ਅੱਪਰਾ, (ਦੀਪਾ)- ਸ਼ਾਤਿਰ ਦਿਮਾਗ ਠੱਗ ਭੋਲੇ-ਭਾਲੇ ਲੋਕਾਂ ਨੂੰ ਨਿੱਤ ਨਵੇਂ ਦਿਨ ਨਵੇਂ ਤੋਂ ਨਵੇਂ ਤਰੀਕਿਆਂ ਨਾਲ ਠੱਗ ਰਹੇ ਹਨ। ਬੀਤੇ ਦਿਨ ਵੀ ਦੋ ਨੌਸਰਬਾਜ਼ ਠੱਗ ਕਰੀਬੀ ਪਿੰਡ ਚੱਕ ਸਾਹਬੂ ਤਹਿ. ਫਿਲੌਰ ਵਿਖੇ ਪਿੰਡ ਦੀਆਂ ਲਗਭਗ 27 ਅੌਰਤਾਂ ਨੂੰ ਹਜ਼ਾਰਾਂ ਰੁਪਏ ਦਾ ਚੂਨਾ ਲਾ ਕੇ ਫ਼ਰਾਰ ਹੋ ਗਏ। ਪੁਲਸ ਨੂੰ ਦਿੱਤੀ ਲਿਖਤੀ ਸ਼ਿਕਾਇਤ ’ਚ ਕੁਲਵੰਤ ਕੌਰ, ਚਰਨੀ, ਰੀਨਾ, ਚਰਨੀ, ਇੰਦਰਜੀਤ, ਬਿੰਦਰ, ਮਨਜੀਤ ਕੌਰ, ਕੁਲਵੰਤ ਕੌਰ, ਸਰਸਵਤੀ, ਨਿਰਮਲਾ ਦੇਵੀ ਤੇ ਹੋਰ ਅੌਰਤਾਂ ਨੇ ਦੱਸਿਆ ਕਿ ਬੀਤੇ ਦਿਨ ਪਿੰਡ ’ਚ ਦੋ ਵਿਅਕਤੀ ਆਏ। ਉਨ੍ਹਾਂ ਨੇ ਕਿਹਾ ਕਿ ਸਾਡਾ ਬਹੁਤ ਸਾਰੀਆਂ ਬੈਂਕਾਂ ਨਾਲ ਸੰਪਰਕ ਹੈ।
ਜੇਕਰ ਕਿਸੇ ਵੀ ਲੋਡ਼ਵੰਦ ਵਿਅਕਤੀ ਜਾਂ ਅੌਰਤ ਨੂੰ ਕਰਜ਼ੇ ਦੀ ਜ਼ਰੂਰਤ ਹੈ ਤਾਂ ਉਹ ਘੱਟ ਵਿਆਜ ਦਰ ’ਤੇ ਉਨ੍ਹਾਂ ਨੂੰ ਕਰਜ਼ਾ ਦਿਵਾ ਸਕਦੇ ਹਨ। ਠੱਗੀ ਦਾ ਸ਼ਿਕਾਰ ਹੋਈਆਂ ਅੌਰਤਾਂ ਨੇ ਅੱਗੇ ਦੱਸਿਆ ਕਿ ਅਸੀਂ ਉਨ੍ਹਾਂ ਝਾਂਸੇ ’ਚ ਆ ਕੇ ਆਪੋ-ਆਪਣੇ ਕਾਗਜ਼ਾਤ ਆਧਾਰ ਕਾਰਡ, ਪੈਨ ਕਾਰਡ, ਬੈਂਕ ਦੀ ਪਾਸ ਬੁੱਕ ਆਦਿ ਦੀਆਂ ਨਕਲਾਂ ਉਨ੍ਹਾਂ ਨੂੰ ਦੇ ਦਿੱਤੀਆਂ। ਸ਼ਿਕਾਇਤਕਰਤਾ ਅੌਰਤਾਂ ਨੇ ਅੱਗੇ ਦੱਸਿਆ ਕਿ ਉਨ੍ਹਾਂ ਨੇ ਸਾਡੇ ਕੋਲੋਂ ਇਕ ਮਸ਼ੀਨ ਦੇ ਉੱਪਰ ਫਿੰਗਰ ਪ੍ਰਿੰਟ ਵੀ ਲਏ। ਉਨ੍ਹਾਂ ਦੱਸਿਆ ਕਿ ਉਹ ਉਸ ਸਮੇਂ ਹੈਰਾਨ ਰਹਿ ਗਈਆਂ ਜਦੋਂ ਉਨ੍ਹਾਂ ਦੇ ਬੈਂਕ ਖਾਤਿਆਂ ’ਚ 9 ਸੌ ਰੁਪਏ ਤੋਂ ਲੈ ਕੇ 3 ਹਜ਼ਾਰ ਰੁਪਏ ਤੱਕ ਨਿਕਲ ਚੁੱਕੇ ਸਨ।
ਇਸ ਤਰ੍ਹਾਂ ਨੌਸਰਬਾਜ਼ ਠੱਗ ਉਨ੍ਹਾਂ ਨਾਲ ਹਾਈਟੈੱਕ ਤਰੀਕੇ ਨਾਲ ਹਜ਼ਾਰਾਂ ਰੁਪਏ ਦੀ ਠੱਗੀ ਮਾਰ ਕੇ ਰਫ਼ੂ-ਚੱਕਰ ਹੋ ਗਏ। ਇਸ ਸਬੰਧੀ ਏ. ਐੱਸ. ਆਈ. ਗੁਰਨਾਮ ਸਿੰਘ ਚੌਕੀ ਇੰਚਾਰਜ ਅੱਪਰਾ ਨੇ ਕਿਹਾ ਕਿ ਪੁਲਸ ਸਾਰੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ।
ਗੈਂਗਸਟਰ ਕਾਂਚਾ ਗੈਂਗ ਦੇ 2 ਮੈਂਬਰ ਗ੍ਰਿਫਤਾਰ, 1 ਫਰਾਰ
NEXT STORY