ਕੁਰਾਲੀ, (ਬਠਲਾ)- ਰਾਜ ਭਰ ਵਿਚ 'ਚਿੱਟਾ' ਤੇ ਹੋਰ ਨਸ਼ਿਆਂ ਨੂੰ ਲੈ ਕੇ ਰਾਜਨੀਤੀ ਗਰਮਾਈ ਹੋਈ ਹੈ, ਉਥੇ ਹੀ ਆਮ ਲੋਕਾਂ ਵਲੋਂ ਸੋਸ਼ਲ ਮੀਡੀਆ ਦੇ ਸਹਿਯੋਗ ਨਾਲ ਵਿੱਢੀ ਜਾਗਰੂਕਤਾ ਮੁਹਿੰਮ ਤੇ ਨਸ਼ਿਆਂ ਦੇ ਵਿਰੋਧ ਵਿਚ ਮਨਾਏ ਜਾ ਰਹੇ 'ਕਾਲੇ ਹਫ਼ਤੇ' ਨੂੰ ਦਿਨ ਪ੍ਰਤੀ ਦਿਨ ਬੂਰ ਪੈਂਦਾ ਨਜ਼ਰ ਆ ਰਿਹਾ ਹੈ ਤੇ ਆਮ ਲੋਕ ਹੁਣ ਲੁਕ-ਛਿਪ ਕੇ 'ਚਿੱਟਾ' ਪੀਣ ਵਾਲਿਆਂ ਨੂੰ ਰੰਗੇ ਹੱਥੀਂ ਫ਼ੜਨ ਮਗਰੋਂ ਉਨ੍ਹਾਂ ਦੀ 'ਸੇਵਾ' ਕਰਕੇ ਉਨ੍ਹਾਂ ਨੂੰ ਪੁਲਸ ਹਵਾਲੇ ਕਰ ਰਹੇ ਹਨ।
ਬੀਤੇ ਕੱਲ ਕੁਰਾਲੀ-ਸਿਸਵਾਂ ਮਾਰਗ 'ਤੇ ਪੈਂਦੇ ਪਿੰਡ ਫ਼ਤਿਹਗੜ੍ਹ ਤੇ ਦੁਸਾਰਨਾ ਨੇੜੇ ਪੈਂਦੀ ਨਦੀ ਦੇ ਕੰਢੇ 'ਤੇ ਸੁੰਨਸਾਨ ਥਾਂ 'ਤੇ ਦੋ ਅੱਧਖੜ੍ਹ ਵਿਅਕਤੀਆਂ ਦੇ 'ਚਿੱਟਾ' ਪੀਣ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਅੱਜ ਸਾਰਾ ਦਿਨ ਚਰਚਾ ਦਾ ਵਿਸ਼ਾ ਬਣੀ ਰਹੀ। ਇਸ ਵੀਡੀਓ ਵਿਚ ਇਲਾਕੇ ਦੇ ਕੁਝ ਜਾਗਰੂਕ ਤੇ ਸਮਾਜ ਸੇਵੀ ਨੌਜਵਾਨਾਂ ਵਲੋਂ ਬੱਗੀ ਦਾੜ੍ਹੀ ਵਾਲੇ ਦੋ ਬਜ਼ਰੁਗਾਂ ਨੂੰ ਮੌਕੇ 'ਤੇ ਕਾਬੂ ਕਰਨ ਮਗਰੋਂ ਕੁਰਾਲੀ ਪੁਲਸ ਦੇ ਹਵਾਲੇ ਕੀਤਾ ਜਾਂਦਾ ਵਿਖਾਇਆ ਗਿਆ ਹੈ।
ਲੋਕਾਂ ਨੇ 'ਚਿੱਟਾ' ਪੀਣ ਦੀ ਵੀਡੀਓ ਸ਼ੋਸ਼ਲ ਮੀਡੀਆ ਰਹੀ ਜ਼ਿਲੇ ਦੇ ਸੀਨੀਅਰ ਅਫ਼ਸਰਾਂ ਨੂੰ ਵੀ ਭੇਜ ਦਿੱਤੀ। ਇਲਾਕੇ ਦੇ ਪਿੰਡਾਂ ਦੇ ਨੌਜਵਾਨਾਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਇਹ ਦੋਵੇਂ ਵਿਅਕਤੀ ਦਲਜੀਤ ਸਿੰਘ ਤੇ ਬਹਾਦਰ ਸਿੰਘ ਹਨ ਅਤੇ ਕੁਰਾਲੀ ਦੇ ਕਿਸੇ ਗੁਰਦੇਵ ਚੌਧਰੀ ਤੋਂ 'ਚਿੱਟਾ' ਲੈ ਕੇ ਸੁੰਨਸਾਨ ਥਾਂ 'ਤੇ ਨਸ਼ਾ ਕਰ ਰਹੇ ਸਨ ਕਿ ਇਲਾਕੇ ਦੇ ਨੌਜਵਾਨਾਂ ਨੇ ਇਨ੍ਹਾਂ ਨੂੰ ਵੇਖ ਲਿਆ।
ਮੌਕੇ 'ਤੇ ਇਨ੍ਹਾਂ ਕੋਲੋਂ 'ਚਿੱਟਾ' ਬਰਾਮਦ ਕਰਨ ਅਤੇ ਇਨ੍ਹਾਂ ਵਲੋਂ ਇਹ ਨਸ਼ਾ ਕਰਨ ਦੀ ਗੱਲ ਕਬੂਲਣ ਮਗਰੋਂ ਇਕੱਠੇ ਹੋਏ ਇਲਾਕੇ ਦੇ ਲੋਕਾਂ ਵਲੋਂ ਇਨ੍ਹਾਂ ਦੋਵਾਂ ਦੀ 'ਸੇਵਾ' ਕਰਨ ਮਗਰੋਂ ਇਨ੍ਹਾਂ ਨੂੰ ਪੁਲਸ ਦੇ ਹਵਾਲੇ ਕਰ ਦਿੱਤਾ ਗਿਆ। ਵੀਡੀਓ ਕਲਿੱਪਾਂ ਵਿਚ ਇਨ੍ਹਾਂ ਵਿਚੋਂ ਇਕ ਵਿਅਕਤੀ ਦੱਸਦਾ ਹੈ ਕਿ ਉਸ ਨੇ ਇਹ 'ਚਿੱਟਾ' ਰੂਪੀ ਨਸ਼ਾ ਕੁਰਾਲੀ ਦੇ ਚੌਧਰੀ ਤੋਂ 500 ਰੁਪਏ ਵਿਚ ਲਿਆ ਹੈ। ਕੁਰਾਲੀ ਪੁਲਸ ਨੇ ਇਸ ਮਾਮਲੇ ਵਿਚ ਦਲਜੀਤ ਸਿੰਘ ਪੁੱਤਰ ਸੁਰਿੰਦਰ ਸਿੰਘ ਤੇ ਬਹਾਦਰ ਸਿੰਘ ਪੁੱਤਰ ਬੁੱਧ ਸਿੰਘ (ਦੋਵੇਂ ਵਾਸੀ ਪਿੰਡ ਪੱਥਰਮਾਜਰਾ, ਜ਼ਿਲਾ ਰੂਪਨਗਰ) ਤੇ ਗੁਰਦੇਵ ਸਿੰਘ ਵਾਸੀ ਕੁਰਾਲੀ ਖਿਲਾਫ਼ ਮਾਮਲਾ ਦਰਜ ਕਰਕੇ ਦੋਵਾਂ ਨੂੰ ਅਦਾਲਤ ਵਿਚ ਪੇਸ਼ ਕਰ ਦਿੱਤਾ ਹੈ, ਜਿਥੇ ਇਨ੍ਹਾਂ ਨੂੰ ਜੁਡੀਸ਼ੀਅਲ ਰਿਮਾਂਡ 'ਤੇ ਭੇਜ ਦਿੱਤਾ ਗਿਆ, ਜਦਕਿ ਪੁਲਸ ਇਨ੍ਹਾਂ ਨੂੰ ਨਸ਼ਾ ਸਪਲਾਈ ਕਰਨ ਵਾਲੇ ਗੁਰਦੇਵ ਸਿੰਘ ਦੀ ਭਾਲ ਕਰ ਰਹੀ ਹੈ।
ਇਸ ਮੌਕੇ ਗੱਲਬਾਤ ਕਰਦਿਆਂ ਦੀਪਿੰਦਰ ਸਿੰਘ ਬਰਾੜ ਥਾਣਾ ਮੁਖੀ ਸਦਰ ਕੁਰਾਲੀ ਨੇ ਕਿਹਾ ਕਿ ਜਲਦੀ ਹੀ ਪੁਲਸ ਤੀਸਰੇ ਦੋਸ਼ੀ ਨੂੰ ਵੀ ਗ੍ਰਿਫ਼ਤਾਰ ਕਰ ਲਏਗੀ ਤੇ ਉਸ ਦੀ ਭਾਲ ਵਿਚ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ।
ਸਮਰਾਲਾ ਪੁਲਸ ਵਲੋਂ ਦੋ ਹੋਰ ਨਸ਼ਾ ਸਮੱਗਲਰ ਗ੍ਰਿਫ਼ਤਾਰ
NEXT STORY