ਮੋਹਾਲੀ (ਕੁਲਦੀਪ) - ਜ਼ਿਲਾ ਪ੍ਰਬੰਧਕੀ ਕੰਪਲੈਕਸ ਦੇ ਬਾਹਰ ਇਕ ਮੋਟਰਸਾਈਕਲ 'ਤੇ ਆਏ ਦੋ ਝਪਟਮਾਰ ਇਕ ਔਰਤ ਦਾ ਪਰਸ ਝਪਟ ਕੇ ਫਰਾਰ ਹੋ ਗਏ, ਜਿਵੇਂ ਹੀ ਔਰਤ ਨੇ ਰੌਲਾ ਪਾਇਆ ਤਾਂ ਕੋਲੋਂ ਲੰਘ ਰਹੀ ਇਕ ਕਾਰ 'ਚ ਸਵਾਰ ਵਿਅਕਤੀਆਂ ਨੇ ਮੋਟਰਸਾਈਕਲ ਦਾ ਪਿੱਛਾ ਕੀਤਾ । ਆਪਣੇ ਪਿੱਛੇ ਕਾਰ ਆਉਂਦੀ ਦੇਖ ਕੇ ਝਪਟਮਾਰ ਪਰਸ ਹੇਠਾਂ ਸੁੱਟ ਕੇ ਫਰਾਰ ਹੋ ਗਏ । ਇਸ ਦੌਰਾਨ ਔਰਤ ਨੇ ਪੁਲਸ ਕੰਟਰੋਲ ਰੂਮ 'ਤੇ ਵੀ ਫੋਨ ਕਰਕੇ ਸੂਚਿਤ ਕੀਤਾ, ਜਿਸ ਦੌਰਾਨ ਪੀ. ਸੀ. ਆਰ. ਕਰਮਚਾਰੀ ਮੌਕੇ 'ਤੇ ਪਹੁੰਚ ਗਏ।
ਝਪਟਮਾਰੀ ਦਾ ਸ਼ਿਕਾਰ ਹੋਈ ਰੀਟਾ ਨਿਵਾਸੀ ਬਨੂੜ ਨੇ ਦੱਸਿਆ ਕਿ ਅੱਜ ਦੁਪਹਿਰ ਨੂੰ ਉਹ ਡੀ. ਸੀ. ਦਫਤਰ 'ਚ ਕਿਸੇ ਕੰਮ ਲਈ ਆਈ ਸੀ । ਜਦੋਂ ਉਹ ਆਪਣਾ ਕੰਮ ਖਤਮ ਕਰਕੇ ਘਰ ਜਾਣ ਲਈ ਬਾਹਰ ਬੱਸ ਲੈਣ ਲਈ ਪੈਦਲ ਜਾ ਰਹੀ ਸੀ ਤਾਂ ਪਿੱਛੋਂ ਇਕ ਕਾਲੇ ਰੰਗ ਦੇ ਮੋਟਰਸਾਈਕਲ 'ਤੇ ਦੋ ਨੌਜਵਾਨ ਉਸਦਾ ਪਰਸ ਝਪਟ ਕੇ ਫਰਾਰ ਹੋ ਗਏ। ਉਸਦੇ ਵੱਡੇ ਪਰਸ 'ਚ ਇਕ ਛੋਟਾ ਪਰਸ ਸੀ, ਜਿਸ 'ਚ ਉਸਨੇ ਪੈਸੇ ਪਾਏ ਹੋਏ ਸਨ । ਝਪਟਮਾਰ ਭਾਵੇਂ ਉਸਦਾ ਪਰਸ ਹੇਠਾਂ ਸੁੱਟ ਕੇ ਫਰਾਰ ਹੋ ਗਏ ਪਰ ਜਾਂਦੇ-ਜਾਂਦੇ ਉਹ ਪੈਸਿਆਂ ਵਾਲਾ ਛੋਟਾ ਪਰਸ ਕੱਢ ਕੇ ਲੈ ਗਏ ।
ਸੰਪਰਕ ਕਰਨ 'ਤੇ ਪੁਲਸ ਸਟੇਸ਼ਨ ਸੋਹਾਣਾ ਦੇ ਐੱਸ. ਐੱਚ. ਓ. ਰਾਜਨ ਪਰਮਿੰਦਰ ਨੇ ਕਿਹਾ ਕਿ ਇਕ ਨੌਜਵਾਨ ਨੂੰ ਹਿਰਾਸਤ 'ਚ ਲਿਆ ਗਿਆ ਹੈ, ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ । ਝਪਟਮਾਰਾਂ ਦਾ ਕਾਰ ਚਾਲਕਾਂ ਨੇ ਪਿੱਛਾ ਕੀਤਾ ਤਾਂ ਦੋਵੇਂ ਹੀ ਪਿੰਡ ਸੋਹਾਣਾ ਦੀ ਬਾਹਰੀ ਸੜਕ 'ਤੇ ਮੋਟਰਸਾਈਕਲ ਖੜ੍ਹਾ ਕਰਕੇ ਪੈਦਲ ਭੱਜ ਨਿਕਲੇ । ਇਕ ਝਪਟਮਾਰ ਫਰਾਰ ਹੋਣ 'ਚ ਕਾਮਯਾਬ ਹੋ ਗਿਆ ਪਰ ਦੂਜਾ ਪਿੰਡ ਦੇ ਗੰਦੇ ਪਾਣੀ ਵਾਲੇ ਛੱਪੜ 'ਚ ਜਾ ਵੜਿਆ । ਲੋਕਾਂ ਨੇ ਪਿੱਛਾ ਕਰਕੇ ਉਸ ਨੂੰ ਛੱਪੜ 'ਚੋਂ ਬਾਹਰ ਕੱਢ ਲਿਆਂਦਾ ਤੇ ਖੂਬ ਛਿੱਤਰ ਪਰੇਡ ਕੀਤੀ ਤੇ ਮੌਕੇ 'ਤੇ ਪੁੱਜੀ ਪੀ. ਸੀ. ਆਰ. ਨੂੰ ਸੌਂਪ ਦਿੱਤਾ । ਪੀ. ਸੀ. ਆਰ. ਨੇ ਉਸਨੂੰ ਸੋਹਾਣਾ ਥਾਣੇ ਵਿਚ ਪਹੁੰਚਾ ਦਿੱਤਾ ।
ਮੋਟਰਸਾਈਕਲ 'ਤੇ ਲਿਖਿਆ ਸੀ 'ਲੰਬੜਦਾਰ'
ਝਪਟਮਾਰਾਂ ਦਾ ਡਿਸਕਵਰ ਮੋਟਰਸਾਈਕਲ ਵੀ ਪੁਲਸ ਨੇ ਬਰਾਮਦ ਕੀਤਾ ਹੈ, ਜਿਸ ਦੇ ਅੱਗੇ ਨੰਬਰ ਪਲੇਟ 'ਤੇ 'ਲੰਬੜਦਾਰ' ਲਿਖਿਆ ਹੋਇਆ ਹੈ ਤੇ ਪਿਛਲੀ ਨੰਬਰ ਪਲੇਟ 'ਤੇ ਕੋਈ ਨੰਬਰ ਨਹੀਂ ਲਿਖਿਆ ਹੋਇਆ ਸੀ ।
ਤੇਜ਼ ਹਨੇਰੀ ਤੇ ਮੀਂਹ ਕਾਰਨ ਗਰੀਬ ਦਾ ਡਿੱਗਿਆ ਕੋਠਾ, ਔਰਤ ਦੀ ਮੌਤ
NEXT STORY