਟ ਬੰਦ ਕਰ ਕੇ ਕੀਤਾ ਗਿਆ ਰੋਸ ਪ੍ਰਦਰਸ਼ਨ
NEXT STORY