ਲੁਧਿਆਣਾ, (ਪਾਲੀ)- ਮਿਊਂਸੀਪਲ ਕਰਮਚਾਰੀ ਦਲ ਦੇ ਚੇਅਰਮੈਨ ਵਿਜੇ ਦਾਨਵ ਅਤੇ ਵਾਲਮੀਕਿ ਸਮਾਜ ਬਚਾਓ ਅੰਦੋਲਨ ਦੀ ਅਗਵਾਈ ਹੇਠ ਏ ਟੂ ਜ਼ੈੱਡ ਕੰਪਨੀ ਖਿਲਾਫ਼ ਅਤੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਨੂੰ ਲੈ ਕੇ ਸਥਾਨਕ ਨਗਰ ਨਿਗਮ ਜ਼ੋਨ ਏ ਦਾ ਗੇਟ ਬੰਦ ਕਰ ਕੇ ਗੇਟ ਰੈਲੀ ਕਰ ਕੇ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ ਗਈ।
ਇਸ ਮੌਕੇ ਮਿਊਂਸੀਪਲ ਕਰਮਚਾਰੀ ਦਲ ਦੇ ਵਾਈਸ ਚੇਅਰਮੈਨ ਚੌਧਰੀ ਯਸ਼ਪਾਲ ਅਤੇ ਵਾਲਮੀਕਿ ਸਮਾਜ ਬਚਾਓ ਅੰਦੋਲਨ ਦੇ ਪ੍ਰਧਾਨ ਓਮਪਾਲ ਚਨਾਲੀਆ ਵਿਸ਼ੇਸ਼ ਤੌਰ 'ਤੇ ਮੌਜੂਦ ਸਨ। ਸਫ਼ਾਈ ਕਰਮਚਾਰੀਆਂ ਵੱਲੋਂ ਆਪਣੀਆਂ ਸਬੰਧੀ ਨੂੰ ਲੈ ਕੇ ਸਵੇਰ ਤੋਂ ਨਗਰ ਨਿਗਮ ਦਾ ਗੇਟ ਬੰਦ ਕਰ ਦਿੱਤਾ ਗਿਆ, ਜਿਸ ਨਾਲ ਕਿ ਸੁੱਤੇ ਪਏ ਨਿਗਮ ਪ੍ਰਸ਼ਾਸਨ ਨੂੰ ਜਗਾਇਆ ਜਾ ਸਕੇ ਪਰ ਸਫ਼ਾਈ ਕਰਮਚਾਰੀਆਂ ਦੇ ਇਸ ਅੰਦੋਲਨ ਦਾ ਨਿਗਮ ਪ੍ਰਸ਼ਾਸਨ 'ਤੇ ਕੋਈ ਅਸਰ ਪੈਂਦਾ ਨਜ਼ਰ ਨਹੀਂ ਆਇਆ।
ਇਸ ਪ੍ਰਦਰਸ਼ਨ ਨਾਲ ਨਿਗਮ 'ਚ ਆਉਣ ਵਾਲੇ ਅਧਿਕਾਰੀ ਅੰਦਰ ਨਾ ਜਾ ਸਕੇ ਜਿਸ ਕਾਰਨ ਉਨ੍ਹਾਂ ਵਿਚ ਕਾਫ਼ੀ ਰੋਸ ਵੀ ਪਾਇਆ ਗਿਆ।
ਇਸ ਸਮੇਂ ਚੌਧਰੀ ਯਸ਼ਪਾਲ ਨਾਲ ਕਿਹਾ ਕਿ ਮੌਜੂਦਾ ਸਰਕਾਰ ਮੁਲਾਜ਼ਮਾਂ ਦੀਆਂ ਮੰਗਾਂ ਨਾ ਮੰਨ ਕੇ ਮੁਲਾਜ਼ਮਾਂ ਦੇ ਹਿੱਤਾਂ ਨਾਲ ਖਿਲਵਾੜ ਕਰ ਰਹੀ ਹੈ। ਉਨ੍ਹਾਂ ਸਮੂਹ ਮੁਲਾਜ਼ਮ ਜਥੇਬੰਦੀਆਂ ਨੂੰ ਅਪੀਲ ਕੀਤੀ ਜਿਹੜੀਆਂ ਮੁਲਾਜ਼ਮਾਂ ਦੇ ਨਾਂ 'ਤੇ ਰਾਜਨੀਤੀ ਕਰਦੀਆਂ ਹਨ। ਉਹ ਸਾਰੀਆਂ ਜਥੇਬੰਦੀਆਂ ਮੁਲਾਜ਼ਮਾਂ ਨਾਲ ਹੋ ਰਹੇ ਇਸ ਧੱਕੇ ਸਬੰਧੀ ਧਰਨੇ ਵਿਚ ਆ ਕੇ ਮੁਲਾਜ਼ਮਾਂ ਦਾ ਸਾਥ ਦੇਣ।
ਆਪਣੇ ਸੰਬੋਧਨ ਵਿਚ ਵਿਜੇ ਦਾਨਵ ਨੇ ਕਿਹਾ ਕਿ ਮੌਜੂਦਾ ਕਾਂਗਰਸ ਪਾਰਟੀ ਦੀ ਸਰਕਾਰ ਮੁਲਾਜ਼ਮਾਂ ਨਾਲ ਸ਼ੇਰਆਮ ਧੱਕਾ ਕਰ ਰਹੀ ਹੈ। ਉਨ੍ਹਾਂ ਕਿਹਾ ਕੈਪਟਨ ਸਰਕਾਰ ਨੌਕਰੀਆਂ ਦੇਣ ਦੀ ਥਾਂ ਨੌਕਰੀਆਂ ਖੋਹਣ ਵਾਲੀ ਸਰਕਾਰ ਬਣ ਕੇ ਰਹਿ ਗਈ, ਕਿਉਂਕਿ 2011 ਵਿਚ ਪਿਛਲੀ ਅਕਾਲੀ-ਭਾਜਪਾ ਸਰਕਾਰ ਵਿਚ ਏ ਟੂ ਜ਼ੈੱਡ ਕੰਪਨੀ ਨਾਲ ਉਨ੍ਹਾਂ ਦਾ ਲਿਖਤੀ ਸਮਝੌਤਾ ਨਿਗਮ ਪ੍ਰਸ਼ਾਸਨ ਦੀ ਮੌਜੂਦਗੀ 'ਚ ਹੋਇਆ, ਜਿਸ 'ਚ ਤੈਅ ਇਹ ਹੋਇਆ ਸੀ ਕਿ ਇਹ ਕੰਪਨੀ ਸਿਰਫ਼ ਸ਼ਹਿਰ ਦੇ ਮੇਨ ਪੁਆਇੰਟਾਂ ਤੋਂ ਹੀ ਕੂੜਾ ਚੁੱਕੇਗੀ ਤੇ ਡੂਰ ਟੂ ਡੋਰ ਕੂੜਾ ਚੁੱਕਣ ਦਾ ਕੰਮ ਸਿਰਫ਼ ਤੇ ਸਿਰਫ਼ ਵਾਲਮੀਕਿ ਸਮਾਜ ਦੇ ਲੋਕਾਂ ਵੱਲੋਂ ਕੀਤਾ ਜਾਵੇਗਾ ਪਰ ਮੌਜੂਦਾ ਕਾਂਗਰਸ ਸਰਕਾਰ ਵਿਚ ਵਾਲਮੀਕਿ ਸਮਾਜ ਦੇ ਰੁਜ਼ਗਾਰ ਤੇ ਹੱਕਾਂ 'ਤੇ ਡਾਕਾ ਮਾਰਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਭ ਕੁਝ ਲਿਖਤੀ ਰੂਪ ਵਿਚ ਹੋਣ ਦੇ ਬਾਵਜੂਦ ਵੀ ਮੌਜੂਦਾ ਸਰਕਾਰ ਤੇ ਨਿਗਮ ਪ੍ਰਸ਼ਾਸਨ ਆਪਣੇ ਸਮਝੌਤੇ ਤੋਂ ਭੱਜ ਰਹੇ ਹਨ।
ਉਨ੍ਹਾਂ ਕਿਹਾ ਕਿ ਪਿਛਲੀ ਅਕਾਲੀ-ਭਾਜਪਾ ਸਰਕਾਰ ਵਲੋਂ 27000 ਮੁਲਾਜ਼ਮਾਂ ਨੂੰ ਪੱਕਾ ਕਰਨ ਦਾ ਜੋ ਫ਼ੈਸਲਾ ਕੈਬਨਿਟ, ਵਿਧਾਨ ਸਭਾ, ਇਥੋਂ ਤੱਕ ਪੰਜਾਬ ਦੇ ਰਾਜਪਾਲ ਵੱਲੋਂ ਆਪਣੇ ਦਸਤਖ਼ਤ ਨਾਲ ਪਾਸ ਕੀਤਾ ਗਿਆ ਸੀ ਉਸ ਫ਼ੈਸਲੇ ਨੂੰ ਮੌਜੂਦਾ ਕਾਂਗਰਸ ਪਾਰਟੀ ਦੀ ਸਰਕਾਰ ਵੱਲੋਂ ਜਾਣ-ਬੁੱਝ ਕੇ ਪਾਸ ਨਹੀਂ ਕੀਤਾ ਜਾ ਰਿਹਾ ਹੈ। ਇਸ ਦੌਰਾਨ ਵਿਜੇ ਦਾਨਵ ਨੇ ਸਖ਼ਤ ਸ਼ਬਦਾਂ ਵਿਚ ਕਿਹਾ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਉਨ੍ਹਾਂ ਵੱਲੋਂ ਹੋਰ ਵੱਡੇ ਪੱਧਰ 'ਤੇ ਸੰਘਰਸ਼ ਨੂੰ ਤੇਜ਼ ਕੀਤਾ ਜਾਵੇਗਾ, ਜਿਸ ਦੀ ਜ਼ਿੰਮੇਵਾਰੀ ਨਿਗਮ ਪ੍ਰਸ਼ਾਸਨ ਦੀ ਹੋਵੇਗੀ।
ਉਨ੍ਹਾਂ ਦੱਸਿਆ ਕਿ ਬੁੱਧਵਾਰ ਨੂੰ ਮਿਊਂਸੀਪਲ ਕਰਮਚਾਰੀ ਦਲ ਦਾ ਇਕ ਵਫ਼ਦ ਕੇਂਦਰੀ ਮੰਤਰੀ ਵਿਜੇ ਸਾਂਪਲਾ ਦੀ ਅਗਵਾਈ ਵਿਚ ਕੌਮੀ ਐੱਸ. ਸੀ. ਕਮਿਸ਼ਨ ਤੇ ਸਫ਼ਾਈ ਕਰਮਚਾਰੀ ਕਮਿਸ਼ਨ ਨੂੰ ਮਿਲ ਕੇ ਮੌਜੂਦਾ ਸਰਕਾਰ ਵੱਲੋਂ ਮੁਲਾਜ਼ਮਾਂ ਨਾਲ ਕੀਤੇ ਜਾ ਰਹੇ ਧੱਕੇ 'ਤੇ ਹੋ ਰਹੇ ਸ਼ੋਸ਼ਣ ਦੇ ਸਬੰਧ ਵਿਚ ਦੋਸ਼ੀ ਅਫ਼ਸਰਾਂ ਤੇ ਅਧਿਕਾਰੀਆਂ ਨੂੰ ਦਿੱਲੀ ਤਲਬ ਕਰਵਾਉਣਗੇ।
ਇਸ ਮੌਕੇ ਮਹਿਕ ਸਿੰਘ ਚੌਹਾਨ, ਸੁਧੀਰ ਡਾਬਾ, ਟੋਨੀ ਗਹਿਲੋਤ, ਸ਼ਾਮ ਲਾਲ, ਪ੍ਰਮੋਦ, ਮਾਸਟਰ ਸੁਰੇਸ਼, ਸੁਭਾਸ਼ ਕਾਲਾ, ਸੰਜੇ ਚਨਾਲਿਆ, ਸਚਿਨ ਚਾਵਰੀਆ, ਰਾਜਵੀਰ ਸੋਦੇ, ਰਿੰਕੂ ਚਨਾਲੀਆ, ਰਾਮ ਪ੍ਰਸਾਦ, ਜਸਵੀਰ ਮਰਾਠਾ, ਜਸਵੀਰ ਕੁਮਾਰ, ਕਪਿਲ ਕੁਮਾਰ, ਦੀਪਕ ਕੁਮਾਰ, ਬੀ. ਕੇ. ਟਾਂਕ, ਵਿਪਨ ਕਲਿਆਣ, ਬਾਬੂ ਰਾਮ ਚੰਡਾਲ, ਓ. ਪੀ. ਸਿੱਧੂ, ਆਈ. ਐੱਸ. ਭਾਰਤੀ, ਅਕਸ਼ੇ ਰਾਜ, ਲੱਕੀ ਨਾਹਰ, ਪੱਪਾ ਬੱਤਰਾ, ਮਦਨ ਧਾਰੀਵਾਲ ਤੋਂ ਇਲਾਵਾ ਵੱਡੀ ਗਿਣਤੀ 'ਚ ਆਗੂ ਹਾਜ਼ਰ ਸਨ।
ਹੈਰੋਇਨ ਸਣੇ ਕਾਬੂ
NEXT STORY